5
ਮਸੀਹ ਦੇ ਦੁਬਾਰਾ ਆਉਣ ਲਈ ਤਿਆਰ ਰਹਿਣਾ
ਪਰ ਹੇ ਭਰਾਵੋ, ਤੁਹਾਡੇ ਲਈ ਸਮਿਆਂ ਅਤੇ ਮੌਸਮਾਂ ਬਾਰੇ ਕੁਝ ਵੀ ਲਿਖਣ ਦੀ ਜ਼ਰੂਰਤ ਨਹੀਂ। ਕਿਉਂਕਿ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਦਿਨ ਇਸ ਤਰ੍ਹਾਂ ਆਵੇਗਾ, ਜਿਸ ਤਰ੍ਹਾਂ ਰਾਤ ਨੂੰ ਚੋਰ ਆਉਂਦਾ ਹੈ। ਜਦ ਲੋਕ ਆਖਦੇ ਹੋਣਗੇ ਕਿ ਅਮਨ ਚੈਨ ਅਤੇ ਸੁੱਖ-ਸਾਂਦ ਹੈ ਤਦ ਜਿਵੇਂ ਗਰਭਵਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਨਕ ਨਾਸ ਹੋ ਜਾਵੇਗਾ ਅਤੇ ਉਹ ਕਦੀ ਨਾ ਬਚਣਗੇ। ਪਰ ਹੇ ਭਰਾਵੋ, ਤੁਸੀਂ ਹਨ੍ਹੇਰੇ ਵਿੱਚ ਨਹੀਂ ਹੋ ਜੋ ਤੁਹਾਡੇ ਉੱਤੇ ਉਹ ਦਿਨ ਚੋਰ ਵਾਗੂੰ ਆ ਪਵੇ। ਕਿਉਂ ਜੋ ਤੁਸੀਂ ਸਾਰੇ ਚਾਨਣ ਅਤੇ ਦਿਨ ਦੀ ਸੰਤਾਨ ਹੋ। ਅਸੀਂ ਰਾਤ ਦੇ ਨਹੀਂ, ਨਾ ਹੀ ਹਨ੍ਹੇਰੇ ਦੇ ਹਾਂ। ਸੋ ਇਸ ਲਈ ਅਸੀਂ ਹੋਰਨਾਂ ਵਾਂਗੂੰ ਨਾ ਸੌਂਈਏ ਸਗੋਂ ਜਾਗਦੇ ਅਤੇ ਸੁਚੇਤ ਰਹੀਏ। ਕਿਉਂਕਿ ਜਿਹੜੇ ਸੌਂਦੇ ਹਨ ਉਹ ਰਾਤ ਨੂੰ ਹੀ ਸੌਂਦੇ ਹਨ ਅਤੇ ਜਿਹੜੇ ਲੋਕ ਸ਼ਰਾਬ ਨਾਲ ਬਦਮਸਤ ਹੁੰਦੇ ਹਨ ਉਹ ਰਾਤ ਨੂੰ ਹੀ ਹੁੰਦੇ ਹਨ। ਪਰ ਅਸੀਂ ਜਦੋਂ ਦਿਨ ਵਾਲੇ ਹਾਂ ਤਾਂ ਵਿਸ਼ਵਾਸ ਅਤੇ ਪਿਆਰ ਨੂੰ ਸੁਰੱਖਿਆ ਵੱਜੋਂ ਪਹਿਨਣਾ ਅਤੇ ਮੁਕਤੀ ਦੀ ਆਸ ਨੂੰ ਸਿਰ ਦੇ ਟੋਪ ਦੀ ਥਾਂ ਪਹਿਨ ਕੇ ਸੁਚੇਤ ਰਹੀਏ। ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਕ੍ਰੋਧ ਦੇ ਲਈ ਨਹੀਂ, ਸਗੋਂ ਇਸ ਲਈ ਠਹਿਰਾਇਆ ਕਿ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਪ੍ਰਾਪਤ ਕਰੀਏ। 10 ਜਿਹੜਾ ਸਾਡੇ ਲਈ ਮਰਿਆ, ਤਾਂ ਕਿ ਅਸੀਂ ਭਾਵੇਂ ਜਾਗਦੇ ਜਾਂ ਸੁੱਤੇ ਹੋਈਏ ਉਹ ਦੇ ਨਾਲ ਹੀ ਜਿਉਂਦੇ ਹੋ ਜਾਈਏ। 11 ਇਸ ਕਾਰਨ ਤੁਸੀਂ ਇੱਕ ਦੂਜੇ ਨੂੰ ਤਸੱਲੀ ਦੇਵੋ ਅਤੇ ਇੱਕ ਦੂਜੇ ਦੀ ਉਨੱਤੀ ਕਰੋ, ਜਿਵੇਂ ਤੁਸੀਂ ਕਰਦੇ ਵੀ ਹੋ।
ਕਲੀਸਿਯਾ ਨੂੰ ਉਪਦੇਸ਼
12 ਹੁਣ ਹੇ ਭਰਾਵੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ, ਪ੍ਰਭੂ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਸਿੱਖਿਆ ਦਿੰਦੇ ਹਨ, ਤੁਸੀਂ ਉਹਨਾਂ ਦਾ ਆਦਰ ਕਰੋ। 13 ਅਤੇ ਉਹਨਾਂ ਦੇ ਕੰਮ ਦੇ ਕਾਰਨ ਪਿਆਰ ਨਾਲ ਉਹਨਾਂ ਦਾ ਬਹੁਤਾ ਆਦਰ ਕਰੋ। ਆਪਸ ਵਿੱਚ ਮੇਲ-ਮਿਲਾਪ ਰੱਖੋ। 14 ਹੇ ਭਰਾਵੋ, ਅਸੀਂ ਤੁਹਾਨੂੰ ਆਖਦੇ ਹਾਂ ਜੋ ਤੁਸੀਂ ਉਹਨਾਂ ਨੂੰ ਸਮਝਾਓ ਜਿਹੜੇ ਠੀਕ ਚਾਲ ਨਹੀਂ ਚਲਦੇ, ਕਮਜ਼ੋਰ ਦਿਲ ਵਾਲਿਆਂ ਨੂੰ ਹੌਂਸਲਾ ਦੇਵੋ, ਨਿਰਬਲਾਂ ਨੂੰ ਸੰਭਾਲੋ, ਅਤੇ ਸਾਰਿਆਂ ਨਾਲ ਧੀਰਜ ਕਰੋ। 15 ਵੇਖਣਾ ਕਿ ਕੋਈ ਕਿਸੇ ਨਾਲ ਬੁਰੇ ਦੇ ਬਦਲੇ ਬੁਰਾ ਨਾ ਕਰੇ ਸਗੋਂ ਇੱਕ ਦੂਜੇ ਲਈ ਅਤੇ ਸਾਰਿਆਂ ਲਈ ਸਦਾ ਭਲਿਆਈ ਦੇ ਮਗਰ ਲੱਗੇ ਰਹੋ। 16 ਸਦਾ ਅਨੰਦ ਰਹੋ। 17 ਹਰ ਰੋਜ਼ ਪ੍ਰਾਰਥਨਾ ਕਰੋ। 18 ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂ ਜੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ੁਰ ਦੀ ਇਹੋ ਮਰਜ਼ੀ ਹੈ। 19 ਆਤਮਾ ਨੂੰ ਨਾ ਬੁਝਾਓ। 20 ਭਵਿੱਖਬਾਣੀਆਂ ਨੂੰ ਤੁੱਛ ਨਾ ਜਾਣੋ। 21 ਸਾਰੀਆਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜ੍ਹੀ ਰੱਖੋ। 22 ਹਰ ਪਰਕਾਰ ਦੀ ਬਦੀ ਤੋਂ ਦੂਰ ਰਹੋ।
ਬਰਕਤ
23 ਅਤੇ ਸ਼ਾਂਤੀ ਦਾਤਾ ਪਰਮੇਸ਼ੁਰ ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡਾ ਆਤਮਾ ਅਤੇ ਜੀਵ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਵੇਲੇ ਦੋਸ਼ ਰਹਿਤ, ਸੰਪੂਰਨ ਬਚਿਆ ਰਹੇ। 24 ਤੁਹਾਡਾ ਸੱਦਣ ਵਾਲਾ ਵਫ਼ਾਦਾਰ ਹੈ ਅਤੇ ਉਹ ਅਜਿਹਾ ਹੀ ਕਰੇਗਾ। 25 ਹੇ ਭਰਾਵੋ, ਸਾਡੇ ਲਈ ਪ੍ਰਾਰਥਨਾ ਕਰੋ। 26 ਤੁਸੀਂ ਪਵਿੱਤਰ ਚੁਮੰਨ ਨਾਲ ਸਾਰੇ ਭਰਾਵਾਂ ਦੀ ਸੁੱਖ-ਸਾਂਦ ਪੁੱਛੋ। 27 ਮੈਂ ਤੁਹਾਨੂੰ ਪ੍ਰਭੂ ਦੀ ਸਹੁੰ ਦਿੰਦਾ ਹਾਂ ਜੋ ਇਹ ਪੱਤ੍ਰੀ ਸਾਰੇ ਭਰਾਵਾਂ ਨੂੰ ਪੜ੍ਹ ਕੇ ਸੁਣਾਉਣੀ। 28 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਹੁੰਦੀ ਰਹੇ।