5
ਵਿਸ਼ਵਾਸੀਆਂ ਦੇ ਲਈ ਜ਼ਿੰਮੇਵਾਰੀਆਂ
ਕਿਸੇ ਬੁੱਢੇ ਨੂੰ ਨਾ ਝਿੜਕੀਂ ਸਗੋਂ ਉਸ ਨੂੰ ਪਿਤਾ ਵਾਂਗੂੰ ਅਤੇ ਜੁਆਨਾਂ ਨੂੰ ਭਰਾਵਾਂ ਦੀ ਤਰ੍ਹਾਂ ਸਮਝਾਵੀਂ। ਅਤੇ ਬੁੱਢੀਆਂ ਔਰਤਾਂ ਨੂੰ ਮਾਤਾ ਵਾਂਗੂੰ ਅਤੇ ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗੂੰ ਸਮਝਾਵੀਂ। ਵਿਧਵਾਵਾਂ ਦਾ ਜਿਹੜੀਆਂ ਸੱਚ-ਮੁੱਚ ਵਿਧਵਾ ਹਨ ਆਦਰ ਕਰੀਂ। ਪਰ ਜੇ ਕਿਸੇ ਵਿਧਵਾ ਦੇ ਬੱਚੇ ਅਥਵਾ ਪੋਤਰੇ ਦੋਹਤਰੇ ਹੋਣ, ਉਹ ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣ ਅਤੇ ਆਪਣੇ ਮਾਪਿਆਂ ਦਾ ਹੱਕ ਅਦਾ ਕਰਨ, ਕਿਉਂ ਜੋ ਪਰਮੇਸ਼ੁਰ ਦੇ ਹਜ਼ੂਰ ਇਹੋ ਪਰਵਾਨ ਹੈ। ਜਿਹੜੀ ਸੱਚ-ਮੁੱਚ ਵਿਧਵਾ ਅਤੇ ਇਕੱਲੀ ਹੈ, ਉਹ ਨੇ ਪਰਮੇਸ਼ੁਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ-ਦਿਨ ਬੇਨਤੀਆਂ ਅਤੇ ਪ੍ਰਾਰਥਨਾਂ ਵਿੱਚ ਲੱਗੀ ਰਹਿੰਦੀ ਹੈ। ਪਰ ਜਿਹੜੀ ਗੁਲਛੱਰੇ ਉਡਾਉਂਦੀ ਹੈ ਉਹ ਤਾਂ ਜਿਉਂਦੀ ਹੀ ਮਰੀ ਹੋਈ ਹੈ। ਤੂੰ ਇੰਨ੍ਹਾਂ ਗੱਲਾਂ ਦੀ ਵੀ ਆਗਿਆ ਦੇ ਤਾਂ ਕਿ ਉਹ ਨਿਰਦੋਸ਼ ਹੋਣ। ਪਰ ਜੇ ਕੋਈ ਆਪਣਿਆਂ ਲਈ ਅਤੇ ਖ਼ਾਸ ਕਰਕੇ ਆਪਣੇ ਘਰਾਣੇ ਲਈ ਚਿੰਤਾ ਨਹੀਂ ਕਰਦਾ ਤਾਂ ਉਹ ਵਿਸ਼ਵਾਸ ਤੋਂ ਬੇਮੁੱਖ ਹੋਇਆ ਅਤੇ ਅਵਿਸ਼ਵਾਸੀ ਨਾਲੋਂ ਵੀ ਬੁਰਾ ਬਣ ਗਿਆ ਹੈ। ਉਸੇ ਵਿਧਵਾ ਦਾ ਨਾਮ ਲਿਖਿਆ ਜਾਵੇ, ਜਿਸ ਦੀ ਉਮਰ ਸੱਠਾਂ ਵਰਿਹਾਂ ਤੋਂ ਘੱਟ ਨਾ ਹੋਵੇ ਅਤੇ ਇੱਕੋ ਹੀ ਪਤੀ ਦੀ ਪਤਨੀ ਰਹੀ ਹੋਵੇ। 10 ਅਤੇ ਉਹ ਭਲੇ ਕੰਮਾਂ ਕਰਕੇ ਨੇਕਨਾਮ ਹੋਵੇ ਜੋ ਉਸ ਨੇ ਬੱਚਿਆਂ ਨੂੰ ਪਾਲਿਆ ਹੋਵੇ, ਦੂਜਿਆਂ ਦੀ ਪ੍ਰਾਹੁਣਚਾਰੀ ਕੀਤੀ ਹੋਵੇ, ਸੰਤਾਂ ਦੇ ਚਰਨ ਧੋਤੇ ਹੋਣ, ਦੁੱਖੀਆਂ ਦੀ ਸਹਾਇਤਾ ਕੀਤੀ ਹੋਵੇ, ਅਤੇ ਹਰੇਕ ਚੰਗੇ ਕੰਮ ਦੇ ਮਗਰ ਲੱਗੀ ਹੋਵੇ। 11 ਪਰ ਮੁਟਿਆਰ ਵਿਧਵਾਵਾਂ ਨੂੰ ਲਾਂਭੇ ਰੱਖ, ਕਿਉਂਕਿ ਉਹ ਮਸੀਹ ਤੋਂ ਵਿਰੁੱਧ ਹੋ ਕੇ ਸਰੀਰ ਦੀ ਕਾਮਨਾਂ ਦੇ ਵੱਸ ਪੈ ਕੇ ਵਿਆਹ ਕਰਾਉਣਾ ਚਾਹੁੰਦੀਆਂ ਹਨ। 12 ਅਤੇ ਉਹ ਦੋਸ਼ੀ ਠਹਿਰਦੀਆਂ ਹਨ ਇਸ ਲਈ ਜੋ ਆਪਣੀ ਪਹਿਲੀ ਵਿਸ਼ਵਾਸ ਤਿਆਗ ਬੈਠੀਆਂ ਹਨ। 13 ਨਾਲੇ ਉਹ ਘਰ-ਘਰ ਫਿਰ ਕੇ ਆਲਸਣਾਂ ਬਣਨਾ ਸਿੱਖਦੀਆਂ ਹਨ ਅਤੇ ਨਿਰੀਆਂ ਆਲਸਣਾਂ ਹੀ ਨਹੀਂ ਸਗੋਂ ਬੁੜ-ਬੁੜ ਕਰਨ ਵਾਲੀਆਂ ਅਤੇ ਪਰਾਇਆਂ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਯੋਗ ਗੱਲਾਂ ਕਰਦੀਆਂ ਹਨ। 14 ਇਸ ਲਈ ਮੈਂ ਇਹ ਚਾਹੁੰਦਾ ਹਾਂ ਜੋ ਮੁਟਿਆਰ ਵਿਧਵਾਵਾਂ ਵਿਆਹ ਕਰ ਲੈਣ, ਧੀਆਂ ਪੁੱਤਰ ਜਣਨ, ਘਰੇਲੂ ਕੰਮ ਕਰਨ ਅਤੇ ਵਿਰੋਧੀ ਨੂੰ ਨਿੰਦਿਆ ਕਰਨ ਦਾ ਮੌਕਾ ਨਾ ਦੇਣ। 15 ਕਿਉਂ ਜੋ ਕਈ ਪਹਿਲਾਂ ਹੀ ਸ਼ੈਤਾਨ ਦੇ ਮਗਰ ਲੱਗ ਗਈਆਂ ਹਨ। 16 ਜੇ ਕਿਸੇ ਵਿਸ਼ਵਾਸੀ ਇਸਤ੍ਰੀ ਦੇ ਘਰ ਵਿਧਵਾਂ ਹੋਣ ਤਾਂ ਉਹ ਉਨ੍ਹਾਂ ਦੀ ਸਹਾਇਤਾ ਕਰੇ ਤਾਂ ਜੋ ਕਲੀਸਿਯਾ ਉੱਤੇ ਭਾਰ ਨਾ ਪਵੇ ਤਾਂ ਜੋ ਕਲੀਸਿਯਾ ਉਨ੍ਹਾਂ ਦੀ ਸਹਾਇਤਾ ਕਰੇ ਜਿਹੜੀਆਂ ਸੱਚ-ਮੁੱਚ ਵਿਧਵਾਂ ਹਨ। 17 ਉਹ ਬਜ਼ੁਰਗ ਜਿਹੜੇ ਚੰਗਾ ਪ੍ਰਬੰਧ ਕਰਦੇ ਹਨ ਦੁਗਣੇ ਆਦਰ ਦੇ ਯੋਗ ਸਮਝੇ ਜਾਣ, ਪਰ ਖ਼ਾਸ ਕਰਕੇ ਉਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ। 18 ਕਿਉਂ ਜੋ ਪਵਿੱਤਰ ਗ੍ਰੰਥ ਇਹ ਆਖਦਾ ਹੈ ਕਿ ਤੂੰ ਗਾਹੁੰਦੇ ਹੋਏ ਬਲ਼ਦ ਦੇ ਮੂੰਹ ਛਿੱਕਲੀ ਨਾ ਚੜ੍ਹਾਈਂ, ਨਾਲੇ ਇਹ ਭਈ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। 19 ਬਜ਼ੁਰਗ ਦੇ ਵਿਰੁੱਧ ਕੋਈ ਦੋਸ਼ ਨਾ ਸੁਣੀਂ, ਜਦੋਂ ਤੱਕ ਦੋ ਜਾਂ ਤਿੰਨ ਗਵਾਹ ਨਾ ਹੋਣ। 20 ਜਿਹੜੇ ਪਾਪ ਕਰਦੇ ਹਨ, ਉਹਨਾਂ ਨੂੰ ਸਭਨਾਂ ਦੇ ਸਾਹਮਣੇ ਝਿੜਕ ਦੇ ਤਾਂ ਕਿ ਦੂਜਿਆਂ ਨੂੰ ਵੀ ਡਰ ਰਹੇ। 21 ਮੈਂ ਪਰਮੇਸ਼ੁਰ, ਮਸੀਹ ਯਿਸੂ ਅਤੇ ਚੁਣਿਆਂ ਹੋਇਆਂ ਦੂਤਾਂ ਨੂੰ ਗਵਾਹ ਮੰਨ ਕੇ ਤੈਨੂੰ ਬੇਨਤੀ ਕਰਦਾ ਹਾਂ ਕਿ ਤੂੰ ਇਹਨਾਂ ਗੱਲਾਂ ਦੀ ਸੰਭਾਲ ਕਰ ਅਤੇ ਕਿਸੇ ਕੰਮ ਵਿੱਚ ਪੱਖਪਾਤ ਨਾ ਕਰ। 22 ਅਤੇ ਜਲਦੀ ਨਾਲ ਕਿਸੇ ਉੱਤੇ ਹੱਥ ਰੱਖ ਕੇ ਹੋਰਨਾਂ ਦੇ ਪਾਪਾਂ ਦਾ ਭਾਗੀ ਨਾ ਬਣ। ਆਪਣੇ ਆਪ ਨੂੰ ਪਵਿੱਤਰ ਰੱਖ। 23 ਅਗਾਹਾਂ ਨੂੰ ਨਿਰਾ ਪਾਣੀ ਨਾ ਪੀਆ ਕਰ ਪਰ ਹਾਜ਼ਮੇ ਲਈ ਅਤੇ ਆਪਣੀਆਂ ਬਹੁਤੀਆਂ ਮਾਂਦਗੀਆਂ ਦੇ ਕਾਰਨ ਥੋੜੀ ਜਿਹੀ ਮੈਅ ਵਰਤ ਲਿਆ ਕਰ। 24 ਕਈ ਮਨੁੱਖਾਂ ਦੇ ਪਾਪ ਪ੍ਰਗਟ ਹਨ ਅਤੇ ਨਿਆਂ ਦੇ ਲਈ ਪਹਿਲਾਂ ਹੀ ਪਹੁੰਚ ਜਾਂਦੇ ਹਨ ਅਤੇ ਕਈਆਂ ਦੇ ਬਾਅਦ ਵਿੱਚ ਪ੍ਰਗਟ ਹੁੰਦੇ ਹਨ। 25 ਇਸੇ ਤਰ੍ਹਾਂ ਭਲੇ ਕੰਮ ਵੀ ਪ੍ਰਗਟ ਹਨ ਅਤੇ ਜੋ ਹੋਰ ਕਿਸਮ ਦੇ ਹਨ ਉਹ ਗੁਪਤ ਨਹੀਂ ਰਹਿ ਸਕਦੇ।