34
ਅਲੀਹੂ ਦਾ ਬਚਨ
ਤਦ ਅਲੀਹੂ ਨੇ ਇਹ ਉੱਤਰ ਦਿੱਤਾ, “ਹੇ ਬੁੱਧਵਾਨੋ! ਮੇਰੀਆਂ ਗੱਲਾਂ ਸੁਣੋ, ਹੇ ਗਿਆਨ ਵਾਲਿਓ! ਮੇਰੇ ਵੱਲ ਕੰਨ ਲਾਓ। ਕਿਉਂ ਜੋ ਕੰਨ ਗੱਲਾਂ ਨੂੰ ਪਰਖਦੇ ਹਨ ਜਿਵੇਂ ਜੀਭ ਭੋਜਨ ਦੇ ਸੁਆਦ ਨੂੰ। ਜੋ ਠੀਕ ਹੈ ਅਸੀਂ ਆਪਣੇ ਲਈ ਚੁਣ ਲਈਏ, ਅਤੇ ਜੋ ਚੰਗਾ ਹੈ ਅਸੀਂ ਆਪਸ ਵਿੱਚ ਜਾਣ ਲਈਏ।
“ਕਿਉਂ ਜੋ ਅੱਯੂਬ ਨੇ ਆਖਿਆ ਹੈ ਕਿ ਮੈਂ ਨਿਰਦੋਸ਼ ਹਾਂ ਅਤੇ ਪਰਮੇਸ਼ੁਰ ਮੇਰਾ ਨਿਆਂ ਕਰਨ ਤੋਂ ਮੁੱਕਰ ਗਿਆ ਹੈ। ਭਾਵੇਂ ਮੈਂ ਸੱਚਾ ਹਾਂ ਪਰ ਫੇਰ ਵੀ ਝੂਠਾ ਠਹਿਰਦਾ ਹਾਂ, ਭਾਵੇਂ ਮੈਂ ਬੇਦੋਸ਼ਾ ਹੀ ਹਾਂ, ਫੇਰ ਵੀ ਮੇਰਾ ਫੱਟ ਅਸਾਧ ਹੈ। ਅੱਯੂਬ ਵਰਗਾ ਕਿਹੜਾ ਮਨੁੱਖ ਹੈ, ਜਿਹੜਾ ਠੱਠਿਆਂ ਨੂੰ ਪਾਣੀ ਵਾਂਗੂੰ ਪੀਂਦਾ ਹੈ, ਅਤੇ ਕੁਕਰਮੀਆਂ ਦੀ ਸੰਗਤ ਵਿੱਚ ਚੱਲਦਾ, ਅਤੇ ਦੁਸ਼ਟ ਮਨੁੱਖਾਂ ਨਾਲ ਫਿਰਦਾ ਹੈ? ਕਿਉਂ ਜੋ ਉਸ ਨੇ ਆਖਿਆ ਹੈ ਕਿ ਮਨੁੱਖ ਨੂੰ ਇਸ ਤੋਂ ਕੁਝ ਲਾਭ ਨਹੀਂ ਕਿ ਉਹ ਪਰਮੇਸ਼ੁਰ ਨਾਲ ਮਗਨ ਰਹੇ!
10 “ਇਸ ਲਈ ਹੇ ਬੁੱਧਵਾਨੋ, ਮੇਰੀ ਸੁਣੋ! ਇਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ! 11 ਕਿਉਂ ਜੋ ਉਹ ਮਨੁੱਖ ਦੇ ਕੰਮਾਂ ਦੇ ਅਨੁਸਾਰ ਉਸ ਨੂੰ ਬਦਲਾ ਦੇਵੇਗਾ, ਅਤੇ ਹਰੇਕ ਮਨੁੱਖ ਨੂੰ ਉਸ ਦੇ ਚਾਲ-ਚੱਲਣ ਅਨੁਸਾਰ ਫਲ ਦੁਆਉਂਦਾ ਹੈ। 12 ਇਹ ਸੱਚੀ ਗੱਲ ਹੈ ਕਿ ਨਾ ਤਾਂ ਪਰਮੇਸ਼ੁਰ ਦੁਸ਼ਟਪੁਣਾ ਕਰਦਾ ਅਤੇ ਨਾ ਹੀ ਸਰਬ ਸ਼ਕਤੀਮਾਨ ਪੁੱਠੇ ਨਿਆਂ ਕਰਦਾ ਹੈ। 13 ਕਿਸ ਨੇ ਉਸ ਨੂੰ ਧਰਤੀ ਉੱਤੇ ਇਖ਼ਤਿਆਰ ਦਿੱਤਾ, ਕਿਸ ਨੇ ਸਾਰੇ ਜਗਤ ਉੱਤੇ ਉਸ ਨੂੰ ਠਹਿਰਾਇਆ? 14 ਜੇ ਉਹ ਮਨੁੱਖ ਤੋਂ ਆਪਣਾ ਮਨ ਫੇਰ ਲਵੇ, ਜੇ ਉਹ ਉਸ ਦਾ ਆਤਮਾ ਅਤੇ ਉਸ ਦਾ ਸਾਹ ਆਪਣੇ ਕੋਲ ਇਕੱਠਾ ਕਰ ਲਵੇ, 15 ਤਾਂ ਸਾਰੀ ਮਨੁੱਖ ਜਾਤੀ ਇਕੱਠੀ ਹੀ ਨਾਸ ਹੋ ਜਾਵੇਗੀ, ਅਤੇ ਮਨੁੱਖ ਫਿਰ ਮਿੱਟੀ ਵਿੱਚ ਰਲ ਜਾਵੇਗਾ।
16 “ਜੇ ਸਮਝ ਹੈ ਤਾਂ ਇਸ ਨੂੰ ਸੁਣ, ਅਤੇ ਆਪਣਾ ਕੰਨ ਮੇਰੀਆਂ ਗੱਲਾਂ ਵੱਲ ਲਾ! 17 ਕੀ ਜਿਹੜਾ ਨਿਆਂ ਨਾਲ ਘਿਣ ਕਰਦਾ ਹੈ, ਰਾਜ ਕਰੇਗਾ? ਕੀ ਤੂੰ ਧਰਮੀ ਅਤੇ ਖਰੇ ਨੂੰ ਦੋਸ਼ੀ ਠਹਿਰਾਵੇਂਗਾ? 18 ਭਲਾ, ਰਾਜੇ ਨੂੰ ਕਦੀ ਆਖੀਦਾ ਹੈ ਕਿ ਤੂੰ ਨਿਕੰਮਾ ਹੈਂ! ਜਾਂ ਪਤਵੰਤ ਨੂੰ ਕਿ ਤੁਸੀਂ ਦੁਸ਼ਟ ਹੋ? 19 ਜਿਹੜਾ ਹਾਕਮਾਂ ਦਾ ਪੱਖਪਾਤ ਨਹੀਂ ਕਰਦਾ, ਨਾ ਧਨੀ ਨੂੰ ਗ਼ਰੀਬ ਨਾਲੋਂ ਵੱਧ ਮੰਨਦਾ ਹੈ, ਕਿਉਂ ਜੋ ਉਹ ਸਾਰੇ ਦੇ ਸਾਰੇ ਉਹ ਦੇ ਹੱਥਾਂ ਦਾ ਕੰਮ ਹਨ! 20 ਉਹ ਇੱਕ ਦਮ ਅੱਧੀ ਰਾਤ ਨੂੰ ਮਰ ਜਾਂਦੇ, ਪਰਜਾ ਦੇ ਲੋਕ ਹਿਲਾਏ ਜਾਂਦੇ ਤੇ ਲੰਘ ਜਾਂਦੇ ਹਨ, ਅਤੇ ਜ਼ੋਰਾਵਰ ਬਿਨ੍ਹਾਂ ਹੱਥ ਲਾਏ ਚਲੇ ਜਾਂਦੇ ਹਨ।
21 “ਕਿਉਂ ਜੋ ਪਰਮੇਸ਼ੁਰ ਦੀਆਂ ਅੱਖਾਂ ਮਨੁੱਖਾਂ ਦੇ ਮਾਰਗਾਂ ਉੱਤੇ ਲੱਗੀਆਂ ਰਹਿੰਦੀਆਂ ਹਨ, ਉਹ ਉਸ ਦੇ ਸਾਰੇ ਕਦਮਾਂ ਨੂੰ ਵੇਖਦਾ ਹੈ। 22 ਅਜਿਹਾ ਕੋਈ ਹਨ੍ਹੇਰਾ ਜਾਂ ਘੁੱਪ ਹਨ੍ਹੇਰਾ ਨਹੀਂ, ਜਿੱਥੇ ਕੁਕਰਮੀ ਲੁੱਕ ਜਾਣ, 23 ਕਿਉਂ ਜੋ ਉਸ ਨੇ ਅਜੇ ਕਿਸੇ ਮਨੁੱਖ ਲਈ ਵੇਲਾ ਨਹੀਂ ਠਹਿਰਾਇਆ, ਕਿ ਪਰਮੇਸ਼ੁਰ ਕੋਲ ਨਿਆਂ ਲਈ ਜਾਵੇ। 24 ਉਹ ਜ਼ੋਰਾਵਰਾਂ ਨੂੰ ਬਿਨ੍ਹਾਂ ਪੁੱਛ-ਗਿੱਛ ਦੇ ਚੂਰ-ਚੂਰ ਕਰ ਦਿੰਦਾ ਹੈ, ਅਤੇ ਉਹਨਾਂ ਦੇ ਥਾਂ ਦੂਜਿਆਂ ਨੂੰ ਖੜ੍ਹਾ ਕਰਦਾ ਹੈ। 25 ਕਿਉਂ ਜੋ ਉਹ ਉਹਨਾਂ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹ ਉਹਨਾਂ ਨੂੰ ਰਾਤ ਨੂੰ ਉਲੱਦ ਦਿੰਦਾ ਹੈ ਕਿ ਉਹ ਭੰਨੇ ਜਾਂਦੇ ਹਨ। 26 ਉਹ ਉਹਨਾਂ ਨੂੰ ਸਭਨਾਂ ਦੇ ਵੇਖਦਿਆਂ ਦੁਸ਼ਟਾਂ ਵਾਂਗੂੰ ਮਾਰਦਾ ਹੈ, 27 ਇਸ ਲਈ ਕਿ ਉਹ ਉਸ ਦੇ ਪਿੱਛੇ ਚੱਲਣ ਤੋਂ ਫਿਰ ਗਏ, ਅਤੇ ਉਹਨਾਂ ਨੇ ਉਸ ਦੇ ਕਿਸੇ ਰਾਹ ਦੀ ਪਰਵਾਹ ਨਹੀਂ ਕੀਤੀ, 28 ਇੱਥੋਂ ਤੱਕ ਕਿ ਉਹਨਾਂ ਦੇ ਕਾਰਨ ਗਰੀਬਾਂ ਦੀ ਦੁਹਾਈ ਉਹ ਦੇ ਕੋਲ ਪਹੁੰਚੀ, ਅਤੇ ਮਸਕੀਨਾਂ ਦੀ ਦੁਹਾਈ ਉਸ ਨੇ ਸੁਣੀ। 29 ਜਦ ਉਹ ਚੁੱਪ ਰਹਿੰਦਾ ਹੈ ਤਾਂ ਕੌਣ ਉਸ ਨੂੰ ਦੋਸ਼ੀ ਠਹਿਰਾ ਸਕਦਾ ਹੈ ਜਦ ਉਹ ਆਪਣਾ ਮੂੰਹ ਫੇਰ ਲਵੇ ਤਾਂ ਕੌਣ ਉਸ ਦਾ ਦਰਸ਼ਣ ਪਵੇਗਾ? ਭਾਵੇਂ ਕੌਮ ਲਈ ਭਾਵੇਂ ਇੱਕ ਮਨੁੱਖ ਲਈ, ਉਹ ਦੋਹਾਂ ਨਾਲ ਇੱਕੋ ਜਿਹਾ ਵਿਹਾਰ ਕਰਦਾ ਹੈ, 30 ਤਾਂ ਜੋ ਅਧਰਮੀ ਮਨੁੱਖ ਰਾਜ ਨਾ ਕਰੇ, ਨਾ ਲੋਕਾਂ ਨੂੰ ਆਪਣੇ ਜਾਲ਼ ਵਿੱਚ ਫ਼ਸਾਵੇ।
31 “ਭਲਾ, ਕਦੀ ਕਿਸੇ ਨੇ ਪਰਮੇਸ਼ੁਰ ਨੂੰ ਆਖਿਆ, ਮੈਂ ਦੰਡ ਝੱਲ ਲਿਆ ਹੈ, ਮੈਂ ਫੇਰ ਬਦੀ ਨਾ ਕਰਾਂਗਾ? 32 ਜੋ ਮੈਂ ਸਮਝ ਨਹੀਂ ਸਕਦਾ ਤੂੰ ਉਹ ਮੈਨੂੰ ਸਿਖਾ, ਜੇ ਮੈਂ ਬੁਰਿਆਈ ਕੀਤੀ ਹੋਵੇ ਤਾਂ ਮੈਂ ਫਿਰ ਨਹੀਂ ਕਰਾਂਗਾ? 33 ਕੀ ਪਰਮੇਸ਼ੁਰ ਤੈਨੂੰ ਤੇਰੀ ਇੱਛਿਆ ਅਨੁਸਾਰ ਫਲ ਦੇਵੇ ਜਦ ਕਿ ਤੂੰ ਉਸ ਵੱਲ ਫਿਰਨ ਤੋਂ ਇਨਕਾਰ ਕਰਦਾ ਹੈਂ? ਕਿਉਂ ਜੋ ਇਸ ਦੀ ਚੋਣ ਤੂੰ ਕਰਨੀ ਹੈ ਨਾ ਕਿ ਮੈਂ, ਸੋ ਜੋ ਤੂੰ ਜਾਣਦਾ ਹੈ ਬੋਲ ਦੇ!
34 “ਗਿਆਨਵਾਨ ਮੈਨੂੰ ਆਖਣਗੇ, ਸਗੋਂ ਬੁੱਧਵਾਨ ਮਨੁੱਖ ਮੇਰੀ ਸੁਣ ਕੇ ਕਹਿਣਗੇ, 35 ਅੱਯੂਬ ਬਿਨ੍ਹਾਂ ਸਮਝ ਦੇ ਬੋਲਦਾ ਹੈ, ਅਤੇ ਉਸ ਦਾ ਬੋਲ ਗਿਆਨ ਰਹਿਤ ਹੈ! 36 ਕਾਸ਼ ਕਿ ਅੱਯੂਬ ਅੰਤ ਤੱਕ ਪਰਤਾਇਆ ਜਾਂਦਾ, ਕਿਉਂਕਿ ਉਹ ਕੁਕਰਮੀਆਂ ਵਾਂਗੂੰ ਉੱਤਰ ਦਿੰਦਾ ਹੈ! 37 ਉਹ ਤਾਂ ਆਪਣੇ ਪਾਪ ਉੱਤੇ ਅਪਰਾਧ ਜੋੜਦਾ ਹੈ, ਸਾਡੇ ਵਿਰੁੱਧ ਤਾੜੀ ਮਾਰਦਾ ਹੈ, ਅਤੇ ਪਰਮੇਸ਼ੁਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਈ ਜਾਂਦਾ ਹੈ।”