39
ਬਾਬਲ ਤੋਂ ਆਏ ਹੋਏ ਦੂਤ
2 ਰਾਜਾ 20:12-19
ਉਸ ਸਮੇਂ ਬਾਬਲ ਦੇ ਰਾਜੇ ਬਲਦਾਨ ਦੇ ਪੁੱਤਰ ਮਰੋਦਕ-ਬਲਦਾਨ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਇੱਕ ਸੁਗ਼ਾਤ ਭੇਜੀ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਹਿਜ਼ਕੀਯਾਹ ਬਿਮਾਰ ਹੋ ਗਿਆ ਸੀ ਅਤੇ ਹੁਣ ਚੰਗਾ ਹੋ ਗਿਆ ਹੈ। ਹਿਜ਼ਕੀਯਾਹ ਉਹਨਾਂ ਦੇ ਕਾਰਨ ਅਨੰਦ ਹੋਇਆ ਅਤੇ ਉਹਨਾਂ ਨੂੰ ਆਪਣਾ ਸ਼ਾਹੀ ਖਜ਼ਾਨਾ ਵਿਖਾਇਆ ਅਰਥਾਤ ਚਾਂਦੀ, ਸੋਨਾ, ਮਸਾਲਾ, ਖ਼ਾਲਸ ਤੇਲ, ਆਪਣਾ ਸਾਰਾ ਸ਼ਸਤਰ-ਖ਼ਾਨਾ ਅਤੇ ਉਹ ਸਭ ਕੁਝ ਜੋ ਉਹ ਦੇ ਖਜ਼ਾਨਿਆਂ ਵਿੱਚ ਸੀ। ਉਹ ਦੇ ਮਹਿਲ ਵਿੱਚ ਅਤੇ ਉਹ ਦੇ ਸਾਰੇ ਰਾਜ ਵਿੱਚ ਅਜਿਹਾ ਕੁਝ ਨਹੀਂ ਸੀ ਜਿਸ ਨੂੰ ਹਿਜ਼ਕੀਯਾਹ ਨੇ ਉਹਨਾਂ ਨੂੰ ਨਹੀਂ ਵਿਖਾਇਆ। ਤਦ ਯਸਾਯਾਹ ਨਬੀ ਹਿਜ਼ਕੀਯਾਹ ਰਾਜਾ ਦੇ ਕੋਲ ਆਇਆ ਅਤੇ ਉਸ ਨੂੰ ਪੁੱਛਿਆ, ਇਨ੍ਹਾਂ ਮਨੁੱਖਾਂ ਨੇ ਕੀ ਆਖਿਆ ਅਤੇ ਉਹ ਕਿੱਥੋਂ ਤੇਰੇ ਕੋਲ ਆਏ ਹਨ? ਹਿਜ਼ਕੀਯਾਹ ਨੇ ਅੱਗੋਂ ਉੱਤਰ ਦਿੱਤਾ, ਉਹ ਇੱਕ ਦੂਰ ਦੇਸ ਤੋਂ ਮੇਰੇ ਕੋਲ ਆਏ, ਅਰਥਾਤ ਬਾਬਲ ਤੋਂ। ਫੇਰ ਯਸਾਯਾਹ ਨੇ ਪੁੱਛਿਆ, ਉਹਨਾਂ ਨੇ ਤੇਰੇ ਮਹਿਲ ਵਿੱਚ ਕੀ-ਕੀ ਵੇਖਿਆ? ਤਦ ਹਿਜ਼ਕੀਯਾਹ ਨੇ ਆਖਿਆ, ਜੋ ਕੁਝ ਮੇਰੇ ਮਹਿਲ ਵਿੱਚ ਹੈ, ਉਹ ਸਭ ਉਹਨਾਂ ਨੇ ਵੇਖਿਆ, ਮੇਰਿਆਂ ਖਜ਼ਾਨਿਆਂ ਵਿੱਚ ਅਜਿਹੀ ਕੋਈ ਚੀਜ਼ ਨਹੀਂ ਜੋ ਮੈਂ ਉਹਨਾਂ ਨੂੰ ਨਹੀਂ ਵਿਖਾਈ।
ਤਦ ਯਸਾਯਾਹ ਨੇ ਹਿਜ਼ਕੀਯਾਹ ਨੂੰ ਆਖਿਆ, ਸੈਨਾਂ ਦੇ ਯਹੋਵਾਹ ਦਾ ਬਚਨ ਸੁਣ! ਵੇਖ, ਉਹ ਦਿਨ ਆਉਂਦੇ ਹਨ ਜਦ ਸਭ ਕੁਝ ਜੋ ਤੇਰੇ ਮਹਿਲ ਵਿੱਚ ਹੈ ਅਤੇ ਜੋ ਕੁਝ ਤੇਰੇ ਪੁਰਖਿਆਂ ਨੇ ਅੱਜ ਦੇ ਦਿਨ ਤੱਕ ਇਕੱਠਾ ਕੀਤਾ ਹੈ, ਬਾਬਲ ਨੂੰ ਲੈ ਜਾਇਆ ਜਾਵੇਗਾ, ਕੁਝ ਵੀ ਛੱਡਿਆ ਨਾ ਜਾਵੇਗਾ, ਯਹੋਵਾਹ ਆਖਦਾ ਹੈ ਅਤੇ ਤੇਰੇ ਪੁੱਤਰਾਂ ਵਿੱਚੋਂ, ਜੋ ਤੇਰੇ ਵੰਸ਼ ਵਿੱਚ ਪੈਦਾ ਹੋਣਗੇ, ਜਿਨ੍ਹਾਂ ਨੂੰ ਤੂੰ ਜਨਮ ਦੇਵੇਂਗਾ, ਉਨ੍ਹਾਂ ਵਿੱਚੋਂ ਕਈਆਂ ਨੂੰ ਉਹ ਲੈ ਜਾਣਗੇ ਅਤੇ ਉਹ ਬਾਬਲ ਦੇ ਰਾਜੇ ਦੇ ਮਹਿਲ ਵਿੱਚ ਖੁਸਰੇ ਬਣਨਗੇ। ਹਿਜ਼ਕੀਯਾਹ ਨੇ ਯਸਾਯਾਹ ਨੂੰ ਆਖਿਆ, ਯਹੋਵਾਹ ਦਾ ਬਚਨ ਜੋ ਤੂੰ ਬੋਲਿਆ ਉਹ ਚੰਗਾ ਹੈ। ਫੇਰ ਉਸ ਨੇ ਇਹ ਵੀ ਆਖਿਆ, ਮੇਰੇ ਦਿਨਾਂ ਵਿੱਚ ਤਾਂ ਸ਼ਾਂਤੀ ਅਤੇ ਅਮਨ ਰਹੇਗਾ।