ਯਾਕੂਬ ਦੀ ਪੱਤ੍ਰੀ
ਲੇਖਕ
ਇਸ ਪੱਤ੍ਰੀ ਦਾ ਲੇਖਕ ਯਾਕੂਬ ਹੈ (1:1), ਜੋ ਕਿ ਯਰੂਸ਼ਲਮ ਕਲੀਸਿਯਾ ਵਿੱਚ ਇੱਕ ਪ੍ਰਮੁੱਖ ਆਗੂ ਸੀ ਅਤੇ ਯਿਸੂ ਮਸੀਹ ਦਾ ਭਰਾ ਸੀ। ਯਾਕੂਬ ਯਿਸੂ ਮਸੀਹ ਦੇ ਕਈ ਭਰਾਵਾਂ ਵਿੱਚੋਂ ਇੱਕ ਸੀ, ਸ਼ਾਇਦ ਉਹ ਬਾਕੀ ਸਭ ਤੋਂ ਵੱਡਾ ਕਿਉਂਕਿ ਮੱਤੀ 13:55 ਵਿੱਚ ਦਿੱਤੀ ਗਈ ਸੂਚੀ ਵਿੱਚ ਉਸ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਪਹਿਲਾਂ ਤਾਂ ਉਹ ਯਿਸੂ ਉੱਤੇ ਵਿਸ਼ਵਾਸ ਨਹੀਂ ਕਰਦਾ ਸੀ, ਇੱਥੋਂ ਤੱਕ ਕਿ ਉਸ ਨੇ ਯਿਸੂ ਨੂੰ ਚੁਣੌਤੀ ਵੀ ਦਿੱਤੀ ਅਤੇ ਉਸ ਦੇ ਮਿਸ਼ਨ ਨੂੰ ਗਲਤ ਸਮਝਿਆ (ਯੂਹੰਨਾ 7:25)। ਬਾਅਦ ਵਿੱਚ ਉਹ ਕਲੀਸਿਯਾ ਵਿੱਚ ਬਹੁਤ ਪ੍ਰਮੁੱਖ ਵਿਅਕਤੀ ਬਣ ਗਿਆ। ਯਿਸੂ ਆਪਣੇ ਜੀ ਉੱਠਣ ਤੋਂ ਬਾਅਦ ਜਿਨ੍ਹਾਂ ਚੁਣੇ ਹੋਏ ਵਿਅਕਤੀਆਂ ਦੇ ਸਾਹਮਣੇ ਪ੍ਰਗਟ ਹੋਇਆ, ਯਾਕੂਬ ਉਨ੍ਹਾਂ ਵਿੱਚੋਂ ਇੱਕ ਸੀ (1 ਕੁਰਿੰਥੀਆਂ 15:7) ਪੌਲੁਸ ਉਸ ਨੂੰ ਕਲੀਸਿਯਾ ਦਾ ਇੱਕ ਥੰਮ੍ਹ ਆਖ ਕੇ ਸੰਬੋਧਿਤ ਕਰਦਾ ਹੈ (ਗਲਾਤੀਆਂ 2:9)।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 40-50 ਈ. ਦੇ ਵਿਚਕਾਰ ਲਿਖੀ ਗਈ।
50 ਈ. ਵਿੱਚ ਯਰੂਸ਼ਲਮ ਵਿੱਚ ਹੋਈ ਮਹਾਂਸਭਾ ਤੋਂ ਪਹਿਲਾਂ ਅਤੇ 70 ਈ. ਵਿੱਚ ਯਰੂਸ਼ਲਮ ਮੰਦਰ ਦੀ ਤਬਾਹੀ ਤੋਂ ਪਹਿਲਾਂ।
ਪ੍ਰਾਪਤ ਕਰਤਾ
ਜ਼ਿਆਦਾ ਸੰਭਾਵਨਾ ਇਹ ਹੈ ਕਿ ਇਸ ਪੱਤ੍ਰੀ ਦੇ ਪ੍ਰਾਪਤ ਕਰਤਾ ਯਹੂਦੀ ਵਿਸ਼ਵਾਸੀ ਸਨ, ਜੋ ਸਾਮਰਿਯਾ ਅਤੇ ਯਹੂਦੀਆ ਵਿੱਚ ਖਿੰਡੇ ਹੋਏ ਸਨ। ਫਿਰ ਵੀ, ਯਾਕੂਬ ਦੇ ਸ਼ੁਰੂਆਤੀ ਨਮਸਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ “ਉਨ੍ਹਾਂ ਬਾਰਾਂ ਗੋਤਾਂ ਨੂੰ ਜਿਹੜੇ ਸੰਸਾਰ ਭਰ ਵਿੱਚ ਖਿੰਡੇ ਹੋਏ ਹਨ” ਇਹ ਸਥਾਨ ਯਾਕੂਬ ਦੇ ਮੂਲ ਪਾਠਕਾਂ ਦੇ ਪ੍ਰਤੀ ਜ਼ਿਆਦਾ ਮਜ਼ਬੂਤ ਸੰਭਾਵਨਾਵਾਂ ਪੈਦਾ ਕਰਦੇ ਹਨ।
ਉਦੇਸ਼
ਯਾਕੂਬ ਦੇ ਉਦੇਸ਼ ਨੂੰ ਵਿਆਪਕ ਤੌਰ ਤੇ ਸਮਝਣ ਲਈ ਸਾਨੂੰ ਯਾਕੂਬ 1:2-4 ਵੱਲ ਵੇਖਣਾ ਚਾਹੀਦਾ ਹੈ। ਆਪਣੇ ਸ਼ੁਰੂਆਤੀ ਸ਼ਬਦਾਂ ਵਿੱਚ ਯਾਕੂਬ ਆਪਣੇ ਪਾਠਕਾਂ ਨੂੰ ਆਖਦਾ ਹੈ, “ਹੇ ਮੇਰੇ ਭਰਾਵੋ, ਜਦੋਂ ਤੁਸੀਂ ਭਾਂਤ-ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰੇ ਅਨੰਦ ਦੀ ਗੱਲ ਸਮਝੋ। ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦੀ ਪ੍ਰੀਖਿਆ ਧੀਰਜ ਨੂੰ ਪੈਦਾ ਕਰਦੀ ਹੈ।” ਇਹ ਭਾਗ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਯਾਕੂਬ ਦੇ ਪਾਠਕ ਕਈ ਪ੍ਰਕਾਰ ਦੇ ਪਰਤਾਵਿਆਂ ਦਾ ਸਾਹਮਣਾ ਕਰ ਰਹੇ ਸਨ। ਯਾਕੂਬ ਆਪਣੇ ਪਾਠਕਾਂ ਨੂੰ ਪਰਮੇਸ਼ੁਰ ਤੋਂ ਬੁੱਧ ਮੰਗਣ ਦੀ ਬੁਲਾਹਟ ਦਿੰਦਾ ਹੈ (1:5) ਤਾਂ ਜੋ ਉਹ ਆਪਣੇ ਪਰਤਾਵਿਆਂ ਵਿੱਚ ਅਨੰਦ ਪ੍ਰਾਪਤ ਕਰ ਸਕਣ। ਯਾਕੂਬ ਦੇ ਪਾਠਕਾਂ ਵਿੱਚੋਂ ਕੁਝ ਸਨ, ਜੋ ਵਿਸ਼ਵਾਸ ਤੋਂ ਬਹੁਤ ਦੂਰ ਭਟਕ ਚੁੱਕੇ ਸਨ। ਯਾਕੂਬ ਉਨ੍ਹਾਂ ਨੂੰ ਸੰਸਾਰ ਨਾਲ ਮਿੱਤਰਤਾ ਰੱਖਣ ਦੇ ਵਿਰੁੱਧ ਚੇਤਾਵਨੀ ਦਿੰਦਾ ਹੈ (4:4), ਯਾਕੂਬ ਵਿਸ਼ਵਾਸੀਆਂ ਨੂੰ ਨਿਰਦੇਸ਼ ਦਿੰਦਾ ਹੈ ਕਿ ਉਹ ਆਪਣੇ ਆਪ ਨੂੰ ਨਿਮਰ ਕਰਨ ਤਾਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਉੱਚਾ ਚੁੱਕੇ। ਉਸ ਨੇ ਸਿਖਾਇਆ ਸੀ ਕਿ ਪਰਮੇਸ਼ੁਰ ਦੇ ਅੱਗੇ ਨਿਮਰਤਾ ਬੁੱਧ ਦਾ ਮਾਰਗ ਹੈ (4:8-10)।
ਵਿਸ਼ਾ-ਵਸਤੂ
ਸੱਚਾ ਵਿਸ਼ਵਾਸ
ਰੂਪ-ਰੇਖਾ
1. ਸੱਚੇ ਧਰਮ ਦੇ ਵਿਖੇ ਯਾਕੂਬ ਦੀਆਂ ਹਿਦਾਇਤਾਂ — 1:1-27
2. ਸੱਚਾ ਵਿਸ਼ਵਾਸ ਚੰਗੇ ਕੰਮਾਂ ਦੁਆਰਾ ਦਿਖਾਈ ਦਿੰਦਾ ਹੈ — 2:1-3:12
3. ਸਹੀ ਬੁੱਧ ਪਰਮੇਸ਼ੁਰ ਤੋਂ ਮਿਲਦੀ ਹੈ — 3:13-5:20
1
ਨਮਸਕਾਰ
ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਦਾਸ ਯਾਕੂਬ ਦੇ ਵੱਲੋਂ, ਉਨ੍ਹਾਂ ਬਾਰਾਂ ਗੋਤਾਂ ਨੂੰ ਜਿਹੜੇ ਸੰਸਾਰ ਭਰ ਵਿੱਚ ਖਿੰਡੇ ਹੋਏ ਹਨ; ਸੁੱਖ ਸ਼ਾਂਤੀ ਹੋਵੇ।
ਪ੍ਰੀਖਿਆਵਾਂ ਅਤੇ ਪਰਤਾਵੇ
ਹੇ ਮੇਰੇ ਭਰਾਵੋ, ਜਦੋਂ ਤੁਸੀਂ ਭਾਂਤ-ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰੇ ਅਨੰਦ ਦੀ ਗੱਲ ਸਮਝੋ। ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦੀ ਪ੍ਰੀਖਿਆ ਧੀਰਜ ਨੂੰ ਪੈਦਾ ਕਰਦੀ ਹੈ। ਅਤੇ ਧੀਰਜ ਨੂੰ ਆਪਣਾ ਕੰਮ ਪੂਰਾ ਕਰ ਲੈਣ ਦੇਵੋ ਤਾਂ ਜੋ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ। ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ, ਜਿਹੜਾ ਉਹਨਾਂ ਸਾਰਿਆਂ ਨੂੰ ਖੁੱਲ੍ਹੇ ਦਿਲ ਦੇ ਨਾਲ ਬਿਨ੍ਹਾਂ ਉਲਾਂਭੇ ਦੇ ਦਿੰਦਾ ਹੈ ਜਿਹੜੇ ਉਸ ਕੋਲੋਂ ਮੰਗਦੇ ਹਨ, ਤਾਂ ਉਹ ਨੂੰ ਦਿੱਤੀ ਜਾਵੇਗੀ। ਪਰ ਵਿਸ਼ਵਾਸ ਨਾਲ ਮੰਗੇ, ਅਤੇ ਕੁਝ ਭਰਮ ਨਾ ਕਰੇ, ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਲਹਿਰ ਵਰਗਾ ਹੈ ਜਿਹੜੀ ਹਵਾ ਦੇ ਨਾਲ ਵਗਦੀ ਅਤੇ ਉੱਛਲਦੀ ਹੈ। ਅਜਿਹਾ ਮਨੁੱਖ ਇਹ ਨਾ ਸਮਝੇ ਕਿ ਪ੍ਰਭੂ ਦੇ ਕੋਲੋਂ ਮੈਨੂੰ ਕੁਝ ਮਿਲੇਗਾ। ਉਹ ਦੁਚਿੱਤਾ ਮਨੁੱਖ ਹੈ ਅਤੇ ਆਪਣੀਆਂ ਸਾਰੀਆਂ ਗੱਲਾਂ ਵਿੱਚ ਚੰਚਲ ਹੈ। ਪਰ ਉਹ ਭਰਾ ਜਿਹੜਾ ਦੀਨ ਹੈ, ਆਪਣੀ ਉੱਚੀ ਪਦਵੀ ਉੱਤੇ ਅਭਮਾਨ ਕਰੇ, 10 ਇਸ ਲਈ ਧਨਵਾਨ ਆਪਣੀ ਨੀਵੀਂ ਪਦਵੀ ਉੱਤੇ ਅਭਮਾਨ ਕਰੇ ਇਸ ਲਈ ਜੋ ਉਹ ਘਾਹ ਦੇ ਫੁੱਲ ਵਾਂਗੂੰ ਜਾਂਦਾ ਰਹੇਗਾ। 11 ਕਿਉਂ ਜੋ ਸੂਰਜ ਚੜ੍ਹਦਿਆਂ ਹੀ ਤੇਜ ਧੁੱਪ ਪੈਂਦੀ ਹੈ ਅਤੇ ਘਾਹ ਨੂੰ ਸੁਕਾ ਦਿੰਦੀ ਹੈ ਅਤੇ ਉਹ ਦਾ ਫੁੱਲ ਵੀ ਝੜ ਜਾਂਦਾ ਹੈ ਅਤੇ ਉਹ ਦੇ ਰੂਪ ਦੀ ਸੁੰਦਰਤਾ ਨਸ਼ਟ ਹੋ ਜਾਂਦੀ। ਇਸੇ ਤਰ੍ਹਾਂ ਧਨਵਾਨ ਵੀ ਆਪਣੀਆਂ ਚਾਲਾਂ ਵਿੱਚ ਕੁਮਲਾ ਜਾਵੇਗਾ। 12 ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ, ਕਿਉਂਕਿ ਜੇ ਉਹ ਖਰਾ ਨਿੱਕਲਿਆ ਤਾਂ ਉਹ ਨੂੰ ਜੀਵਨ ਦਾ ਉਹ ਮੁਕਟ ਪ੍ਰਾਪਤ ਹੋਵੇਗਾ ਜਿਸ ਦਾ ਪ੍ਰਭੂ ਨੇ ਆਪਣੇ ਪਿਆਰ ਕਰਨ ਵਾਲਿਆਂ ਨਾਲ ਵਾਇਦਾ ਕੀਤਾ ਹੈ। 13 ਜਦੋਂ ਕੋਈ ਮਨੁੱਖ ਪਰਤਾਇਆ ਜਾਵੇ ਤਾਂ ਉਹ ਇਹ ਨਾ ਆਖੇ ਕਿ ਮੈਂ ਪਰਮੇਸ਼ੁਰ ਦੇ ਵੱਲੋਂ ਪਰਤਾਇਆ ਜਾਂਦਾ ਹਾਂ, ਕਿਉਂ ਜੋ ਪਰਮੇਸ਼ੁਰ ਬੁਰੀਆਂ ਗੱਲਾਂ ਨਾਲ ਪਰਤਾਇਆ ਨਹੀਂ ਜਾਂਦਾ ਅਤੇ ਨਾ ਹੀ ਉਹ ਆਪ ਕਿਸੇ ਨੂੰ ਬੁਰੀਆਂ ਗੱਲਾਂ ਨਾਲ ਪਰਤਾਉਂਦਾ ਹੈ। 14 ਪਰ ਹਰ ਇੱਕ ਮਨੁੱਖ ਆਪਣੀਆਂ ਹੀ ਕਾਮਨਾਵਾਂ ਵਿੱਚ ਫਸ ਕੇ ਪਰਤਾਵੇ ਵਿੱਚ ਪੈਂਦਾ ਹੈ। 15 ਫੇਰ ਕਾਮਨਾ ਗਰਭਵਤੀ ਹੋ ਕੇ ਪਾਪ ਨੂੰ ਜਨਮ ਦਿੰਦੀ ਹੈ, ਅਤੇ ਪਾਪ ਜਦੋਂ ਵੱਧ ਜਾਂਦਾ ਹੈ ਤਾਂ ਉਹ ਮੌਤ ਨੂੰ ਜਨਮ ਦਿੰਦਾ ਹੈ। 16 ਹੇ ਮੇਰੇ ਪਿਆਰੇ ਭਰਾਵੋ, ਧੋਖਾ ਨਾ ਖਾਓ। 17 ਕਿਉਂਕਿ ਹਰ ਇੱਕ ਚੰਗਾ ਦਾਨ ਅਤੇ ਹਰ ਇੱਕ ਸੰਪੂਰਨ ਵਰਦਾਨ ਉਤਾਹਾਂ ਤੋਂ ਹੀ ਹੈ ਅਤੇ ਜੋਤਾਂ ਦੇ ਪਿਤਾ ਵੱਲੋਂ ਮਿਲਦਾ ਹੈ, ਜਿਹ ਦੇ ਵਿੱਚ ਨਾ ਤਾਂ ਕੋਈ ਬਦਲਾਵ ਹੋ ਸਕਦਾ ਹੈ, ਅਤੇ ਨਾ ਅਦਲ-ਬਦਲ ਦੇ ਕਾਰਨ ਪਰਛਾਵਾਂ ਪੈਂਦਾ ਹੈ। 18 ਉਸ ਨੇ ਆਪਣੀ ਹੀ ਮਰਜ਼ੀ ਨਾਲ ਸਾਨੂੰ ਸਚਿਆਈ ਦੇ ਬਚਨ ਨਾਲ ਜਨਮ ਦਿੱਤਾ ਤਾਂ ਜੋ ਅਸੀਂ ਉਹ ਦੀਆਂ ਰਚਨਾਂ ਵਿੱਚੋਂ ਪਹਿਲੇ ਫਲ ਜਿਹੇ ਹੋਈਏ।
ਸੁਣਨਾ ਅਤੇ ਕਰਨਾ
19 ਹੇ ਮੇਰੇ ਪਿਆਰੇ ਭਰਾਵੋ, ਇਹ ਗੱਲ ਤੁਸੀਂ ਜਾਣ ਲਵੋ ਕਿ ਹਰੇਕ ਮਨੁੱਖ ਸੁਣਨ ਵਿੱਚ ਤੇਜ ਅਤੇ ਬੋਲਣ ਵਿੱਚ ਧੀਮਾ ਅਤੇ ਕ੍ਰੋਧ ਵਿੱਚ ਵੀ ਧੀਮਾ ਹੋਵੇ। 20 ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੀ ਧਾਰਮਿਕਤਾ ਦਾ ਕੰਮ ਨਹੀਂ ਕਰਦਾ। 21 ਇਸ ਲਈ ਤੁਸੀਂ ਹਰ ਪ੍ਰਕਾਰ ਦੇ ਗੰਦ-ਮੰਦ ਅਤੇ ਵੈਰ-ਵਿਰੋਧ ਨੂੰ ਦੂਰ ਕਰ ਕੇ, ਉਸ ਬੀਜੇ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਮਰਤਾ ਨਾਲ ਕਬੂਲ ਕਰ ਲਵੋ। 22 ਪਰ ਬਚਨ ਉੱਤੇ ਅਮਲ ਕਰਨ ਵਾਲੇ ਬਣੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਕੇਵਲ ਸੁਣਨ ਵਾਲੇ ਹੀ ਨਾ ਹੋਵੋ। 23 ਕਿਉਂਕਿ ਜੇ ਕੋਈ ਬਚਨ ਦਾ ਸੁਣਨ ਵਾਲਾ ਹੀ ਹੋਵੇ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਾ ਹੋਵੇ, ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ। 24 ਅਤੇ ਆਪਣੇ ਆਪ ਨੂੰ ਵੇਖ ਕੇ ਚਲਿਆ ਜਾਂਦਾ ਹੈ ਅਤੇ ਉਸੇ ਵੇਲੇ ਭੁੱਲ ਜਾਂਦਾ ਹੈ ਕਿ ਮੈਂ ਕਿਹੋ ਜਿਹਾ ਸੀ। 25 ਪਰ ਜਿਹੜਾ ਇਨਸਾਨ ਅਜ਼ਾਦੀ ਦੀ ਸੰਪੂਰਨ ਬਿਵਸਥਾ ਉੱਤੇ ਗ਼ੌਰ ਨਾਲ ਧਿਆਨ ਕਰਦਾ ਰਹਿੰਦਾ ਹੈ, ਉਹ ਆਪਣੇ ਕੰਮ ਵਿੱਚ ਇਸ ਲਈ ਧੰਨ ਹੋਵੇਗਾ ਕਿ ਸੁਣ ਕੇ ਭੁੱਲਦਾ ਨਹੀਂ ਸਗੋਂ ਅਮਲ ਕਰਦਾ ਹੈ। 26 ਜੇ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਅਤੇ ਆਪਣੀ ਜੀਭ ਨੂੰ ਲਗਾਮ ਨਾ ਦੇਵੇ ਸਗੋਂ ਆਪਣੇ ਹੀ ਦਿਲ ਨੂੰ ਧੋਖਾ ਦੇਵੇ ਤਾਂ ਉਸ ਮਨੁੱਖ ਦੀ ਭਗਤੀ ਵਿਅਰਥ ਹੈ। 27 ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਕਿ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀਆਂ ਕਸ਼ਟਾਂ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਬੇਦਾਗ ਰੱਖਣਾ।