ਨਹੂਮ
ਲੇਖਕ
ਨਹੂਮ ਦੀ ਪੁਸਤਕ ਦਾ ਲੇਖਕ ਆਪਣੀ ਪਛਾਣ ਨਹੂਮ (ਇਬਰਾਨੀ ਵਿੱਚ “ਤਸੱਲੀ ਦੇਣ ਵਾਲਾ” ਜਾਂ “ਦਿਲਾਸਾ ਦੇਣ ਵਾਲਾ”) ਅਲਕੋਸ਼ੀ ਕਰਕੇ ਦਿੰਦਾ ਹੈ (1:1)। ਨਬੀ ਦੇ ਰੂਪ ਵਿੱਚ ਨਹੂਮ ਨੂੰ ਅੱਸ਼ੂਰ ਦੇ ਲੋਕਾਂ, ਖ਼ਾਸ ਕਰਕੇ ਉਨ੍ਹਾਂ ਦੀ ਰਾਜਧਾਨੀ ਨੀਨਵਾਹ ਦੇ ਲੋਕਾਂ ਵਿੱਚ ਤੋਬਾ ਕਰਨ ਦੀ ਬੇਨਤੀ ਕਰਨ ਲਈ ਭੇਜਿਆ ਗਿਆ ਸੀ। ਜਦ ਯੂਨਾਹ ਦਾ ਸੰਦੇਸ਼ ਸੁਣ ਕੇ ਨੀਨਵਾਹ ਦੇ ਲੋਕਾਂ ਨੇ ਤੋਬਾ ਕੀਤੀ ਸੀ, ਇਹ ਉਸ ਤੋਂ ਲਗਭਗ 150 ਸਾਲ ਬਾਅਦ ਹੋਇਆ, ਇਹ ਸਪੱਸ਼ਟ ਕਰਦਾ ਹੈ ਕਿ ਉਹ ਆਪਣੀ ਪਿਛਲੀ ਮੂਰਤੀ ਪੂਜਾ ਵੱਲ ਵਾਪਸ ਪਰਤ ਗਏ ਸਨ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 620-612 ਈ. ਪੂ. ਦੇ ਵਿਚਕਾਰ ਲਿਖੀ ਗਈ।
ਨਹੂਮ ਨੂੰ ਲਿਖਣ ਦੀ ਤਾਰੀਖ਼ ਅਸਲ ਵਿੱਚ ਕਾਫ਼ੀ ਅਸਾਨੀ ਨਾਲ ਦਿੱਤੀ ਜਾ ਸਕਦੀ ਹੈ, ਕਿਉਂਕਿ ਇਹ ਦੋ ਪ੍ਰਸਿੱਧ ਇਤਿਹਾਸਿਕ ਘਟਨਾਵਾਂ ਦੇ ਵਿਚਕਾਰ ਚੱਲਦੀ ਹੈ: ਨੋ-ਆਮੋਨ ਦਾ ਪਤਨ ਅਤੇ ਨੀਨਵਾਹ ਦੇ ਪਤਨ।
ਪ੍ਰਾਪਤ ਕਰਤਾ
ਨਹੂਮ ਦੀ ਭਵਿੱਖਬਾਣੀ ਅੱਸ਼ੂਰੀਆਂ ਨੂੰ ਦਿੱਤੀ ਗਈ ਸੀ ਜਿਨ੍ਹਾਂ ਨੇ 10 ਉੱਤਰੀ ਗੋਤਾਂ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਨਾਲ ਲੈ ਗਏ ਸਨ, ਪਰ ਇਹ ਭਵਿੱਖਬਾਣੀ ਦੱਖਣੀ ਰਾਜ ਯਹੂਦਾਹ ਨੂੰ ਵੀ ਦਿੱਤੀ ਗਈ ਸੀ ਜਿਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੇ ਨਾਲ ਵੀ ਇਸੇ ਤਰ੍ਹਾਂ ਹੋ ਸਕਦਾ ਹੈ।
ਉਦੇਸ਼
ਪਰਮੇਸ਼ੁਰ ਦਾ ਨਿਆਂ ਹਮੇਸ਼ਾ ਸਹੀ ਹੁੰਦਾ ਹੈ ਅਤੇ ਹਮੇਸ਼ਾ ਨਿਸ਼ਚਿਤ ਹੁੰਦਾ ਹੈ। ਕੀ ਉਸ ਨੂੰ ਕੁਝ ਸਮੇਂ ਲਈ ਦਯਾ ਕਰਨ ਦੀ ਚੋਣ ਕਰਨੀ ਚਾਹੀਦੀ ਹੈ, ਪਰ ਫਿਰ ਵੀ ਜਦ ਅੰਤ ਵਿੱਚ ਪਰਮੇਸ਼ੁਰ ਸਭ ਦਾ ਸਹੀ ਨਿਆਂ ਕਰੇਗਾ ਤਾਂ ਉਹ ਆਪਣੀ ਦਯਾ ਦੀ ਵਧੀਆ ਦਾਤ ਦੇ ਕਾਰਨ ਕਿਸੇ ਨਾਲ ਵੀ ਸਮਝੌਤਾ ਨਹੀਂ ਕਰੇਗਾ। ਪਰਮੇਸ਼ੁਰ ਨੇ ਪਹਿਲਾਂ ਹੀ 150 ਸਾਲ ਪਹਿਲਾਂ ਨਬੀ ਯੂਨਾਹ ਨੂੰ ਉਨ੍ਹਾਂ ਦੇ ਕੋਲ ਆਪਣੇ ਇਸ ਵਾਅਦੇ ਨਾਲ ਭੇਜਿਆ ਸੀ ਜੇਕਰ ਉਹ ਆਪਣੇ ਬੁਰੇ ਕੰਮਾਂ ਵਿੱਚ ਲੱਗੇ ਰਹਿਣਗੇ ਤਾਂ ਕੀ ਹੋਵੇਗਾ? ਉਸ ਸਮੇਂ ਦੇ ਲੋਕਾਂ ਨੇ ਤੋਬਾ ਕੀਤੀ ਸੀ ਪਰ ਹੁਣ ਵੀ ਉਹ ਜੇਕਰ ਪਹਿਲਾਂ ਦੇ ਲੋਕਾਂ ਤੋਂ ਜ਼ਿਆਦਾ ਮਾੜੇ ਨਹੀਂ ਸਨ ਤਾਂ ਉਨ੍ਹਾਂ ਤੋਂ ਘੱਟ ਵੀ ਨਹੀਂ ਸਨ। ਅੱਸ਼ੂਰੀ ਫ਼ੌਜਾਂ ਆਪਣੀਆਂ ਜਿੱਤਾਂ ਵਿੱਚ ਬਿਲਕੁਲ ਬੇਰਹਮ ਹੋ ਗਈਆਂ ਸਨ। ਹੁਣ ਨਹੂਮ ਯਹੂਦਾਹ ਦੇ ਲੋਕਾਂ ਨੂੰ ਦੱਸ ਰਿਹਾ ਸੀ ਕਿ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਪਰਮੇਸ਼ੁਰ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ ਅਤੇ ਅੱਸ਼ੂਰੀ ਲੋਕ ਛੇਤੀ ਹੀ ਉਹ ਪ੍ਰਾਪਤ ਕਰਨਗੇ ਜਿਸ ਦੇ ਉਹ ਹੱਕਦਾਰ ਸਨ।
ਵਿਸ਼ਾ-ਵਸਤੂ
ਦਿਲਾਸਾ
ਰੂਪ-ਰੇਖਾ
1. ਪਰਮੇਸ਼ੁਰ ਦੀ ਮਹਿਮਾ — 1:1-14
2. ਪਰਮੇਸ਼ੁਰ ਅਤੇ ਨੀਨਵਾਹ ਦਾ ਨਿਆਂ — 1:15-3:19
1
ਨੀਨਵਾਹ ਦੇ ਵਿਰੁੱਧ ਅਗੰਮ ਵਾਕ
ਨੀਨਵਾਹ ਦੇ ਵਿਖੇ ਅਗੰਮ ਵਾਕ। ਅਲਕੋਸ਼ੀ ਨਹੂਮ ਦੇ ਦਰਸ਼ਣ ਦੀ ਪੋਥੀ। ਯਹੋਵਾਹ ਅਣਖੀ ਅਤੇ ਬਦਲਾ ਲੈਣ ਵਾਲਾ ਪਰਮੇਸ਼ੁਰ ਹੈ, ਯਹੋਵਾਹ ਬਦਲਾ ਲੈਣ ਵਾਲਾ ਅਤੇ ਕ੍ਰੋਧ ਕਰਨ ਵਾਲਾ ਹੈ, ਯਹੋਵਾਹ ਆਪਣੇ ਵਿਰੋਧੀਆਂ ਤੋਂ ਬਦਲਾ ਲੈਣ ਵਾਲਾ ਹੈ ਅਤੇ ਆਪਣੇ ਵੈਰੀਆਂ ਲਈ ਕ੍ਰੋਧ ਰੱਖਦਾ ਹੈ! ਯਹੋਵਾਹ ਕ੍ਰੋਧ ਵਿੱਚ ਧੀਰਜਵਾਨ ਅਤੇ ਬਲ ਵਿੱਚ ਮਹਾਨ ਹੈ ਅਤੇ ਦੋਸ਼ੀ ਨੂੰ ਕਦੇ ਵੀ ਨਿਰਦੋਸ਼ ਨਾ ਠਹਿਰਾਵੇਗਾ। ਯਹੋਵਾਹ ਦਾ ਰਾਹ ਵਾਵਰੋਲੇ ਅਤੇ ਤੂਫ਼ਾਨ ਵਿੱਚ ਹੈ ਅਤੇ ਬੱਦਲ ਉਹ ਦੇ ਚਰਨਾਂ ਦੀ ਧੂੜ ਹਨ। ਉਹ ਸਮੁੰਦਰ ਨੂੰ ਝਿੜਕ ਕੇ ਉਸ ਨੂੰ ਸੁਕਾ ਦਿੰਦਾ ਹੈ, ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ, ਬਾਸ਼ਾਨ ਅਤੇ ਕਰਮਲ ਕੁਮਲਾ ਜਾਂਦੇ ਹਨ ਅਤੇ ਲਬਾਨੋਨ ਦਾ ਫੁੱਲ ਮੁਰਝਾ ਜਾਂਦਾ ਹੈ। ਪਰਬਤ ਉਹ ਦੇ ਅੱਗੇ ਕੰਬਦੇ ਹਨ, ਟਿੱਲੇ ਪਿਘਲ ਜਾਂਦੇ ਹਨ, ਧਰਤੀ ਉਹ ਦੇ ਅੱਗੇ ਕੰਬ ਜਾਂਦੀ ਹੈ, ਜਗਤ ਅਤੇ ਉਸ ਦੇ ਸਾਰੇ ਵਾਸੀ ਵੀ ਉਸ ਦੇ ਅੱਗੇ ਕੰਬ ਜਾਂਦੇ ਹਨ। ਉਹ ਦੇ ਕਹਿਰ ਦੇ ਸਾਹਮਣੇ ਕੌਣ ਖੜ੍ਹਾ ਹੋ ਸਕਦਾ ਹੈ? ਉਹ ਦੇ ਕ੍ਰੋਧ ਦੀ ਤੇਜੀ ਨੂੰ ਕੌਣ ਝੱਲ ਸਕਦਾ ਹੈ? ਉਹ ਦਾ ਗੁੱਸਾ ਅੱਗ ਵਾਂਗੂੰ ਵਹਾਇਆ ਜਾਂਦਾ ਹੈ ਅਤੇ ਚਟਾਨਾਂ ਉਸ ਤੋਂ ਚੀਰੀਆਂ ਜਾਂਦੀਆਂ ਹਨ! ਯਹੋਵਾਹ ਭਲਾ ਹੈ, ਦੁੱਖ ਦੇ ਦਿਨ ਵਿੱਚ ਇੱਕ ਗੜ੍ਹ ਹੈ ਅਤੇ ਉਹ ਆਪਣੇ ਵਿੱਚ ਪਨਾਹ ਲੈਣ ਵਾਲਿਆਂ ਨੂੰ ਜਾਣਦਾ ਹੈ। ਪਰ ਉੱਛਲਦੇ ਹੜ੍ਹ ਨਾਲ ਉਹ ਉਸ ਸਥਾਨ ਦਾ ਪੂਰਾ ਅੰਤ ਕਰ ਦੇਵੇਗਾ ਅਤੇ ਹਨੇਰੇ ਵਿੱਚ ਆਪਣੇ ਵੈਰੀਆਂ ਦਾ ਪਿੱਛਾ ਕਰੇਗਾ। ਤੁਸੀਂ ਯਹੋਵਾਹ ਦੇ ਵਿਰੁੱਧ ਕਿਹੜੀ ਯੋਜਨਾ ਬਣਾਉਂਦੇ ਹੋ? ਉਹ ਉਸਦਾ ਪੂਰਾ ਅੰਤ ਕਰ ਦੇਵੇਗਾ, ਬਿਪਤਾ ਦੂਜੀ ਵਾਰੀ ਨਾ ਉੱਠੇਗੀ! 10 ਉਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ, ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਅਤੇ ਸੁੱਕੇ ਭੱਠੇ ਵਾਂਗੂੰ ਪੂਰੀ ਤਰ੍ਹਾਂ ਭਸਮ ਹੁੰਦੇ ਹਨ। 11 ਤੇਰੇ ਵਿੱਚੋਂ ਇੱਕ ਨਿੱਕਲਿਆ ਜੋ ਯਹੋਵਾਹ ਦੇ ਵਿਰੁੱਧ ਬਦੀ ਸੋਚਦਾ ਹੈ, ਜੋ ਸ਼ਤਾਨੀ ਸਿੱਖਿਆ ਦਿੰਦਾ ਹੈ। 12 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਭਾਵੇਂ ਉਹ ਤਕੜੇ ਹੋਣ ਅਤੇ ਕਿੰਨੇ ਵੀ ਹੋਣ, ਤਾਂ ਵੀ ਉਹ ਵੱਢੇ ਜਾਣਗੇ ਅਤੇ ਉਹ ਲੰਘ ਜਾਵੇਗਾ, ਭਾਵੇਂ ਮੈਂ ਤੈਨੂੰ ਦੁੱਖ ਦਿੱਤਾ, ਮੈਂ ਤੈਨੂੰ ਦੁੱਖ ਫਿਰ ਨਾ ਦਿਆਂਗਾ। 13 ਹੁਣ ਮੈਂ ਉਸ ਦੇ ਜੂਲੇ ਨੂੰ ਤੇਰੇ ਉੱਤੋਂ ਭੰਨ ਸੁੱਟਾਂਗਾ ਅਤੇ ਤੇਰੀਆਂ ਜੋਤਾਂ ਨੂੰ ਤੋੜ ਸੁੱਟਾਂਗਾ। 14 ਯਹੋਵਾਹ ਨੇ ਤੇਰੇ ਬਾਰੇ ਹੁਕਮ ਦਿੱਤਾ, ਕਿ ਤੇਰੇ ਨਾਮ ਦਾ ਵੰਸ਼ ਫੇਰ ਨਾ ਰਹੇਗਾ, ਤੇਰੇ ਦੇਵਤਿਆਂ ਦੇ ਮੰਦਰ ਤੋਂ ਮੈਂ ਉੱਕਰੀ ਹੋਈ ਮੂਰਤ ਅਤੇ ਢਾਲ਼ੇ ਹੋਏ ਬੁੱਤ ਕੱਟ ਸੁੱਟਾਂਗਾ, ਮੈਂ ਤੇਰੀ ਕਬਰ ਪੁੱਟਾਂਗਾ, ਕਿਉਂ ਜੋ ਤੂੰ ਘਿਣਾਉਣਾ ਹੈਂ! 15 ਵੇਖੋ, ਪਹਾੜਾਂ ਉੱਤੇ ਖੁਸ਼ਖਬਰੀ ਦੇ ਪ੍ਰਚਾਰਕ, ਸ਼ਾਂਤੀ ਦੇ ਸੁਣਾਉਣ ਵਾਲੇ ਦੇ ਪੈਰ! ਹੇ ਯਹੂਦਾਹ, ਆਪਣੇ ਪਰਬਾਂ ਨੂੰ ਮਨਾ, ਆਪਣੀਆਂ ਸੁੱਖਣਾਂ ਨੂੰ ਪੂਰਾ ਕਰ, ਕਿਉਂ ਜੋ ਦੁਸ਼ਟ ਤੇਰੇ ਵਿਰੁੱਧ ਫੇਰ ਕਦੇ ਨਹੀਂ ਲੰਘੇਗਾ, ਉਹ ਪੂਰੀ ਤਰ੍ਹਾਂ ਕੱਟਿਆ ਗਿਆ ਹੈ!