21
ਜਾਜਕਾਂ ਲਈ ਖ਼ਾਸ ਬਿਧੀਆਂ ਅਤੇ ਨਿਯਮ
ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦੇ ਪੁੱਤਰਾਂ ਨਾਲ ਜੋ ਜਾਜਕ ਹਨ, ਗੱਲ ਕਰ ਕੇ ਆਖ, ਕੋਈ ਵੀ ਜਾਜਕ ਆਪਣੇ ਲੋਕਾਂ ਵਿੱਚੋਂ ਕਿਸੇ ਵੀ ਮਰੇ ਹੋਏ ਦੇ ਲਈ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ, ਪਰ ਸਿਰਫ਼ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਰਥਾਤ ਆਪਣੀ ਮਾਂ, ਆਪਣੇ ਪਿਤਾ, ਆਪਣੇ ਪੁੱਤਰ, ਆਪਣੀ ਧੀ, ਆਪਣੇ ਭਰਾ, ਅਤੇ ਆਪਣੀ ਕੁਆਰੀ ਭੈਣ ਦੇ ਲਈ, ਜੋ ਉਸ ਦੀ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਉਸਦਾ ਵਿਆਹ ਨਾ ਹੋਇਆ ਹੋਵੇ ਤਾਂ ਇਨ੍ਹਾਂ ਦੇ ਲਈ ਉਹ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ। ਉਹ ਆਪਣੇ ਲੋਕਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ ਕਿ ਉਹ ਅਪਵਿੱਤਰ ਹੋ ਜਾਵੇ। ਉਹ ਆਪਣੇ ਸਿਰ ਨਾ ਮੁਨਾਉਣ, ਨਾ ਆਪਣੀ ਦਾੜ੍ਹੀ ਦੇ ਸਿਰੇ ਮੁਨਾਉਣ ਅਤੇ ਨਾ ਹੀ ਆਪਣੇ ਸਰੀਰਾਂ ਨੂੰ ਚੀਰੇ ਲਗਵਾਉਣ।*ਦੇਖੋ 19:27-28 ਉਹ ਆਪਣੇ ਪਰਮੇਸ਼ੁਰ ਅੱਗੇ ਪਵਿੱਤਰ ਹੋਣ ਅਤੇ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਨਾ ਕਰਨ ਕਿਉਂ ਜੋ ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਅਤੇ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦੇ ਹਨ, ਇਸ ਲਈ ਉਹ ਪਵਿੱਤਰ ਰਹਿਣ। ਉਹ ਕਿਸੇ ਵੇਸਵਾ ਜਾਂ ਭਰਿਸ਼ਟ ਇਸਤਰੀ ਨਾਲ ਵਿਆਹ ਨਾ ਕਰਨ, ਨਾ ਹੀ ਉਹ ਆਪਣੇ ਪਤੀ ਵੱਲੋਂ ਤਿਆਗੀ ਹੋਈ ਕਿਸੇ ਇਸਤਰੀ ਨੂੰ ਵਿਆਹੁਣ, ਕਿਉਂ ਜੋ ਉਹ ਆਪਣੇ ਪਰਮੇਸ਼ੁਰ ਦੇ ਅੱਗੇ ਪਵਿੱਤਰ ਹਨ। ਇਸ ਲਈ ਤੂੰ ਉਸ ਨੂੰ ਪਵਿੱਤਰ ਕਰੀਂ, ਕਿਉਂ ਜੋ ਉਹ ਤੇਰੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦਾ ਹੈ। ਤੂੰ ਉਸ ਨੂੰ ਪਵਿੱਤਰ ਜਾਣੀ ਕਿਉਂ ਜੋ ਮੈਂ ਯਹੋਵਾਹ ਪਵਿੱਤਰ ਹਾਂ, ਜੋ ਤੁਹਾਨੂੰ ਪਵਿੱਤਰ ਕਰਦਾ ਹਾਂ। ਜੇਕਰ ਕਿਸੇ ਜਾਜਕ ਦੀ ਧੀ ਵੇਸਵਾ ਬਣ ਕੇ ਆਪਣੇ ਆਪ ਨੂੰ ਭਰਿਸ਼ਟ ਕਰੇ ਤਾਂ ਉਹ ਆਪਣੇ ਪਿਤਾ ਨੂੰ ਬਦਨਾਮ ਕਰਦੀ ਹੈ, ਇਸ ਲਈ ਉਹ ਅੱਗ ਨਾਲ ਸਾੜੀ ਜਾਵੇ।
10 ਉਹ ਜੋ ਆਪਣੇ ਭਰਾਵਾਂ ਵਿੱਚ ਪ੍ਰਧਾਨ ਜਾਜਕ ਹੈ, ਜਿਸ ਦੇ ਸਿਰ ਉੱਤੇ ਮਸਹ ਕਰਨ ਦਾ ਤੇਲ ਪਾਇਆ ਗਿਆ ਹੈ ਅਤੇ ਜੋ ਪਵਿੱਤਰ ਬਸਤਰ ਪਾਉਣ ਲਈ ਥਾਪਿਆ ਹੈ, ਉਹ ਆਪਣਾ ਸਿਰ ਨੰਗਾ ਨਾ ਕਰੇ ਅਤੇ ਨਾ ਹੀ ਆਪਣੇ ਬਸਤਰ ਪਾੜੇ। 11 ਉਹ ਕਿਸੇ ਲਾਸ਼ ਦੇ ਕੋਲ ਨਾ ਜਾਵੇ ਅਤੇ ਨਾ ਹੀ ਆਪਣੇ ਪਿਤਾ ਜਾਂ ਆਪਣੀ ਮਾਤਾ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਕਰੇ। 12 ਉਹ ਪਵਿੱਤਰ ਸਥਾਨ ਤੋਂ ਬਾਹਰ ਨਾ ਨਿੱਕਲੇ ਅਤੇ ਨਾ ਆਪਣੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਭਰਿਸ਼ਟ ਕਰੇ, ਕਿਉਂ ਜੋ ਉਸ ਦੇ ਸਿਰ ਉੱਤੇ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਤੇਲ ਦਾ ਮੁਕਟ ਹੈ। ਮੈਂ ਯਹੋਵਾਹ ਹਾਂ। 13 ਉਹ ਕੁਆਰੀ ਇਸਤਰੀ ਨਾਲ ਹੀ ਵਿਆਹ ਕਰੇ। 14 ਉਹ ਕਿਸੇ ਵਿਧਵਾ, ਜਾਂ ਛੱਡੀ ਹੋਈ, ਜਾਂ ਭਰਿਸ਼ਟ ਜਾਂ ਵੇਸਵਾ ਇਸਤਰੀ ਨਾਲ ਵਿਆਹ ਨਾ ਕਰੇ, ਪਰ ਉਹ ਆਪਣੇ ਲੋਕਾਂ ਵਿੱਚੋਂ ਇੱਕ ਕੁਆਰੀ ਇਸਤਰੀ ਨਾਲ ਹੀ ਵਿਆਹ ਕਰੇ। 15 ਉਹ ਆਪਣੇ ਲੋਕਾਂ ਵਿੱਚ, ਆਪਣੇ ਵੰਸ਼ ਨੂੰ ਭਰਿਸ਼ਟ ਨਾ ਕਰੇ, ਕਿਉਂ ਜੋ ਮੈਂ ਯਹੋਵਾਹ ਉਸ ਨੂੰ ਪਵਿੱਤਰ ਠਹਿਰਾਉਂਦਾ ਹਾਂ।
16 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 17 ਹਾਰੂਨ ਨੂੰ ਆਖ, ਤੇਰੀ ਵੰਸ਼ ਵਿੱਚ ਪੀੜ੍ਹੀਓਂ ਪੀੜ੍ਹੀ ਤੱਕ ਜਿਸ ਕਿਸੇ ਵਿੱਚ ਕੋਈ ਦੋਸ਼ ਹੋਵੇ, ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨਜ਼ਦੀਕ ਨਾ ਜਾਵੇ। 18 ਕੋਈ ਵੀ ਮਨੁੱਖ ਜਿਸ ਵਿੱਚ ਕੋਈ ਵੀ ਦੋਸ਼ ਹੋਵੇ, ਭਾਵੇਂ ਅੰਨ੍ਹਾ, ਭਾਵੇਂ ਲੰਗੜਾ, ਭਾਵੇਂ ਜਿਸ ਦਾ ਨੱਕ ਫੀਨਾ ਹੋਵੇ, ਜਾਂ ਜਿਸ ਦੀ ਲੱਤ ਲੰਮੀ ਹੋਵੇ, 19 ਜਾਂ ਉਸਦਾ ਪੈਰ ਜਾਂ ਹੱਥ ਟੁੱਟਿਆ ਹੋਇਆ ਹੋਵੇ, 20 ਜਾਂ ਕੁੱਬਾ, ਜਾਂ ਮਧਰਾ ਜਾਂ ਭੈਂਗਾ ਜਾਂ ਜਿਸ ਨੂੰ ਦਾਦ ਜਾਂ ਖੁਜਲੀ ਹੋਵੇ ਜਾਂ ਜਿਸ ਦੇ ਨਲ ਕੁਚਲੇ ਹੋਏ ਹੋਣ, ਉਹ ਨਜ਼ਦੀਕ ਨਾ ਜਾਵੇ। 21 ਹਾਰੂਨ ਜਾਜਕ ਦੇ ਵੰਸ਼ ਵਿੱਚੋਂ ਜਿਸ ਕਿਸੇ ਮਨੁੱਖ ਵਿੱਚ ਕੋਈ ਦੋਸ਼ ਹੋਵੇ, ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਚੜ੍ਹਾਉਣ ਲਈ ਨਜ਼ਦੀਕ ਨਾ ਆਵੇ। ਕਿਉਂ ਜੋ ਉਸ ਵਿੱਚ ਦੋਸ਼ ਹੈ, ਇਸ ਲਈ ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨਜ਼ਦੀਕ ਨਾ ਆਵੇ। 22 ਉਹ ਆਪਣੇ ਪਰਮੇਸ਼ੁਰ ਦੀ ਅੱਤ ਪਵਿੱਤਰ ਅਤੇ ਪਵਿੱਤਰ ਰੋਟੀ ਵਿੱਚੋਂ ਖਾਵੇ, 23 ਪਰ ਉਹ ਪਰਦੇ ਦੇ ਅੰਦਰ ਨਾ ਜਾਵੇ ਅਤੇ ਨਾ ਹੀ ਜਗਵੇਦੀ ਦੇ ਨਜ਼ਦੀਕ ਜਾਵੇ ਕਿਉਂ ਜੋ ਉਸ ਵਿੱਚ ਦੋਸ਼ ਹੈ, ਅਜਿਹਾ ਨਾ ਹੋਵੇ ਕਿ ਉਹ ਮੇਰੇ ਪਵਿੱਤਰ ਸਥਾਨਾਂ ਨੂੰ ਭਰਿਸ਼ਟ ਕਰੇ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਠਹਿਰਾਉਂਦਾ ਹਾਂ।
24 ਇਸ ਲਈ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਘਰਾਣਿਆਂ ਨੂੰ ਇਹ ਗੱਲਾਂ ਦੱਸੀਆਂ।

*21:5 ਦੇਖੋ 19:27-28