25
ਬਿਲਦਦ ਦਾ ਕਥਨ
ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ,
“ਰਾਜ ਅਤੇ ਭੈਅ ਉਸ ਦੇ ਅੰਗ-ਸੰਗ ਹਨ,
ਉਹ ਆਪਣੇ ਉੱਚਿਆਂ ਸਥਾਨਾਂ ਵਿੱਚ ਸੁੱਖ-ਸਾਂਦ ਕਾਇਮ ਕਰਦਾ ਹੈ।
ਕੀ ਉਸ ਦੀਆਂ ਫੌਜਾਂ ਦੀ ਗਿਣਤੀ ਹੋ ਸਕਦੀ ਹੈ
ਅਤੇ ਕੌਣ ਹੈ ਜਿਸ ਦੇ ਉੱਤੇ ਉਹ ਦਾ ਚਾਨਣ ਨਹੀਂ ਪੈਂਦਾ?
ਫੇਰ ਮਨੁੱਖ ਪਰਮੇਸ਼ੁਰ ਦੇ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ,
ਅਤੇ ਇਸਤਰੀ ਦੁਆਰਾ ਜੰਮਿਆ ਕਿਵੇਂ ਨਿਰਮਲ ਹੋ ਸਕਦਾ ਹੈ?
ਵੇਖ, ਉਸ ਦੀ ਨਿਗਾਹ ਵਿੱਚ ਚੰਦ ਵਿੱਚ ਵੀ ਚਮਕ ਨਹੀਂ,
ਅਤੇ ਤਾਰੇ ਵੀ ਨਿਰਮਲ ਨਹੀਂ ਠਹਿਰਦੇ।
ਫੇਰ ਮਨੁੱਖ ਕੀ ਹੈ, ਜਿਹੜਾ ਕੀੜਾ ਹੀ ਹੈ,
ਆਦਮੀ ਦਾ ਪੁੱਤਰ, ਜਿਹੜਾ ਕਿਰਮ ਹੀ ਹੈ?”