6
1 ਯਹੋਵਾਹ ਨੇ ਮੂਸਾ ਨੂੰ ਆਖਿਆ, 2 ਜੇ ਕੋਈ ਮਨੁੱਖ ਯਹੋਵਾਹ ਦੇ ਵਿਰੁੱਧ ਪਾਪ ਕਰਕੇ ਦੋਸ਼ੀ ਠਹਿਰੇ ਅਤੇ ਆਪਣੇ ਗੁਆਂਢੀ ਨਾਲ ਗਿਰਵੀ ਰੱਖੀ ਹੋਈ ਵਸਤੂ, ਲੈਣ-ਦੇਣ ਅਤੇ ਠੱਗੀ ਦੇ ਮਾਮਲਿਆਂ ਵਿੱਚ ਉਸ ਨਾਲ ਧੋਖਾ ਕਰੇ ਜਾਂ ਉਸ ਨੂੰ ਲੁੱਟੇ, 3 ਜਾਂ ਕਿਸੇ ਗੁਆਚੀ ਹੋਈ ਵਸਤੂ ਨੂੰ ਲੱਭੇ ਅਤੇ ਉਸ ਦੇ ਵਿਖੇ ਝੂਠ ਬੋਲੇ ਅਤੇ ਝੂਠੀ ਸਹੁੰ ਚੁੱਕੇ, ਅਜਿਹਾ ਕੋਈ ਵੀ ਕੰਮ ਜਿਸ ਨੂੰ ਕਰਕੇ ਮਨੁੱਖ ਪਾਪੀ ਠਹਿਰਦਾ ਹੈ, 4 ਤਾਂ ਜਦ ਉਹ ਅਜਿਹਾ ਕੰਮ ਕਰਕੇ ਦੋਸ਼ੀ ਠਹਿਰੇ ਤਾਂ ਜਿਹੜੀ ਵਸਤੂ ਉਸ ਨੇ ਖੋਹ ਲਈ ਸੀ, ਜਾਂ ਉਸ ਨੂੰ ਛਲ ਨਾਲ ਮਿਲੀ, ਜਾਂ ਉਸ ਦੇ ਕੋਲ ਗਿਰਵੀ ਰੱਖੀ ਸੀ, ਜਾਂ ਗੁਆਚੀ ਹੋਈ ਵਸਤੂ ਉਸ ਨੂੰ ਲੱਭੀ ਹੋਵੇ, 5 ਜਾਂ ਕੋਈ ਵੀ ਵਸਤੂ ਹੋਵੇ ਜਿਸ ਦੇ ਵਿਖੇ ਉਸ ਨੇ ਝੂਠੀ ਸਹੁੰ ਚੁੱਕੀ ਹੋਵੇ, ਤਾਂ ਜਿਸ ਦਿਨ ਉਸ ਨੂੰ ਇਹ ਖ਼ਬਰ ਹੋਵੇ ਕਿ ਉਹ ਦੋਸ਼ੀ ਹੈ ਤਾਂ ਉਹ ਉਸ ਨੂੰ ਉਸੇ ਤਰ੍ਹਾਂ ਹੀ ਸਗੋਂ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਦੇ ਸੁਆਮੀ ਨੂੰ ਮੋੜ ਦੇਵੇ। 6 ਅਤੇ ਉਹ ਯਹੋਵਾਹ ਦੇ ਅੱਗੇ ਆਪਣੀ ਦੋਸ਼ ਬਲੀ ਦੀ ਭੇਟ ਲਈ ਇੱਜੜ ਵਿੱਚੋਂ ਦੋਸ਼ ਰਹਿਤ ਇੱਕ ਭੇਡੂ ਜਾਜਕ ਦੇ ਕੋਲ ਲਿਆਵੇ, ਉਸ ਦਾ ਮੁੱਲ ਓਨਾ ਹੀ ਹੋਵੇ ਜਿਨ੍ਹਾਂ ਜਾਜਕ ਠਹਿਰਾਵੇ। 7 ਅਤੇ ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ ਅਤੇ ਜਿਸ ਕੰਮ ਵਿੱਚ ਉਸ ਨੇ ਪਾਪ ਕੀਤਾ ਹੋਵੇ, ਉਹ ਉਸ ਨੂੰ ਮਾਫ਼ ਕੀਤਾ ਜਾਵੇਗਾ।
ਵੱਖਰੀਆਂ-ਵੱਖਰੀਆਂ ਬਲੀਆਂ ਦੀ ਬਿਧੀ
ਹੋਮ ਬਲੀ
8 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 9 ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਇਹ ਆਖ ਕੇ ਹੁਕਮ ਦੇ ਕਿ ਹੋਮ ਬਲੀ ਦੀ ਭੇਟ ਦੀ ਬਿਵਸਥਾ ਇਹ ਹੈ: ਹੋਮ ਬਲੀ ਸਾਰੀ ਰਾਤ ਤੋਂ ਸਵੇਰ ਤੱਕ ਜਗਵੇਦੀ ਦੇ ਉੱਤੇ ਪਈ ਰਹੇ ਅਤੇ ਜਗਵੇਦੀ ਦੀ ਅੱਗ ਉਸ ਦੇ ਵਿੱਚ ਬਲ਼ਦੀ ਰਹੇ। 10 ਅਤੇ ਜਾਜਕ ਆਪਣੇ ਕਤਾਨ ਦੇ ਬਸਤਰ ਅਤੇ ਆਪਣੇ ਸਰੀਰ ਉੱਤੇ ਅੰਗਰੱਖਾ ਪਹਿਨ ਲਵੇ ਅਤੇ ਹੋਮ ਬਲੀ ਦੀ ਸੁਆਹ ਜਿਹੜੀ ਅੱਗ ਨਾਲ ਭਸਮ ਕਰਨ ਤੋਂ ਬਾਅਦ ਜਗਵੇਦੀ ਉੱਤੇ ਬਚ ਜਾਵੇ, ਉਸ ਨੂੰ ਚੁੱਕ ਕੇ ਜਗਵੇਦੀ ਦੇ ਇੱਕ ਪਾਸੇ ਰੱਖ ਦੇਵੇ। 11 ਤਦ ਉਹ ਆਪਣੇ ਇਹ ਬਸਤਰ ਲਾਹ ਦੇਵੇ ਅਤੇ ਦੂਜੇ ਬਸਤਰ ਪਾ ਕੇ ਉਸ ਸੁਆਹ ਨੂੰ ਡੇਰਿਆਂ ਤੋਂ ਬਾਹਰ ਸਾਫ਼ ਸਥਾਨ ਵਿੱਚ ਲੈ ਜਾਵੇ। 12 ਜਗਵੇਦੀ ਦੇ ਉੱਤੇ ਅੱਗ ਸਦਾ ਬਲਦੀ ਰਹੇ, ਉਹ ਕਦੇ ਨਾ ਬੁਝਾਈ ਜਾਵੇ ਅਤੇ ਜਾਜਕ ਹਰ ਰੋਜ਼ ਸਵੇਰ ਦੇ ਵੇਲੇ ਉਸ ਦੇ ਉੱਤੇ ਲੱਕੜਾਂ ਬਾਲਣ ਅਤੇ ਹੋਮ ਦੀ ਭੇਟ ਸੁਧਾਰ ਕੇ ਰੱਖਣ ਅਤੇ ਉਸ ਦੇ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਸਾੜਨ। 13 ਜਗਵੇਦੀ ਦੇ ਉੱਤੇ ਅੱਗ ਸਦਾ ਬਲਦੀ ਰਹੇ, ਉਹ ਕਦੇ ਵੀ ਨਾ ਬੁਝੇ।
ਮੈਦੇ ਦੀ ਭੇਟ
14 ਮੈਦੇ ਦੀ ਭੇਟ ਦੀ ਬਿਵਸਥਾ ਇਹ ਹੈ: ਹਾਰੂਨ ਦੇ ਪੁੱਤਰ ਯਹੋਵਾਹ ਦੇ ਅੱਗੇ ਜਗਵੇਦੀ ਦੇ ਸਾਹਮਣੇ ਉਸ ਨੂੰ ਚੜ੍ਹਾਉਣ। 15 ਅਤੇ ਉਹ ਮੈਦੇ ਦੀ ਭੇਟ ਵਿੱਚੋਂ ਤੇਲ ਰਲੇ ਹੋਏ ਮੈਦੇ ਦੀ ਇੱਕ ਮੁੱਠ ਭਰੇ ਅਤੇ ਉਸ ਦਾ ਸਾਰਾ ਲੁਬਾਨ ਚੁੱਕ ਕੇ, ਮੈਦੇ ਦੀ ਭੇਟ ਵਿੱਚੋਂ ਯਾਦਗੀਰੀ ਲਈ ਯਹੋਵਾਹ ਦੇ ਲਈ ਸੁਗੰਧਤਾ ਕਰਕੇ ਜਗਵੇਦੀ ਦੇ ਉੱਤੇ ਸਾੜੇ। 16 ਅਤੇ ਜੋ ਕੁਝ ਬਚ ਜਾਵੇ ਉਸ ਨੂੰ ਹਾਰੂਨ ਅਤੇ ਉਸ ਦੇ ਪੁੱਤਰ ਖਾਣ, ਉਹ ਪਤੀਰੀ ਰੋਟੀ ਨਾਲ ਪਵਿੱਤਰ ਸਥਾਨ ਵਿੱਚ ਖਾਧੀ ਜਾਵੇ ਅਤੇ ਉਹ ਮੰਡਲੀ ਦੇ ਡੇਰੇ ਦੇ ਵਿਹੜੇ ਵਿੱਚ ਉਸ ਨੂੰ ਖਾਣ। 17 ਉਹ ਖ਼ਮੀਰ ਨਾਲ ਪਕਾਇਆ ਨਾ ਜਾਵੇ, ਕਿਉਂ ਜੋ ਮੈਂ ਉਸ ਨੂੰ ਆਪਣੀਆਂ ਅੱਗ ਦੀਆਂ ਭੇਟਾਂ ਵਿੱਚੋਂ, ਉਨ੍ਹਾਂ ਦਾ ਨਿੱਜ-ਭਾਗ ਠਹਿਰਾ ਕੇ ਦਿੱਤਾ ਹੈ, ਇਸ ਲਈ ਜਿਸ ਤਰ੍ਹਾਂ ਪਾਪ ਬਲੀ ਦੀ ਭੇਟ ਅਤੇ ਦੋਸ਼ ਬਲੀ ਦੀ ਭੇਟ ਅੱਤ ਪਵਿੱਤਰ ਹੈ, ਉਸੇ ਤਰ੍ਹਾਂ ਇਹ ਵੀ ਪਵਿੱਤਰ ਹੈ। 18 ਹਾਰੂਨ ਦੀ ਸੰਤਾਨ ਵਿੱਚੋਂ ਸਾਰੇ ਪੁਰਖ ਉਸ ਵਿੱਚੋਂ ਖਾ ਸਕਦੇ ਹਨ, ਇਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੈ। ਜਿਹੜਾ ਉਨ੍ਹਾਂ ਨੂੰ ਛੂਹੇ ਉਹ ਪਵਿੱਤਰ ਠਹਿਰੇਗਾ।
19 ਯਹੋਵਾਹ ਨੇ ਮੂਸਾ ਨੂੰ ਆਖਿਆ, 20 ਜਿਸ ਦਿਨ ਹਾਰੂਨ ਨੂੰ ਮਸਹ ਕੀਤਾ ਜਾਵੇ, ਉਸ ਦਿਨ ਉਹ ਆਪਣੇ ਪੁੱਤਰਾਂ ਦੇ ਨਾਲ ਯਹੋਵਾਹ ਦੇ ਅੱਗੇ ਭੇਟ ਚੜ੍ਹਾਵੇ ਅਰਥਾਤ ਏਫਾਹ*ਅੱਧਾ ਲੀਟਰ ਦਾ ਦਸਵਾਂ ਹਿੱਸਾ, ਇੱਕ ਸਦਾ ਦੀ ਮੈਦੇ ਦੀ ਭੇਟ ਦੇ ਲਈ ਅੱਧਾ ਸਵੇਰ ਨੂੰ ਅਤੇ ਅੱਧਾ ਰਾਤ ਨੂੰ ਚੜ੍ਹਾਵੇ। 21 ਉਹ ਤਵੇ ਉੱਤੇ ਤੇਲ ਦੇ ਨਾਲ ਬਣਾਈ ਜਾਵੇ ਅਤੇ ਜਦੋਂ ਪੱਕ ਜਾਵੇ ਤਾਂ ਤੂੰ ਉਸ ਨੂੰ ਅੰਦਰ ਲੈ ਆਵੀਂ ਅਤੇ ਮੈਦੇ ਦੀ ਭੇਟ ਦੇ ਇਸ ਪਕਾਏ ਹੋਏ ਟੁੱਕੜੇ ਨੂੰ ਤੂੰ ਯਹੋਵਾਹ ਦੇ ਅੱਗੇ ਸੁਗੰਧਤਾ ਲਈ ਚੜ੍ਹਾਵੀਂ। 22 ਹਾਰੂਨ ਦੇ ਪੁੱਤਰਾਂ ਵਿੱਚੋਂ ਜਿਸ ਨੂੰ ਵੀ ਜਾਜਕ ਹੋਣ ਲਈ ਮਸਹ ਕੀਤਾ ਜਾਵੇ ਉਹ ਉਸ ਭੇਟ ਨੂੰ ਚੜ੍ਹਾਵੇ, ਇਹ ਯਹੋਵਾਹ ਦੇ ਅੱਗੇ ਇੱਕ ਸਦਾ ਦੀ ਬਿਧੀ ਹੈ। ਇਹ ਸਾਰੀ ਭੇਟ ਸਾੜੀ ਜਾਵੇ। 23 ਕਿਉਂ ਜੋ ਜਾਜਕ ਦੀਆਂ ਸਾਰੀਆਂ ਮੈਦੇ ਦੀਆਂ ਭੇਟਾਂ ਪੂਰੀਆਂ ਸਾੜੀਆਂ ਜਾਣ, ਉਹ ਖਾਧੀਆਂ ਨਾ ਜਾਣ।
ਪਾਪ ਬਲੀ
24 ਯਹੋਵਾਹ ਨੇ ਮੂਸਾ ਨੂੰ ਆਖਿਆ, 25 ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ ਕਿ ਪਾਪ ਦੀ ਭੇਟ ਦੀ ਬਿਧੀ ਇਹ ਹੈ: ਜਿੱਥੇ ਹੋਮ ਬਲੀ ਦੀ ਭੇਟ ਵੱਢੀ ਜਾਂਦੀ ਹੈ, ਉੱਥੇ ਹੀ ਪਾਪ ਬਲੀ ਦੀ ਭੇਟ ਵੀ ਯਹੋਵਾਹ ਦੇ ਲਈ ਵੱਢੀ ਜਾਵੇ, ਇਹ ਅੱਤ ਪਵਿੱਤਰ ਹੈ। 26 ਜਿਹੜਾ ਜਾਜਕ ਪਾਪ ਬਲੀ ਚੜ੍ਹਾਵੇ ਉਹ ਹੀ ਉਸ ਨੂੰ ਖਾਵੇ, ਉਹ ਮੰਡਲੀ ਦੇ ਡੇਰੇ ਦੇ ਵਿਹੜੇ ਵਿੱਚ ਪਵਿੱਤਰ ਸਥਾਨ ਵਿੱਚ ਖਾਧੀ ਜਾਵੇ। 27 ਜੋ ਕੁਝ ਉਸ ਦੇ ਮਾਸ ਨੂੰ ਛੂਹੇ ਉਹ ਪਵਿੱਤਰ ਠਹਿਰੇਗਾ ਅਤੇ ਜੇਕਰ ਉਸ ਦੇ ਲਹੂ ਦੀ ਛਿੱਟੇ ਕਿਸੇ ਬਸਤਰ ਉੱਤੇ ਪੈ ਜਾਣ ਤਾਂ ਤੂੰ ਉਸ ਬਸਤਰ ਨੂੰ ਕਿਸੇ ਪਵਿੱਤਰ ਸਥਾਨ ਵਿੱਚ ਧੋ ਦੇਵੀਂ। 28 ਅਤੇ ਉਹ ਮਿੱਟੀ ਦੀ ਹਾਂਡੀ ਜਿਸ ਦੇ ਵਿੱਚ ਉਹ ਪਕਾਇਆ ਜਾਵੇ, ਉਸ ਨੂੰ ਤੋੜ ਦਿੱਤਾ ਜਾਵੇ ਪਰ ਜੇਕਰ ਉਹ ਕਿਸੇ ਪਿੱਤਲ ਦੀ ਹਾਂਡੀ ਵਿੱਚ ਪਕਾਇਆ ਗਿਆ ਹੋਵੇ, ਤਾਂ ਉਸ ਨੂੰ ਮਾਂਜ ਕੇ ਪਾਣੀ ਨਾਲ ਧੋਇਆ ਜਾਵੇ। 29 ਜਾਜਕਾਂ ਵਿੱਚੋਂ ਸਾਰੇ ਪੁਰਖ ਉਸ ਨੂੰ ਖਾ ਸਕਦੇ ਹਨ, ਇਹ ਅੱਤ ਪਵਿੱਤਰ ਹੈ। 30 ਪਰ ਜਿਸ ਪਾਪ ਬਲੀ ਦੀ ਭੇਟ ਦੇ ਲਹੂ ਵਿੱਚੋਂ ਕੁਝ ਵੀ ਲਹੂ ਮੰਡਲੀ ਦੇ ਡੇਰੇ ਵਿੱਚ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਲਿਆਇਆ ਜਾਵੇ, ਉਸ ਦਾ ਮਾਸ ਕਦੀ ਵੀ ਨਾ ਖਾਧਾ ਜਾਵੇ, ਨਾ ਹੀ ਉਹ ਅੱਗ ਵਿੱਚ ਸਾੜਿਆ ਜਾਵੇ।