ਅੱਯੂਬ
ਲੇਖਕ
ਅਸਲ ਵਿੱਚ ਕੋਈ ਨਹੀਂ ਜਾਣਦਾ ਕਿ ਅੱਯੂਬ ਦੀ ਪੁਸਤਕ ਨੂੰ ਕਿਸ ਨੇ ਲਿਖਿਆ। ਕਿਸੇ ਲੇਖਕ ਦੀ ਪਛਾਣ ਨਹੀਂ ਕੀਤੀ ਗਈ। ਹੋ ਸਕਦਾ ਹੈ ਕਿ ਇਸ ਨੂੰ ਇੱਕ ਤੋਂ ਵੱਧ ਲੇਖਕਾਂ ਨੇ ਲਿਖਿਆ ਹੋਵੇ। ਸੰਭਵ ਹੈ ਕਿ ਅੱਯੂਬ ਦੀ ਪੁਸਤਕ ਬਾਈਬਲ ਦੀਆਂ ਸਾਰੀਆਂ ਪੁਸਤਕਾਂ ਨਾਲੋਂ ਪੁਰਾਣੀ ਹੈ। ਅੱਯੂਬ ਇੱਕ ਬਹੁਤ ਚੰਗਾ ਅਤੇ ਨੇਕ ਆਦਮੀ ਸੀ, ਜਿਸ ਨੇ ਅਸਹਿਣਯੋਗ ਤ੍ਰਾਸਦੀ ਨੂੰ ਆਪਣੇ ਜੀਵਨ ਵਿੱਚ ਝੱਲਿਆ, ਉਹ ਅਤੇ ਉਸ ਦੇ ਮਿੱਤਰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਉਸ ਦੇ ਉੱਤੇ ਅਜਿਹੀ ਬਿਪਤਾ ਕਿਉਂ ਆਣ ਪਈ। ਇਸ ਪੁਸਤਕ ਦੇ ਮੁੱਖ ਪਾਤਰ ਅੱਯੂਬ, ਅਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ, ਸੋਫ਼ਰ ਨਅਮਾਤੀ ਅਤੇ ਬੂਜ਼ੀ ਅਲੀਹੂ ਹਨ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਅਣਜਾਣ।
ਇਸ ਪੁਸਤਕ ਦੇ ਜ਼ਿਆਦਾਤਰ ਸੰਕੇਤ ਇਹ ਦਰਸਾਉਂਦੇ ਹਨ ਕਿ ਇਹ ਬਹੁਤ ਸਮਾਂ ਬਾਅਦ ਲਿਖੀ ਗਈ ਸ਼ਾਇਦ ਗੁਲਾਮੀ ਦੇ ਸਮੇਂ ਜਾਂ ਗੁਲਾਮੀ ਦੇ ਖਤਮ ਹੁੰਦਿਆਂ ਹੀ, ਅਤੇ ਹੋ ਸਕਦਾ ਹੈ ਕਿ ਏਲੀਹੂ ਦੇ ਅਧਿਆਏ ਇਸ ਤੋਂ ਵੀ ਬਾਅਦ ਵਿੱਚ ਲਿਖੇ ਗਏ ਹੋਣ।
ਪ੍ਰਾਪਤ ਕਰਤਾ
ਪ੍ਰਾਚੀਨ ਯਹੂਦੀ ਅਤੇ ਭਵਿੱਖ ਦੇ ਬਾਈਬਲ ਪਾਠਕ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅੱਯੂਬ ਦੀ ਪੁਸਤਕ ਦੇ ਮੂਲ ਪਾਠਕ ਗੁਲਾਮ ਇਸਰਾਏਲੀ ਲੋਕ ਸਨ, ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਪੁਸਤਕ ਦੇ ਜ਼ਰੀਏ ਮੂਸਾ ਉਨ੍ਹਾਂ ਨੂੰ ਦਿਲਾਸਾ ਦੇਣ ਦਾ ਜਤਨ ਕਰਦਾ ਹੈ, ਜਦ ਕਿ ਉਹ ਮਿਸਰ ਦੀ ਗੁਲਾਮੀ ਵਿੱਚ ਦੁੱਖ ਝੱਲ ਰਹੇ ਸਨ।
ਉਦੇਸ਼
ਅੱਯੂਬ ਦੀ ਪੁਸਤਕ ਸਾਨੂੰ ਹੇਠ ਲਿਖੀਆਂ ਗੱਲਾਂ ਸਮਝਣ ਵਿੱਚ ਮਦਦ ਕਰਦੀ ਹੈ: ਸ਼ੈਤਾਨ ਆਰਥਿਕ ਅਤੇ ਸਰੀਰਕ ਬਰਬਾਦੀ ਨਹੀਂ ਲਿਆ ਸਕਦਾ, ਪਰਮੇਸ਼ੁਰ ਦੇ ਕੋਲ ਇਹ ਨਿਰਧਾਰਿਤ ਕਰਨ ਦੀ ਸ਼ਕਤੀ ਹੈ ਕਿ ਸ਼ੈਤਾਨ ਕੀ ਕਰ ਸਕਦਾ ਹੈ ਅਤੇ ਕੀ ਨਹੀਂ ਕਰ ਸਕਦਾ। ਇਸ ਸੰਸਾਰ ਦੇ ਸਾਰੇ ਦੁੱਖਾਂ ਦੇ ਪਿੱਛੇ “ਕਿਉਂ” ਨੂੰ ਸਮਝਣਾ ਸਾਡੀ ਮਨੁੱਖੀ ਸਮਰੱਥਾ ਤੋਂ ਬਾਹਰ ਹੈ। ਦੁਸ਼ਟ ਲੋਕਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਮਿਲੇਗਾ। ਸਾਡੇ ਜੀਵਨ ਵਿੱਚ ਕਦੀ-ਕਦੀ ਆਤਮਾ ਨੂੰ ਸ਼ੁੱਧ ਕਰਨ ਲਈ, ਪ੍ਰੀਖਿਆ ਲੈਣ ਲਈ, ਕੁਝ ਸਿਖਾਉਣ ਲਈ ਜਾਂ ਸਾਨੂੰ ਮਜ਼ਬੂਤ ਕਰਨ ਲਈ ਦੁੱਖਾਂ ਨੂੰ ਸਾਡੇ ਜੀਵਨ ਵਿੱਚ ਆਉਣਾ ਦਿੱਤਾ ਜਾਂਦਾ ਹੈ।
ਵਿਸ਼ਾ-ਵਸਤੂ
ਦੁੱਖਾਂ ਦੁਆਰਾ ਅਸੀਸਾਂ
ਰੂਪ-ਰੇਖਾ
1. ਜਾਣ-ਪਹਿਚਾਣ ਅਤੇ ਸ਼ੈਤਾਨ ਦਾ ਹਮਲਾ — 1:1-2:13
2. ਅੱਯੂਬ ਆਪਣੇ ਦੁੱਖਾਂ ਬਾਰੇ ਆਪਣੇ ਮਿੱਤਰਾਂ ਨਾਲ ਵਿਚਾਰ ਕਰਦਾ ਹੈ — 3:1-31:40
3. ਅਲੀਹੂ ਪਰਮੇਸ਼ੁਰ ਦੀ ਭਲਿਆਈ ਬਾਰੇ ਦੱਸਦਾ ਹੈ — 32:1-37:24
4. ਪਰਮੇਸ਼ੁਰ ਆਪਣੀ ਪ੍ਰਭੂਸੱਤਾ ਨੂੰ ਅੱਯੂਬ ਉੱਤੇ ਪ੍ਰਗਟ ਕਰਦਾ ਹੈ — 38:1-41:34
5. ਪਰਮੇਸ਼ੁਰ ਅੱਯੂਬ ਨੂੰ ਬਹਾਲ ਕਰਦਾ ਹੈ — 42:1-17
1
ਅੱਯੂਬ ਦਾ ਡਾਢੀ ਪਰੀਖਿਆ ਵਿੱਚ ਪੈਣਾ
ਊਜ਼ ਦੇ ਦੇਸ ਵਿੱਚ ਅੱਯੂਬ ਨਾਮ ਦਾ ਇੱਕ ਨਿਰਦੋਸ਼ ਤੇ ਖਰਾ ਮਨੁੱਖ ਸੀ, ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬਦੀ ਤੋਂ ਦੂਰ ਰਹਿੰਦਾ ਸੀ। ਉਹ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ। ਉਹ ਦੇ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਜੋੜੀ ਬਲ਼ਦ ਅਤੇ ਪੰਜ ਸੌ ਗਧੀਆਂ ਅਤੇ ਬਹੁਤ ਸਾਰੇ ਨੌਕਰ-ਚਾਕਰ ਸਨ ਅਤੇ ਉਹ ਪੂਰਬ ਦੇਸ ਦੇ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ। ਉਹ ਦੇ ਪੁੱਤਰ ਵਾਰੋ-ਵਾਰੀ ਆਪਣੇ-ਆਪਣੇ ਘਰਾਂ ਵਿੱਚ ਦਾਵਤ ਕਰਦੇ ਹੁੰਦੇ ਸਨ, ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਖਾਣ-ਪੀਣ ਲਈ ਆਪਣੇ ਕੋਲ ਸੱਦਾ ਭੇਜਦੇ ਸਨ। ਜਦ ਉਨ੍ਹਾਂ ਦੀ ਦਾਵਤ ਦੇ ਦਿਨ ਬੀਤ ਜਾਂਦੇ ਤਦ ਅੱਯੂਬ ਉਨ੍ਹਾਂ ਨੂੰ ਸੱਦ ਲੈਂਦਾ ਅਤੇ ਉਨ੍ਹਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਨ੍ਹਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਸੀ, ਕਿਉਂ ਜੋ ਅੱਯੂਬ ਆਖਦਾ ਸੀ ਕਿਤੇ ਅਜਿਹਾ ਨਾ ਹੋਵੇ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਨੂੰ ਫਿਟਕਾਰਿਆ ਹੋਵੇ। ਅੱਯੂਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ।
ਇੱਕ ਦਿਨ ਅਜਿਹਾ ਹੋਇਆ ਕਿ ਪਰਮੇਸ਼ੁਰ ਦੇ ਦੂਤ ਆਏ ਤਾਂ ਜੋ ਯਹੋਵਾਹ ਦੇ ਸਨਮੁਖ ਆਪਣੇ ਆਪ ਨੂੰ ਹਾਜ਼ਰ ਕਰਨ, ਤਦ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ। ਤਦ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ?” ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, “ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਇੱਧਰ-ਉੱਧਰ ਫਿਰਦਾ ਆਇਆ ਹਾਂ।” ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, “ਕੀ ਤੂੰ ਮੇਰੇ ਦਾਸ ਅੱਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਹੈ, ਕਿਉਂਕਿ ਸਾਰੀ ਧਰਤੀ ਵਿੱਚ ਉਹ ਦੇ ਵਰਗਾ ਕੋਈ ਨਹੀਂ? ਉਹ ਖਰਾ ਅਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।” ਤਦ ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, “ਕੀ ਅੱਯੂਬ ਪਰਮੇਸ਼ੁਰ ਤੋਂ ਬਿਨ੍ਹਾਂ ਕਿਸੇ ਲਾਭ ਦੇ ਡਰਦਾ ਹੈ। 10 ਕੀ ਤੂੰ ਉਸ ਦੇ, ਉਸ ਦੇ ਘਰ ਦੇ ਅਤੇ ਜੋ ਕੁਝ ਉਸ ਦੇ ਕੋਲ ਹੈ ਉਸ ਦੇ ਆਲੇ-ਦੁਆਲੇ ਵਾੜ ਨਹੀਂ ਲਗਾਈ? ਤੂੰ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦਿੱਤੀ ਹੈ ਸੋ ਉਸ ਦੀ ਧਨ-ਸੰਪਤੀ ਸਾਰੇ ਦੇਸ ਵਿੱਚ ਵੱਧ ਗਈ ਹੈ। 11 ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੂਹ, ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ।” 12 ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, “ਵੇਖ, ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ। ਸਿਰਫ਼ ਉਸ ਨੂੰ ਹੱਥ ਨਾ ਲਾਵੀਂ।” ਤਦ ਸ਼ੈਤਾਨ ਯਹੋਵਾਹ ਦੇ ਹਜ਼ੂਰੋਂ ਚਲਿਆ ਗਿਆ।
ਅੱਯੂਬ ਦੇ ਬੱਚਿਆਂ ਅਤੇ ਸੰਪਤੀ ਦਾ ਨਾਸ
13 ਫਿਰ ਅਜਿਹਾ ਹੋਇਆ ਕਿ ਇੱਕ ਦਿਨ ਉਸ ਦੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ। 14 ਤਦ ਇੱਕ ਦੂਤ ਅੱਯੂਬ ਕੋਲ ਆਇਆ ਅਤੇ ਆਖਿਆ, “ਬਲ਼ਦ ਹਲੀਂ ਜੁੜੇ ਹੋਏ ਸਨ ਅਤੇ ਗਧੀਆਂ ਉਨ੍ਹਾਂ ਕੋਲ ਚਰ ਰਹੀਆਂ ਸਨ। 15 ਸ਼ਬਾ ਨਗਰ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਖੋਹ ਕੇ ਲੈ ਗਏ ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ! ਮੈਂ ਹੀ ਇਕੱਲਾ ਬਚ ਕੇ ਨਿੱਕਲਿਆ ਹਾਂ, ਜੋ ਤੈਨੂੰ ਦੱਸਾਂ।” 16 ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ, “ਪਰਮੇਸ਼ੁਰ ਦੀ ਅੱਗ ਅਕਾਸ਼ ਤੋਂ ਉਤਰੀ। ਉਸ ਨਾਲ ਭੇਡਾਂ ਅਤੇ ਜੁਆਨ ਭਸਮ ਹੋ ਗਏ! ਮੈਂ ਹੀ ਇਕੱਲਾ ਬਚ ਨਿੱਕਲਿਆ ਹਾਂ ਕਿ ਤੈਨੂੰ ਦੱਸਾਂ।” 17 ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਿਆ, “ਕਸਦੀ ਤਿੰਨ ਟੋਲੀਆਂ ਬਣਾ ਕੇ ਊਠਾਂ ਉੱਤੇ ਆ ਪਏ ਅਤੇ ਉਹ ਉਨ੍ਹਾਂ ਨੂੰ ਖੋਹ ਕੇ ਲੈ ਗਏ ਹਨ, ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ! ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ।” 18 ਉਹ ਵੀ ਅਜੇ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਣ ਲੱਗਾ, “ਤੇਰੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ, 19 ਤਦ ਵੇਖੋ, ਇੱਕ ਵੱਡੀ ਹਵਾ ਜੰਗਲ ਵੱਲੋਂ ਆਈ ਅਤੇ ਘਰ ਦੇ ਚੌਂਹਾਂ ਪਾਸਿਆਂ ਉੱਤੇ ਟੱਕਰ ਮਾਰੀ ਕਿ ਉਹ ਘਰ ਉਨ੍ਹਾਂ ਜੁਆਨਾਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ! ਮੈਂ ਹੀ ਇਕੱਲਾ ਬਚ ਨਿੱਕਲਿਆ ਹਾਂ ਕਿ ਤੈਨੂੰ ਦੱਸਾਂ।”
20 ਤਦ ਅੱਯੂਬ ਉੱਠਿਆ, ਉਸ ਨੇ ਦੁਖੀ ਹੋ ਕੇ ਆਪਣੇ ਕੱਪੜੇ ਪਾੜੇ, ਆਪਣਾ ਸਿਰ ਮੁਨਾ ਲਿਆ ਅਤੇ ਧਰਤੀ ਉੱਤੇ ਡਿੱਗ ਕੇ ਯਹੋਵਾਹ ਨੂੰ ਮੱਥਾ ਟੇਕਿਆ। 21 ਅਤੇ ਆਖਿਆ, “ਮੈਂ ਆਪਣੀ ਮਾਂ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਮੁੜ ਜਾਂਵਾਂਗਾ, ਯਹੋਵਾਹ ਨੇ ਦਿੱਤਾ ਯਹੋਵਾਹ ਨੇ ਲੈ ਲਿਆ, ਯਹੋਵਾਹ ਦਾ ਨਾਮ ਮੁਬਾਰਕ ਹੋਵੇ।”
22 ਇਹਨਾਂ ਸਾਰੀਆਂ ਗੱਲਾਂ ਵਿੱਚ ਨਾ ਤਾਂ ਅੱਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਬੇਸਮਝੀ ਨਾਲ ਦੋਸ਼ ਲਾਇਆ।