2 ਇਤਿਹਾਸ
ਲੇਖਕ
ਯਹੂਦੀ ਪਰੰਪਰਾ ਅਨੁਸਾਰ ਅਜ਼ਰਾ ਨੂੰ ਇਸ ਪੁਸਤਕ ਦਾ ਲੇਖਕ ਮੰਨਿਆ ਜਾਂਦਾ ਹੈ। 2 ਇਤਿਹਾਸ ਦੀ ਸ਼ੁਰੂਆਤ ਸੁਲੇਮਾਨ ਦੇ ਰਾਜ ਦੀ ਜਾਣਕਾਰੀ ਨਾਲ ਹੁੰਦੀ ਹੈ। ਸੁਲੇਮਾਨ ਦੀ ਮੌਤ ਤੋਂ ਬਾਅਦ ਰਾਜ ਵੰਡਿਆ ਗਿਆ। 2 ਇਤਿਹਾਸ ਦੀ ਪੁਸਤਕ ਜੋ ਕਿ 1 ਇਤਿਹਾਸ ਦੀ ਪੁਸਤਕ ਦਾ ਹੀ ਹਿੱਸਾ ਹੈ, ਇਬਰਾਨੀ ਲੋਕਾਂ ਦੇ ਇਤਿਹਾਸ ਨੂੰ ਜ਼ਾਰੀ ਰੱਖਦੀ ਹੈ, ਰਾਜਾ ਸੁਲੇਮਾਨ ਦੇ ਰਾਜ ਤੋਂ ਲੈ ਕੇ ਬਾਬਲ ਦੀ ਗੁਲਾਮੀ ਤੱਕ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 450-425 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਤਿਹਾਸ ਨੂੰ ਤਾਰੀਖ਼ ਦੇਣਾ ਬਹੁਤ ਔਖਾ ਹੁੰਦਾ ਹੈ, ਪਰ ਇਹ ਸ਼ਪੱਸਟ ਹੈ ਕਿ ਇਹ ਪੁਸਤਕ ਇਸਰਾਏਲ ਦੇ ਬਾਬਲ ਦੀ ਗੁਲਾਮੀ ਤੋਂ ਵਾਪਸ ਆਉਣ ਤੋਂ ਬਾਅਦ ਲਿਖੀ ਗਈ।
ਪ੍ਰਾਪਤ ਕਰਤਾ
ਪ੍ਰਾਚੀਨ ਯਹੂਦੀ ਲੋਕ ਅਤੇ ਬਾਅਦ ਦੇ ਬਾਈਬਲ ਦੇ ਸਾਰੇ ਪਾਠਕ।
ਉਦੇਸ਼
2 ਇਤਿਹਾਸ ਵਿੱਚ ਲਗਭਗ, 2 ਸਮੂਏਲ ਅਤੇ 2 ਰਾਜਿਆਂ ਦੀਆਂ ਪੁਸਤਕਾਂ ਨਾਲ ਮਿਲਦੀ-ਜੁਲਦੀ ਜਾਣਕਾਰੀ ਸ਼ਾਮਿਲ ਹੈ। 2 ਇਤਿਹਾਸ ਦੀ ਪੁਸਤਕ ਉਸ ਸਮੇਂ ਦੇ ਜਾਜਕਾਂ ਦੇ ਪਹਿਲੂ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰਦੀ ਹੈ। 2 ਇਤਿਹਾਸ ਦੀ ਪੁਸਤਕ ਮੂਲ ਰੂਪ ਵਿੱਚ ਦੇਸ ਦੇ ਧਾਰਮਿਕ ਇਤਿਹਾਸ ਦਾ ਮੁਲਾਂਕਣ ਕਰਦੀ ਹੈ।
ਵਿਸ਼ਾ-ਵਸਤੂ
ਇਸਰਾਏਲ ਦੀ ਆਤਮਿਕ ਵਿਰਾਸਤ
ਰੂਪ-ਰੇਖਾ
1. ਸੁਲੇਮਾਲ ਦੇ ਅਧੀਨ ਇਸਰਾਏਲ ਦਾ ਇਤਿਹਾਸ — 1:1-9:31
2. ਰਹਬੁਆਮ ਤੋਂ ਆਹਾਜ਼ ਤੱਕ — 10:1-28:27
3. ਹਿਜ਼ਕੀਯਾਹ ਤੋਂ ਯਹੂਦਾਹ ਦੇ ਅੰਤ ਤੱਕ — 29:1-36:23
1
ਬੁੱਧੀ ਦੇ ਲਈ ਸੁਲੇਮਾਨ ਦੀ ਪ੍ਰਾਰਥਨਾ
1 ਰਾਜਾ 3:1-15
ਦਾਊਦ ਦਾ ਪੁੱਤਰ ਸੁਲੇਮਾਨ ਆਪਣੇ ਰਾਜ ਉੱਤੇ ਦ੍ਰਿੜ੍ਹ ਹੋ ਗਿਆ, ਯਹੋਵਾਹ ਉਹ ਦਾ ਪਰਮੇਸ਼ੁਰ ਉਹ ਦੇ ਨਾਲ ਸੀ ਅਤੇ ਉਹ ਨੂੰ ਬਹੁਤ ਵਧਾਇਆ। ਸੁਲੇਮਾਨ ਨੇ ਸਾਰੇ ਇਸਰਾਏਲ ਨਾਲ ਅਰਥਾਤ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰਾਂ, ਨਿਆਂਈਆਂ ਤੇ ਸਾਰੇ ਅਧਿਕਾਰੀਆਂ ਅਤੇ ਸਾਰੇ ਇਸਰਾਏਲੀਆਂ ਦੇ ਪੁਰਖਿਆਂ ਦੇ ਮੁਖੀਆਂ ਨਾਲ ਗੱਲਾਂ ਕੀਤੀਆਂ। ਸੁਲੇਮਾਨ ਸਾਰੀ ਸਭਾ ਦੇ ਨਾਲ ਉਸ ਉੱਚੇ ਥਾਂ ਨੂੰ ਗਿਆ ਜੋ ਗਿਬਓਨ ਵਿੱਚ ਸੀ, ਕਿਉਂ ਜੋ ਪਰਮੇਸ਼ੁਰ ਦੀ ਮੰਡਲੀ ਦਾ ਤੰਬੂ ਜਿਸ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਜਾੜ ਵਿੱਚ ਬਣਾਇਆ ਸੀ, ਉੱਥੇ ਹੀ ਸੀ। ਪਰ ਪਰਮੇਸ਼ੁਰ ਦੇ ਸੰਦੂਕ ਨੂੰ ਦਾਊਦ ਕਿਰਯਥ-ਯਾਰੀਮ ਤੋਂ ਉਸ ਥਾਂ ਲੈ ਆਇਆ ਸੀ ਜੋ ਦਾਊਦ ਨੇ ਉਹ ਦੇ ਲਈ ਤਿਆਰ ਕੀਤਾ ਸੀ, ਕਿਉਂ ਜੋ ਉਸ ਨੇ ਉਹ ਦੇ ਲਈ ਯਰੂਸ਼ਲਮ ਵਿੱਚ ਇੱਕ ਤੰਬੂ ਖੜ੍ਹਾ ਕੀਤਾ ਸੀ। ਪਿੱਤਲ ਦੀ ਜੋ ਜਗਵੇਦੀ ਊਰੀ ਦੇ ਪੁੱਤਰ ਹੂਰ ਦੇ ਪੋਤੇ ਬਸਲਏਲ ਨੇ ਬਣਾਈ ਸੀ, ਉੱਥੇ ਯਹੋਵਾਹ ਦੇ ਡੇਰੇ ਦੇ ਸਾਹਮਣੇ ਸੀ, ਜਿੱਥੇ ਸੁਲੇਮਾਨ ਤੇ ਸਭਾ ਉਸਤਤ ਕਰਦੇ ਹੁੰਦੇ ਸਨ। ਸੁਲੇਮਾਨ ਉੱਧਰ ਯਹੋਵਾਹ ਦੇ ਸਾਹਮਣੇ ਵਾਲੀ ਪਿੱਤਲ ਦੀ ਜਗਵੇਦੀ ਦੇ ਕੋਲ ਉੱਪਰ ਵੱਲ ਗਿਆ ਜੋ ਮੰਡਲੀ ਦੇ ਤੰਬੂ ਕੋਲ ਸੀ, ਅਤੇ ਉਹ ਦੇ ਉੱਤੇ ਇੱਕ ਹਜ਼ਾਰ ਹੋਮ ਦੀਆਂ ਬਲੀਆਂ ਚੜ੍ਹਾਈਆਂ। ਉਸੇ ਰਾਤ ਪਰਮੇਸ਼ੁਰ ਨੇ ਸੁਲੇਮਾਨ ਨੂੰ ਦਰਸ਼ਣ ਦਿੱਤਾ ਤੇ ਉਹ ਨੂੰ ਆਖਿਆ, ਮੰਗ ਮੈਂ ਤੈਨੂੰ ਕੀ ਦੇਵਾਂ? ਸੁਲੇਮਾਨ ਨੇ ਪਰਮੇਸ਼ੁਰ ਨੂੰ ਆਖਿਆ, ਤੂੰ ਆਪ ਮੇਰੇ ਪਿਤਾ ਦਾਊਦ ਉੱਤੇ ਵੱਡੀ ਦਯਾ ਕੀਤੀ ਅਤੇ ਉਹ ਦੇ ਥਾਂ ਮੈਨੂੰ ਪਾਤਸ਼ਾਹ ਬਣਾਇਆ ਹੈ ਹੁਣ ਯਹੋਵਾਹ ਪਰਮੇਸ਼ੁਰ, ਜੋ ਬਚਨ ਤੂੰ ਮੇਰੇ ਪਿਤਾ ਦਾਊਦ ਨਾਲ ਕੀਤਾ ਉਹ ਕਾਇਮ ਰਹੇ ਕਿਉਂ ਜੋ ਤੂੰ ਮੈਨੂੰ ਅਜਿਹੀ ਪਰਜਾ ਦਾ ਰਾਜਾ ਬਣਾਇਆ ਜੋ ਧਰਤੀ ਦੀ ਧੂੜ ਵਾਂਗੂੰ ਬਹੁਤ ਜ਼ਿਆਦਾ ਹੈ 10 ਜੋ ਤੂੰ ਮੈਨੂੰ ਬੁੱਧ ਤੇ ਗਿਆਨ ਦੇ ਕਿ ਮੈਂ ਇਨ੍ਹਾਂ ਲੋਕਾਂ ਦੇ ਅੱਗੇ ਅੰਦਰ ਬਾਹਰ ਆਇਆ ਜਾਇਆ ਕਰਾਂ ਕਿਉਂ ਜੋ ਤੇਰੀ ਐਨੀ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ। 11 ਤਦ ਪਰਮੇਸ਼ੁਰ ਨੇ ਸੁਲੇਮਾਨ ਨੂੰ ਆਖਿਆ, ਇਸ ਲਈ ਜੋ ਤੇਰੇ ਮਨ ਵਿੱਚ ਇਹ ਗੱਲ ਸੀ ਅਤੇ ਤੂੰ ਨਾ ਤਾਂ ਧਨ ਦੌਲਤ, ਨਾ ਪਤ, ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਤੇ ਨਾ ਹੀ ਵੱਡੀ ਉਮਰ ਮੰਗੀ ਸਗੋਂ ਤੂੰ ਆਪਣੇ ਲਈ ਬੁੱਧ ਤੇ ਗਿਆਨ ਮੰਗਿਆ ਤਾਂ ਜੋ ਮੇਰੀ ਇਸ ਪਰਜਾ ਦਾ ਨਿਆਂ ਕਰੇਂ ਜਿਨ੍ਹਾਂ ਦਾ ਮੈਂ ਤੈਨੂੰ ਪਾਤਸ਼ਾਹ ਬਣਾਇਆ ਹੈ। 12 ਬੁੱਧ ਤੇ ਗਿਆਨ ਤੈਨੂੰ ਦਿੱਤਾ ਜਾਂਦਾ ਹੈ ਤੇ ਨਾਲੇ ਤੈਨੂੰ ਬਹੁਤ ਧਨ ਦੌਲਤ ਤੇ ਸਭ ਕੁਝ ਦਿਆਂਗਾ ਜੋ ਨਾ ਤਾਂ ਤੇਰੇ ਤੋਂ ਪਹਿਲਾਂ ਦੇ ਪਾਤਸ਼ਾਹ ਦੇ ਕੋਲ ਸੀ ਤੇ ਨਾ ਹੀ ਤੇਰੇ ਮਗਰੋਂ ਆਉਣ ਵਾਲਿਆਂ ਦੇ ਕੋਲ ਹੋਵੇਗਾ। 13 ਸੁਲੇਮਾਨ ਗਿਬਓਨ ਦੇ ਉੱਚੇ ਥਾਂ ਤੋਂ ਮਿਲਾਪ ਵਾਲੇ ਤੰਬੂ ਦੇ ਅੱਗਿਓਂ ਯਰੂਸ਼ਲਮ ਨੂੰ ਆਇਆ ਅਤੇ ਇਸਰਾਏਲ ਉੱਤੇ ਰਾਜ ਕਰਨ ਲੱਗਾ।
ਰਾਜਾ ਸੁਲੇਮਾਨ ਦੀ ਸਾਮਰਥ ਅਤੇ ਭੜਕ
1 ਰਾਜਾ 10:26-29
14 ਸੁਲੇਮਾਨ ਨੇ ਰੱਥ ਤੇ ਸਵਾਰ ਇਕੱਠੇ ਕਰ ਲਏ ਅਤੇ ਉਹ ਦੇ ਕੋਲ ਚੌਦਾਂ ਸੌ ਰੱਥ ਅਤੇ ਬਾਰਾਂ ਹਜ਼ਾਰ ਘੋੜ ਸਵਾਰ ਸਨ ਅਤੇ ਉਹ ਨੇ ਉਨ੍ਹਾਂ ਨੂੰ ਰੱਥਾਂ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਵਿੱਚ ਪਾਤਸ਼ਾਹ ਦੇ ਕੋਲ ਰੱਖ ਦਿੱਤਾ। 15 ਪਾਤਸ਼ਾਹ ਨੇ ਯਰੂਸ਼ਲਮ ਵਿੱਚ ਚਾਂਦੀ ਤੇ ਸੋਨੇ ਨੂੰ ਪੱਥਰਾਂ ਵਾਂਗੂੰ ਅਤੇ ਦਿਆਰ ਦੇ ਦਰਖ਼ਤਾਂ ਨੂੰ ਗੁੱਲਰ ਦੇ ਉਨ੍ਹਾਂ ਦਰਖ਼ਤਾਂ ਵਾਂਗੂੰ ਕਰ ਦਿੱਤਾ ਜੋ ਬੇਟ ਵਿੱਚ ਬਹੁਤ ਹੁੰਦੇ ਹਨ ਅਤੇ ਪਾਤਸ਼ਾਹ ਦੇ ਕੋਲ ਜੋ ਘੋੜੇ ਸਨ ਉਹ ਮਿਸਰ ਤੋਂ ਆਉਂਦੇ ਸਨ ਅਤੇ ਪਾਤਸ਼ਾਹ ਦੇ ਵਪਾਰੀ ਹੇੜਾਂ ਦਾ ਮੁੱਲ ਕਰਕੇ ਲਿਆਉਂਦੇ ਹੁੰਦੇ ਸਨ। 16 ਉਹ ਮਿਸਰ ਵਿੱਚੋਂ ਭਾਅ ਬਣਾ ਕੇ ਇੱਕ ਰੱਥ ਛੇ ਸੌ ਰੁਪਏ ਨੂੰ ਅਤੇ ਇੱਕ ਘੋੜਾ ਡੇਢ ਸੌ ਰੁਪਏ ਨੂੰ ਲਿਆਉਂਦੇ ਸਨ ਅਤੇ ਇਸੇ ਤਰ੍ਹਾਂ ਹਿੱਤੀਆਂ ਦੇ ਸਾਰੇ ਪਾਤਸ਼ਾਹਾਂ ਅਤੇ ਅਰਾਮ ਦੇ ਪਾਤਸ਼ਾਹਾਂ ਦੇ ਲਈ ਉਨ੍ਹਾਂ ਦੇ ਰਾਹੀਂ ਉਨ੍ਹਾਂ ਨੂੰ ਲਿਆਉਂਦੇ ਸਨ। 17 ਸੁਲੇਮਾਨ ਦੇ ਵਪਾਰੀ ਮਿਸਰ ਤੋਂ ਇੱਕ ਰੱਥ ਚਾਂਦੀ ਦੇ ਛੇ ਸੌ ਰੁਪਏ ਦਾ ਅਤੇ ਇੱਕ ਘੋੜਾ ਚਾਂਦੀ ਦੇ ਡੇਢ ਸੌ ਰੁਪਏ ਖਰੀਦਦੇ ਸਨ। ਫ਼ੇਰ ਉਨ੍ਹਾਂ ਨੇ ਇਹ ਘੋੜੇ ਅਤੇ ਰੱਥ ਹਿੱਤੀ ਲੋਕਾਂ ਦੇ ਰਾਜਿਆਂ ਅਤੇ ਅਰਾਮ ਦੇ ਰਾਜਿਆਂ ਨੂੰ ਵੇਚ ਦਿੱਤੇ।