ਯਸਾਯਾਹ
ਲੇਖਕ
ਯਸਾਯਾਹ ਦੀ ਪੁਸਤਕ ਦਾ ਨਾਮ ਇਸ ਦੇ ਲੇਖਕ ਯਸਾਯਾਹ ਦੇ ਨਾਮ ਤੇ ਰੱਖਿਆ ਗਿਆ ਹੈ, ਉਸ ਦਾ ਵਿਆਹ ਇੱਕ ਨਬੀਆ ਨਾਲ ਹੋਇਆ ਸੀ, ਜਿਸ ਤੋਂ ਉਸ ਨੂੰ ਘੱਟੋ-ਘੱਟ ਦੋ ਪੁੱਤਰ ਪੈਦਾ ਹੋਏ ਸਨ (ਯਸਾਯਾਹ 7:3; 8:3)। ਉਸ ਨੇ ਯਹੂਦਾਹ ਦੇ ਚਾਰ ਰਾਜਿਆਂ ਅਰਥਾਤ ਉੱਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜ ਦੇ ਦੌਰਾਨ ਭਵਿੱਖਬਾਣੀ ਕੀਤੀ (1:1) ਅਤੇ ਸ਼ਾਇਦ ਪੰਜਵੇਂ ਅਰਥਾਤ ਦੁਸ਼ਟ ਰਾਜੇ ਮਨੱਸ਼ਹ ਦੇ ਰਾਜਕਾਲ ਵਿੱਚ ਉਸ ਨੂੰ ਮੌਤ ਪ੍ਰਾਪਤ ਹੋਈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 740-680 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਹ ਪੁਸਤਕ ਰਾਜਾ ਉੱਜ਼ੀਯਾਹ ਦੇ ਸ਼ਾਸਨਕਾਲ ਦੇ ਅੰਤ ਵਿੱਚ ਅਤੇ ਰਾਜਾ ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਰਾਜਕਾਲ ਦੇ ਦੌਰਾਨ ਲਿਖੀ ਗਈ।
ਪ੍ਰਾਪਤ ਕਰਤਾ
ਯਸਾਯਾਹ ਨੇ ਜਿਨ੍ਹਾਂ ਮੁਢਲੇ ਪਾਠਕਾਂ ਨੂੰ ਸੰਬੋਧਿਤ ਕੀਤਾ ਉਹ ਯਹੂਦਾਹ ਦੇ ਲੋਕ ਸਨ, ਜੋ ਪਰਮੇਸ਼ੁਰ ਦੇ ਨਿਯਮਾਂ ਦੀ ਮੰਗ ਅਨੁਸਾਰ ਜੀਵਨ ਬਿਤਾਉਣ ਵਿੱਚ ਅਸਫ਼ਲ ਹੋ ਰਹੇ ਸਨ।
ਉਦੇਸ਼
ਯਸਾਯਾਹ ਦਾ ਉਦੇਸ਼ ਸਾਨੂੰ ਪੂਰੇ ਪੁਰਾਣੇ ਨੇਮ ਵਿੱਚ ਯਿਸੂ ਮਸੀਹ ਦੀ ਇੱਕ ਵਿਸ਼ਾਲ ਭਵਿੱਖਬਾਣੀਆਂ ਦੀ ਤਸਵੀਰ ਪ੍ਰਦਾਨ ਕਰਨਾ ਹੈ। ਇਸ ਵਿੱਚ ਉਸ ਦੀ (ਮਸੀਹ ਦੀ) ਜ਼ਿੰਦਗੀ ਦਾ ਪੂਰਾ ਹਿੱਸਾ ਸ਼ਾਮਿਲ ਹੈ: ਉਸ ਦੇ ਆਉਣ ਦੀ ਘੋਸ਼ਣਾ (ਯਸਾਯਾਹ 40:3-5), ਉਸ ਦਾ ਕੁਆਰੀ ਦੁਆਰਾ ਜਨਮ (7:14), ਉਸ ਦੇ ਦੁਆਰਾ ਖੁਸ਼ਖ਼ਬਰੀ ਦਾ ਐਲਾਨ (61:1), ਉਸ ਦੀ ਕੁਰਬਾਨੀ ਦੀ ਮੌਤ (52:13-53:12), ਅਤੇ ਆਪਣਿਆਂ ਨੂੰ ਲੈਣ ਲਈ ਉਸ ਦੀ ਵਾਪਸੀ (60:2-3)। ਨਬੀ ਯਸਾਯਾਹ ਨੂੰ ਮੁੱਖ ਤੌਰ ਤੇ ਯਹੂਦਾਹ ਦੇ ਰਾਜ ਲਈ ਭਵਿੱਖਬਾਣੀ ਕਰਨ ਲਈ ਬੁਲਾਇਆ ਗਿਆ ਸੀ। ਯਹੂਦਾਹ ਬਹਾਲੀ ਅਤੇ ਬਗਾਵਤ ਦੇ ਸਮੇਂ ਤੋਂ ਹੋ ਕੇ ਜਾ ਰਿਹਾ ਸੀ। ਯਹੂਦਾਹ ਨੂੰ ਅੱਸ਼ੂਰ ਅਤੇ ਮਿਸਰ ਤੋਂ ਵਿਨਾਸ਼ ਦੀ ਧਮਕੀ ਦਿੱਤੀ ਗਈ ਸੀ, ਪਰ ਪਰਮੇਸ਼ੁਰ ਦੀ ਦਯਾ ਦੇ ਕਾਰਨ ਉਸ ਨੂੰ ਬਚਾ ਲਿਆ ਗਿਆ। ਯਸਾਯਾਹ ਨੇ ਪਾਪ ਤੋਂ ਤੋਬਾ ਕਰਨ ਅਤੇ ਭਵਿੱਖ ਵਿੱਚ ਪਰਮੇਸ਼ੁਰ ਦੇ ਛੁਟਕਾਰੇ ਦੀ ਆਸ ਦਾ ਸੰਦੇਸ਼ ਦਿੱਤਾ।
ਵਿਸ਼ਾ-ਵਸਤੂ
ਮੁਕਤੀ
ਰੂਪ-ਰੇਖਾ
1. ਯਹੂਦਾਹ ਦਾ ਵਿਦਰੋਹ — 1:1-12:6
2. ਦੂਸਰੇ ਦੇਸਾਂ ਦੇ ਵਿਰੁੱਧ ਵਿਦਰੋਹ — 13:1-23:18
3. ਭਵਿੱਖ ਵਿੱਚ ਬਿਪਤਾ — 24:1-27:13
4. ਇਸਰਾਏਲ ਅਤੇ ਯਹੂਦਾਹ ਦਾ ਵਿਦਰੋਹ — 28:1-35:10
5. ਹਿਜ਼ਕੀਯਾਹ ਅਤੇ ਯਸਾਯਾਹ ਦਾ ਇਤਿਹਾਸ — 36:1-38:22
6. ਬਾਬਲ ਦਾ ਪਿਛੋਕੜ — 39:1-47:15
7. ਸ਼ਾਂਤੀ ਲਈ ਪਰਮੇਸ਼ੁਰ ਦੀ ਯੋਜਨਾ — 48:1-66:24
1
ਆਮੋਸ ਦੇ ਪੁੱਤਰ ਯਸਾਯਾਹ ਦਾ ਦਰਸ਼ਣ, ਜਿਹੜਾ ਉਸ ਨੇ ਯਹੂਦਾਹ ਦੇ ਰਾਜਿਆਂ ਉੱਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਸ਼ਾਸਨ ਦਿਨਾਂ ਵਿੱਚ ਯਹੂਦਾਹ ਅਤੇ ਯਰੂਸ਼ਲਮ ਦੇ ਵਿਖੇ ਵੇਖਿਆ।
ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਦੀ ਤਾੜਨਾ
ਹੇ ਅਕਾਸ਼, ਸੁਣ ਅਤੇ ਹੇ ਧਰਤੀ, ਕੰਨ ਲਾ, ਯਹੋਵਾਹ ਇਹ ਫ਼ਰਮਾਉਂਦਾ ਹੈ, ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਅਤੇ ਉਨ੍ਹਾਂ ਨੂੰ ਵੱਡਾ ਕੀਤਾ ਪਰ ਉਹ ਮੇਰੇ ਵਿਰੁੱਧ ਹੋ ਗਏ। ਬਲ਼ਦ ਆਪਣੇ ਮਾਲਕ ਨੂੰ, ਅਤੇ ਗਧਾ ਆਪਣੇ ਸੁਆਮੀ ਦੀ ਖੁਰਲੀ ਨੂੰ ਜਾਣਦਾ ਹੈ, ਪਰ ਇਸਰਾਏਲ ਨਹੀਂ ਜਾਣਦਾ, ਮੇਰੀ ਪਰਜਾ ਨਹੀਂ ਸੋਚਦੀ ਹਾਏ, ਪਾਪੀ ਕੌਮ! ਬਦੀ ਨਾਲ ਲੱਦੇ ਹੋਏ ਲੋਕ, ਬੁਰਿਆਰਾਂ ਦੀ ਨਸਲ, ਕੁਕਰਮੀ ਪੁੱਤਰ! ਉਨ੍ਹਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਤੁੱਛ ਜਾਣਿਆ, ਉਹ ਪੂਰੀ ਤਰ੍ਹਾਂ ਹੀ ਬੇਮੁੱਖ ਹੋ ਗਏ। ਤੁਸੀਂ ਕਿਉਂ ਹੋਰ ਮਾਰ ਖਾਣਾ ਚਾਹੁੰਦੇ ਹੋ, ਤੁਸੀਂ ਕਿਉਂ ਵਿਦਰੋਹ ਕਰਨ ਤੇ ਅੜੇ ਰਹਿੰਦੇ ਹੋ? ਤੁਹਾਡਾ ਸਾਰਾ ਸਿਰ ਜ਼ਖਮਾਂ ਨਾਲ ਅਤੇ ਤੁਹਾਡਾ ਸਾਰਾ ਦਿਲ ਪੀੜ੍ਹਿਤ ਹੈ। ਪੈਰ ਦੀ ਤਲੀ ਤੋਂ ਸਿਰ ਤੱਕ ਉਸ ਵਿੱਚ ਤੰਦਰੁਸਤੀ ਨਹੀਂ, ਸਿਰਫ਼ ਸੱਟ, ਚੋਟ ਅਤੇ ਖੁੱਲ੍ਹੇ ਜ਼ਖਮ ਹਨ, ਜਿਹੜੇ ਨਾ ਸਾਫ਼ ਕੀਤੇ ਗਏ, ਨਾ ਬੰਨ੍ਹੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ। ਤੁਹਾਡਾ ਦੇਸ ਉਜਾੜ ਹੈ, ਤੁਹਾਡੇ ਨਗਰ ਅੱਗ ਨਾਲ ਸੜੇ ਪਏ ਹਨ, ਤੁਹਾਡੇ ਸਾਹਮਣੇ ਪਰਦੇਸੀ ਤੁਹਾਡੀ ਜ਼ਮੀਨ ਨੂੰ ਖਾਈ ਜਾਂਦੇ ਹਨ, ਅਤੇ ਉਹ ਅਜਿਹਾ ਉਜਾੜ ਹੋ ਗਿਆ ਹੈ ਜਿਵੇਂ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੋਵੇ। ਸੀਯੋਨ ਦੀ ਧੀ ਅਰਥਾਤ ਯਰੂਸ਼ਲਮ ਨਗਰੀ ਅੰਗੂਰੀ ਬਾਗ਼ ਦੇ ਛੱਪਰ ਵਾਂਗੂੰ ਛੱਡੀ ਗਈ, ਕਕੜੀਆਂ ਦੇ ਖੇਤ ਦੀ ਝੌਂਪੜੀ ਵਾਂਗੂੰ, ਜਾਂ ਘੇਰੇ ਹੋਏ ਨਗਰ ਵਾਂਗੂੰ ਇਕੱਲੀ ਖੜ੍ਹੀ ਹੈ।
ਜੇ ਸੈਨਾਂ ਦਾ ਯਹੋਵਾਹ ਸਾਡੀ ਕੁਝ ਰਹਿੰਦ-ਖੁਹੰਦ ਨਾ ਛੱਡਦਾ, ਤਾਂ ਅਸੀਂ ਸਦੂਮ ਅਤੇ ਅਮੂਰਾਹ ਸ਼ਹਿਰ ਜਿਹੇ ਹੋ ਜਾਂਦੇ।
10 ਹੇ ਸਦੂਮ ਸ਼ਹਿਰ ਦੇ ਆਗੂਓ, ਯਹੋਵਾਹ ਦਾ ਬਚਨ ਸੁਣੋ, ਹੇ ਅਮੂਰਾਹ ਦੇ ਲੋਕੋ, ਸਾਡੇ ਪਰਮੇਸ਼ੁਰ ਦੀ ਬਿਵਸਥਾ ਤੇ ਕੰਨ ਲਾਓ! 11 ਯਹੋਵਾਹ ਆਖਦਾ ਹੈ, ਮੈਨੂੰ ਤੁਹਾਡੀਆਂ ਬਲੀਆਂ ਦੀ ਬਹੁਤਾਇਤ ਨਾਲ ਕੀ ਕੰਮ?। ਮੈਂ ਤਾਂ ਮੇਂਢਿਆਂ ਦੀਆਂ ਹੋਮ ਬਲੀਆਂ ਨਾਲ, ਅਤੇ ਪਲੇ ਹੋਏ ਪਸ਼ੂਆਂ ਦੀ ਚਰਬੀ ਨਾਲ ਰੱਜ ਗਿਆ ਹਾਂ, ਬਲ਼ਦਾਂ ਜਾਂ ਲੇਲਿਆਂ ਜਾਂ ਬੱਕਰਿਆਂ ਦੇ ਲਹੂ ਨਾਲ ਮੈਂ ਪ੍ਰਸੰਨ ਨਹੀਂ ਹੁੰਦਾ।
12 ਜਦ ਤੁਸੀਂ ਮੇਰੇ ਸਨਮੁਖ ਹਾਜ਼ਰ ਹੁੰਦੇ ਹੋ, ਤਾਂ ਕੌਣ ਇਹ ਚਾਹੁੰਦਾ ਹੈ ਕਿ ਤੁਸੀਂ ਮੇਰੇ ਵੇਹੜਿਆਂ ਨੂੰ ਮਿੱਧੋ? 13 ਅੱਗੇ ਨੂੰ ਵਿਅਰਥ ਚੜ੍ਹਾਵੇ ਨਾ ਲਿਆਓ, ਤੁਹਾਡੀ ਧੂਪ ਮੇਰੇ ਲਈ ਘਿਣਾਉਣੀ ਹੈ, ਅਮੱਸਿਆ ਅਤੇ ਸਬਤ, ਸਭਾ ਦਾ ਦਿਨ - ਤੁਹਾਡੀ ਬਦੀ ਅਤੇ ਵਿਅਰਥ ਸਭਾਵਾਂ ਮੈਂ ਨਹੀਂ ਝੱਲ ਸਕਦਾ। 14 ਤੁਹਾਡੀਆਂ ਅਮੱਸਿਆ ਅਤੇ ਤੁਹਾਡੇ ਨਿਯੁਕਤ ਕੀਤੇ ਹੋਏ ਪਰਬਾਂ ਤੋਂ ਮੇਰੇ ਜੀ ਨੂੰ ਘਿਣ ਆਉਂਦੀ ਹੈ, ਉਹ ਮੇਰੇ ਲਈ ਬੋਝ ਹਨ, ਜਿਨ੍ਹਾਂ ਨੂੰ ਚੁੱਕਦੇ-ਚੁੱਕਦੇ ਮੈਂ ਥੱਕ ਗਿਆ ਹਾਂ! 15 ਜਦ ਤੁਸੀਂ ਆਪਣੇ ਹੱਥ ਪਸਾਰੋਗੇ, ਤਾਂ ਮੈਂ ਤੁਹਾਡੇ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਹੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ। 16 ਨਹਾਓ, ਆਪਣੇ ਆਪ ਨੂੰ ਪਵਿੱਤਰ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ, ਬੁਰਿਆਈ ਨੂੰ ਛੱਡ ਦਿਓ। 17 ਨੇਕੀ ਕਰਨਾ ਸਿੱਖੋ, ਨਿਆਂ ਨੂੰ ਭਾਲੋ, ਜ਼ਾਲਮ ਨੂੰ ਸੁਧਾਰੋ, ਯਤੀਮ ਦਾ ਨਿਆਂ ਕਰੋ, ਵਿਧਵਾ ਦਾ ਮੁਕੱਦਮਾ ਲੜੋ।
18 ਯਹੋਵਾਹ ਆਖਦਾ ਹੈ, ਆਓ, ਅਸੀਂ ਸਲਾਹ ਕਰੀਏ, ਭਾਵੇਂ ਤੁਹਾਡੇ ਪਾਪ ਕਿਰਮਚ ਵਰਗੇ ਸੁਰਖ਼ ਹੋਣ, ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ, ਭਾਵੇਂ ਉਹ ਲਾਲ ਸੂਹੇ ਹੋਣ, ਉਹ ਉੱਨ ਜਿਹੇ ਸਫ਼ੇਦ ਹੋ ਜਾਣਗੇ। 19 ਜੇ ਤੁਸੀਂ ਖੁਸ਼ੀ ਨਾਲ ਮੇਰੇ ਹੁਕਮ ਮੰਨੋ, ਤਾਂ ਤੁਸੀਂ ਦੇਸ ਦੇ ਉੱਤਮ ਪਦਾਰਥ ਖਾਓਗੇ। 20 ਪਰ ਜੇ ਤੁਸੀਂ ਨਾ ਮੰਨੋ ਅਤੇ ਵਿਦਰੋਹੀ ਹੋ ਜਾਓ, ਤਾਂ ਤੁਸੀਂ ਤਲਵਾਰ ਨਾਲ ਵੱਢੇ ਜਾਓਗੇ। ਇਹ ਯਹੋਵਾਹ ਦਾ ਮੁੱਖ ਵਾਕ ਹੈ।
ਭਰਿਸ਼ਟ ਨਗਰੀ
21 ਉਹ ਵਿਸ਼ਵਾਸਯੋਗ ਨਗਰੀ ਕਿਵੇਂ ਵੇਸਵਾ ਹੋ ਗਈ! ਜਿਹੜੀ ਨਿਆਂ ਨਾਲ ਭਰੀ ਹੋਈ ਸੀ ਅਤੇ ਜਿਸ ਦੇ ਵਿੱਚ ਧਰਮ ਵੱਸਦਾ ਸੀ, ਪਰ ਹੁਣ ਉੱਥੇ ਖੂਨੀ ਹੀ ਵੱਸਦੇ ਹਨ! 22 ਤੇਰੀ ਚਾਂਦੀ ਖੋਟ ਬਣ ਗਈ, ਤੇਰੀ ਮੈਅ ਵਿੱਚ ਪਾਣੀ ਮਿਲਿਆ ਹੋਇਆ ਹੈ। 23 ਤੇਰੇ ਹਾਕਮ ਜ਼ਿੱਦੀ ਅਤੇ ਚੋਰਾਂ ਦੇ ਸਾਥੀ ਹਨ, ਹਰੇਕ ਰਿਸ਼ਵਤ ਦਾ ਲਾਲਚੀ ਹੈ, ਅਤੇ ਨਜ਼ਰਾਨੇ ਦੇ ਪਿੱਛੇ ਪੈਂਦਾ ਹੈ, ਉਹ ਯਤੀਮ ਦਾ ਨਿਆਂ ਨਹੀਂ ਕਰਦੇ ਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਕੋਲ ਨਹੀਂ ਪਹੁੰਚਦਾ।
24 ਇਸ ਲਈ ਪ੍ਰਭੂ ਸੈਨਾਂ ਦੇ ਯਹੋਵਾਹ, ਇਸਰਾਏਲ ਦੇ ਸ਼ਕਤੀਮਾਨ ਦਾ ਵਾਕ ਹੈ, ਸੁਣੋ, ਮੈਂ ਆਪਣੇ ਵਿਰੋਧੀਆਂ ਤੋਂ ਅਰਾਮ ਪਾਵਾਂਗਾ, ਅਤੇ ਆਪਣੇ ਵੈਰੀਆਂ ਤੋਂ ਬਦਲਾ ਲਵਾਂਗਾ! 25 ਮੈਂ ਆਪਣਾ ਹੱਥ ਤੇਰੇ ਵਿਰੁੱਧ ਫੇਰਾਂਗਾ, ਮੈਂ ਤੇਰਾ ਖੋਟ ਤਾਕੇ ਸਿੱਕੇ ਨਾਲ ਕੱਢਾਂਗਾ, ਅਤੇ ਮੈਂ ਤੇਰੀ ਸਾਰੀ ਮਿਲਾਵਟ ਦੂਰ ਕਰਾਂਗਾ, 26 ਤਦ ਮੈਂ ਤੇਰੇ ਨਿਆਂਈਆਂ ਨੂੰ ਅੱਗੇ ਵਾਂਗੂੰ, ਅਤੇ ਤੇਰੇ ਸਲਾਹਕਾਰਾਂ ਨੂੰ ਪਹਿਲਾਂ ਵਾਂਗੂੰ ਬਹਾਲ ਕਰਾਂਗਾ, ਫੇਰ ਤੂੰ ਧਰਮੀ ਸ਼ਹਿਰ, ਸਤਵੰਤੀ ਨਗਰੀ ਸਦਾਵੇਂਗੀ।
27 ਸੀਯੋਨ ਨਿਆਂ ਨਾਲ ਅਤੇ ਉਹ ਦੇ ਤੋਬਾ ਕਰਨ ਵਾਲੇ ਧਰਮ ਨਾਲ ਛੁਟਕਾਰਾ ਪਾਉਣਗੇ। 28 ਪਰ ਅਪਰਾਧੀਆਂ ਅਤੇ ਪਾਪੀਆਂ ਦਾ ਨਾਸ ਇਕੱਠਾ ਹੀ ਹੋਵੇਗਾ, ਅਤੇ ਯਹੋਵਾਹ ਨੂੰ ਤਿਆਗਣ ਵਾਲੇ ਮੁੱਕ ਜਾਣਗੇ। 29 ਕਿਉਂ ਜੋ ਉਹ ਤਾਂ ਉਨ੍ਹਾਂ ਬਲੂਤਾਂ ਤੋਂ ਅਰਥਾਤ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਸੀ, ਲੱਜਿਆਵਾਨ ਹੋਣਗੇ, ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਸੀ, ਅਤੇ ਜਿਨ੍ਹਾਂ ਬਾਗ਼ਾਂ ਨੂੰ ਤੁਸੀਂ ਚੁਣਿਆ ਸੀ, ਉਨ੍ਹਾਂ ਦੇ ਕਾਰਨ ਤੁਸੀਂ ਖੱਜਲ ਹੋਵੋਗੇ। 30 ਤੁਸੀਂ ਤਾਂ ਉਸ ਬਲੂਤ ਵਾਂਗੂੰ ਜਿਸ ਦੇ ਪੱਤੇ ਕੁਮਲਾ ਗਏ ਹਨ, ਜਾਂ ਉਸ ਬਾਗ਼ ਵਾਂਗੂੰ ਹੋ ਜਾਓਗੇ ਜਿਸ ਦੇ ਵਿੱਚ ਪਾਣੀ ਨਹੀਂ। 31 ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ, ਅਤੇ ਉਹ ਦਾ ਕੰਮ ਚੰਗਿਆੜੇ ਜਿਹਾ। ਉਹ ਦੋਵੇਂ ਇਕੱਠੇ ਸੜਨਗੇ, ਅਤੇ ਕੋਈ ਬੁਝਾਉਣ ਵਾਲਾ ਨਹੀਂ ਹੋਵੇਗਾ।