ਥੱਸਲੁਨੀਕੀਆਂ ਨੂੰ ਦੂਜੀ ਪੱਤ੍ਰੀ
ਲੇਖਕ
1 ਥੱਸਲੁਨੀਕੀਆਂ ਦੀ ਤਰ੍ਹਾਂ, ਇਹ ਪੱਤ੍ਰੀ ਪੌਲੁਸ, ਸੀਲਾਸ ਤੇ ਤਿਮੋਥਿਉਸ ਵੱਲੋਂ ਹੈ। ਇਸ ਪੱਤ੍ਰੀ ਦੇ ਲੇਖਕ ਨੇ 1 ਥੱਸਲੁਨੀਕੀਆਂ ਅਤੇ ਬਾਕੀ ਪੱਤ੍ਰੀਆਂ ਦੇ ਤਰੀਕੇ ਦੀ ਵਰਤੋਂ ਕੀਤੀ ਸੀ, ਜਿਸ ਤਰੀਕੇ ਨਾਲ ਪੌਲੁਸ ਲਿਖਦਾ ਸੀ। ਇਹ ਦਰਸਾਉਂਦਾ ਹੈ, ਕਿ ਪੌਲੁਸ ਇਸ ਪੱਤ੍ਰੀ ਦਾ ਮੁੱਖ ਲੇਖਕ ਸੀ। ਸੀਲਾਸ ਅਤੇ ਤਿਮੋਥਿਉਸ ਨੂੰ ਨਮਸਕਾਰ (2 ਥੱਸ 1:1) ਵਿੱਚ ਸ਼ਾਮਿਲ ਕੀਤਾ ਗਿਆ ਹੈ। ਬਹੁਤ ਸਾਰੀਆਂ ਆਇਤਾ ਵਿੱਚ, ਉਹ “ਅਸੀਂ” ਕਰਕੇ ਲਿਖਦਾ ਹੈ, ਜੋ ਇਹ ਦਰਸਾਉਂਦਾ ਹੈ ਕਿ ਉਹ ਤਿੰਨੋਂ ਸਹਿਮਤ ਸਨ। ਇਹ ਪੱਤ੍ਰੀ ਪੌਲੁਸ ਦੇ ਹੱਥੋਂ ਨਹੀਂ ਲਿਖੀ ਗਈ ਸੀ, ਕਿਉਂਕਿ ਉਸ ਨੇ ਸਿਰਫ਼ ਆਖ਼ਰੀ ਨਮਸਕਾਰ ਅਤੇ ਪ੍ਰਾਰਥਨਾ ਆਪਣੇ ਹੱਥ ਤੋਂ ਲਿਖੀ (2 ਥੱਸ 3:17)। ਅਜਿਹਾ ਲੱਗਦਾ ਹੈ ਕਿ ਪੌਲੁਸ ਨੇ ਇਹ ਪੱਤ੍ਰੀ ਸ਼ਾਇਦ ਤਿਮੋਥਿਉਸ ਜਾਂ ਸੀਲਾਸ ਤੋਂ ਲਿਖਵਾਈ ਸੀ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 51-52 ਈ. ਦੇ ਵਿਚਕਾਰ ਲਿਖੀ ਗਈ।
ਪੌਲੁਸ ਨੇ ਕੁਰਿੰਥੁਸ ਵਿੱਚ 2 ਥੱਸਲੁਨੀਕੀਆਂ ਦੀ ਪੱਤ੍ਰੀ ਨੂੰ ਲਿਖਿਆ, ਜਿੱਥੇ ਉਸਨੇ 1 ਥੱਸਲੁਨੀਕੀਆਂ ਦੀ ਪੱਤ੍ਰੀ ਵੀ ਲਿਖੀ ਸੀ।
ਪ੍ਰਾਪਤ ਕਰਤਾ
2 ਥੱਸਲੁਨੀਕੀਆਂ 1:1 “ਥੱਸਲੁਨੀਕੀਆਂ ਕਲੀਸਿਯਾ“ ਦੇ ਮੈਂਬਰਾਂ ਨੂੰ ਥੱਸਲੁਨੀਕੀਆਂ ਦੀ ਪਹਿਲੀ ਪੱਤ੍ਰੀ ਦੇ ਪਾਠਕਾਂ ਦੇ ਤੌਰ ਦਰਸਾਉਂਦੀ ਹੈ।
ਉਦੇਸ਼
ਇਸ ਦਾ ਉਦੇਸ਼ ਪ੍ਰਭੂ ਦੇ ਦਿਨ ਬਾਰੇ ਗਲਤ ਸਿਧਾਂਤਾਂ ਨੂੰ ਠੀਕ ਕਰਨਾ ਸੀ। ਵਿਸ਼ਵਾਸੀਆਂ ਦੀ ਤਾਰੀਫ਼ ਕਰਨ ਲਈ ਅਤੇ ਵਿਸ਼ਵਾਸ ਵਿੱਚ ਦ੍ਰਿੜ੍ਹ ਰਹਿਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਉਹਨਾਂ ਲੋਕਾਂ ਨੂੰ ਝਿੜਕਣ ਲਈ ਜਿਨ੍ਹਾਂ ਨੇ ਸਵਰਗ ਦੇ ਵਿਖੇ ਆਪਣੇ ਹੀ ਗਲਤ ਵਿਚਾਰਾਂ ਤੋਂ ਧੋਖਾ ਖਾ ਕੇ ਇਹ ਵਿਸ਼ਵਾਸ ਕਰ ਲਿਆ ਕਿ ਪਰਮੇਸ਼ੁਰ ਦਾ ਦਿਨ ਆ ਚੁੱਕਾ ਹੈ, ਇਸ ਲਈ ਪ੍ਰਭੂ ਦਾ ਆਉਣਾ ਛੇਤੀ ਹੀ ਹੋਵੇਗਾ ਅਤੇ ਆਪਣੇ ਲਾਭ ਲਈ ਇਸ ਸਿਧਾਂਤ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ।
ਵਿਸ਼ਾ-ਵਸਤੂ
ਆਸ਼ਾ ਵਿੱਚ ਰਹਿਣਾ
ਰੂਪ-ਰੇਖਾ
1. ਨਮਸਕਾਰ — 1:1, 2
2. ਮੁਸੀਬਤਾਂ ਵਿੱਚ ਦਿਲਾਸਾ — 1:3-12
3. ਪਰਮੇਸ਼ੁਰ ਦੇ ਦਿਨ ਸੰਬੰਧੀ ਵਿਚਾਰਾਂ ਵਿੱਚ ਸੁਧਾਰ ਕਰਨਾ — 2:1-12
4. ਉਹਨਾਂ ਦੀ ਮੰਜ਼ਿਲ ਦੇ ਵਿਖੇ ਯਾਦ ਦਿਲਾਉਣਾ — 2:13-17
5. ਵਿਹਾਰਕ ਮਾਮਲਿਆਂ ਬਾਰੇ ਉਪਦੇਸ਼ — 3:1-15
6. ਆਖਰੀ ਨਮਸਕਾਰ — 3:16-18
1
ਨਮਸਕਾਰ
ਲੇਖਕ ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵਲੋਂ, ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਜਿਹੜੀ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ, ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਨਿਆਂ ਦਾ ਦਿਨ
ਹੇ ਭਰਾਵੋ, ਜਿਵੇਂ ਯੋਗ ਹੈ ਸਾਨੂੰ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਇਸ ਲਈ ਜੋ ਤੁਹਾਡਾ ਵਿਸ਼ਵਾਸ ਬਹੁਤ ਵੱਧਦਾ ਜਾਂਦਾ ਹੈ ਅਤੇ ਤੁਹਾਡਾ ਸਭਨਾਂ ਦਾ ਪਿਆਰ ਇੱਕ ਦੂਜੇ ਨਾਲ ਵੱਧਦਾ ਜਾਂਦਾ ਹੈ। ਐਥੋਂ ਤੱਕ ਜੋ ਤੁਹਾਡੇ ਉਸ ਧੀਰਜ ਅਤੇ ਵਿਸ਼ਵਾਸ ਦੇ ਕਾਰਨ ਜੋ ਤੁਸੀਂ ਜ਼ੁਲਮ ਅਤੇ ਬਿਪਤਾ ਦੇ ਝੱਲਣ ਵਿੱਚ ਰੱਖਦੇ ਹੋ ਅਸੀਂ ਪਰਮੇਸ਼ੁਰ ਦੀਆਂ ਸਾਰੀਆਂ ਕਲੀਸਿਯਾਂਵਾਂ ਵਿੱਚ ਤੁਹਾਡੇ ਉੱਤੇ ਮਾਣ ਕਰਦੇ ਹਾਂ। ਇਹ ਪਰਮੇਸ਼ੁਰ ਦੇ ਸੱਚੇ ਨਿਆਂ ਦਾ ਪਰਮਾਣ ਹੈ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਜਾਓ, ਜਿਸ ਦੇ ਲਈ ਤੁਸੀਂ ਦੁੱਖ ਵੀ ਭੋਗਦੇ ਹੋ। ਕਿਉਂ ਜੋ ਪਰਮੇਸ਼ੁਰ ਦੇ ਵੱਲੋਂ ਇਹ ਨਿਆਂ ਦੀ ਗੱਲ ਹੈ ਕਿ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ, ਉਹ ਉਹਨਾਂ ਨੂੰ ਦੁੱਖ ਦੇਵੇ। ਅਤੇ ਤੁਹਾਨੂੰ ਜਿਹੜੇ ਦੁੱਖ ਪਾਉਂਦੇ ਹੋ, ਸਾਡੇ ਨਾਲ ਸੁੱਖ ਦੇਵੇ ਉਸ ਸਮੇਂ ਜਦੋਂ ਪ੍ਰਭੂ ਯਿਸੂ ਆਪਣੇ ਬਲਵੰਤ ਦੂਤਾਂ ਦੇ ਨਾਲ ਭੜਕਦੀ ਅੱਗ ਵਿੱਚ ਸਵਰਗ ਤੋਂ ਪਰਗਟ ਹੋਵੇਗਾ। ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਉਹਨਾਂ ਨੂੰ ਬਦਲਾ ਦੇਵੇਗਾ। ਉਹ ਪ੍ਰਭੂ ਦੇ ਹਜ਼ੂਰੋਂ, ਅਤੇ ਉਸ ਦੀ ਸਮਰੱਥਾ ਦੇ ਤੇਜ ਤੋਂ ਸਦਾ ਦਾ ਵਿਨਾਸ਼ ਦੀ ਸਜ਼ਾ ਪਾਉਣਗੇ। 10 ਉਸ ਦਿਨ ਜਦ ਉਹ ਆਵੇਗਾ ਜੋ ਆਪਣਿਆਂ ਸੰਤਾਂ ਵਿੱਚ ਮਹਿਮਾ ਪਾਵੇ ਅਤੇ ਸਾਰੇ ਵਿਸ਼ਵਾਸੀਆਂ ਵਿੱਚ ਅਚਰਜ਼ ਮੰਨਿਆ ਜਾਵੇ ਕਿਉਂਕਿ ਤੁਸੀਂ ਸਾਡੀ ਗਵਾਹੀ ਤੇ ਵਿਸ਼ਵਾਸ ਕੀਤਾ। 11 ਇਸ ਕਰਕੇ ਅਸੀਂ ਤੁਹਾਡੇ ਲਈ ਸਦਾ ਪ੍ਰਾਰਥਨਾ ਕਰਦੇ ਰਹਿੰਦੇ ਹਾਂ ਜੋ ਤੁਹਾਨੂੰ ਸਾਡਾ ਪਰਮੇਸ਼ੁਰ ਤੁਹਾਡੇ ਸੱਦੇ ਦੇ ਯੋਗ ਜਾਣੇ ਅਤੇ ਭਲਿਆਈ ਦੀ ਹਰ ਇੱਕ ਭਾਵਨਾ ਨੂੰ ਅਤੇ ਵਿਸ਼ਵਾਸ ਦੇ ਹਰ ਇੱਕ ਕੰਮ ਨੂੰ ਸਮਰੱਥਾ ਨਾਲ ਪੂਰਾ ਕਰੇ। 12 ਤਾਂ ਜੋ ਸਾਡੇ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਅਨੁਸਾਰ ਤੁਹਾਡੇ ਵਿੱਚ ਸਾਡੇ ਪ੍ਰਭੂ ਯਿਸੂ ਦਾ ਨਾਮ ਮਹਿਮਾ ਪਾਵੇ ਅਤੇ ਉਸ ਵਿੱਚ ਤੁਸੀਂ ਵੀ।