23
ਖ਼ਾਸ ਪਰਬਾਂ ਲਈ ਬਿਧੀਆਂ
ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲੀਆਂ ਨੂੰ ਆਖ ਕਿ ਜਿਹੜੇ ਯਹੋਵਾਹ ਦੇ ਪਰਬ ਹਨ, ਜਿਨ੍ਹਾਂ ਦੀ ਤੁਸੀਂ ਪਵਿੱਤਰ ਸਭਾ ਲਈ ਨਿਯੁਕਤ ਸਮੇਂ ਤੇ ਘੋਸ਼ਣਾ ਕਰਨੀ ਹੈ ਉਹ ਇਹ ਹਨ, ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਮਹਾਂ-ਸਬਤ ਦਾ ਅਤੇ ਪਵਿੱਤਰ ਸਭਾ ਦਾ ਦਿਨ ਹੈ, ਤੁਸੀਂ ਉਸ ਦਿਨ ਕੋਈ ਕੰਮ ਨਾ ਕਰਨਾ। ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਯਹੋਵਾਹ ਦਾ ਸਬਤ ਹੈ।
ਪਸਾਹ ਅਤੇ ਪਤੀਰੀ ਰੋਟੀ ਦਾ ਪਰਬ
ਗਿਣਤੀ 28:16-25
“ਯਹੋਵਾਹ ਦੇ ਪਰਬ ਜਿਨ੍ਹਾਂ ਦੇ ਨਿਯੁਕਤ ਕੀਤੇ ਹੋਏ ਸਮੇਂ ਤੇ ਤੁਸੀਂ ਪਵਿੱਤਰ ਸਭਾ ਕਰਨ ਲਈ ਘੋਸ਼ਣਾ ਕਰਨੀ ਹੈ, ਉਹ ਇਹ ਹਨ, ਪਹਿਲੇ ਮਹੀਨੇ ਦੇ ਚੌਧਵੇਂ ਦਿਨ ਨੂੰ ਸ਼ਾਮ ਦੇ ਵੇਲੇ ਯਹੋਵਾਹ ਦੇ ਪਸਾਹ ਦਾ ਪਰਬ ਹੈ। ਅਤੇ ਉਸੇ ਮਹੀਨੇ ਦੇ ਪੰਦਰਵੇਂ ਦਿਨ ਨੂੰ ਯਹੋਵਾਹ ਦੀ ਪਤੀਰੀ ਰੋਟੀ ਦਾ ਪਰਬ ਹੈ, ਉਸ ਵਿੱਚ ਸੱਤ ਦਿਨ ਤੱਕ ਤੁਸੀਂ ਪਤੀਰੀ ਰੋਟੀ ਖਾਣਾ। ਪਹਿਲੇ ਦਿਨ ਤੁਸੀਂ ਪਵਿੱਤਰ ਸਭਾ ਕਰਨਾ, ਉਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ। ਸੱਤ ਦਿਨ ਤੱਕ ਤੁਸੀਂ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਚੜ੍ਹਾਉਣਾ ਅਤੇ ਸੱਤਵੇਂ ਦਿਨ ਪਵਿੱਤਰ ਸਭਾ ਹੋਵੇ, ਉਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।”
ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 10 “ਇਸਰਾਏਲੀਆਂ ਨਾਲ ਗੱਲ ਕਰ ਅਤੇ ਆਖ ਜਿਸ ਵੇਲੇ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਜਿਹੜਾ ਮੈਂ ਤੁਹਾਨੂੰ ਦਿੰਦਾ ਹਾਂ, ਅਤੇ ਉਸ ਦੀ ਫ਼ਸਲ ਵੱਢੋ ਤਾਂ ਤੁਸੀਂ ਆਪਣੀ ਉਪਜ ਦੇ ਪਹਿਲੇ ਫਲ ਵਿੱਚੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ। 11 ਅਤੇ ਉਹ ਉਸ ਪੂਲੇ ਨੂੰ ਯਹੋਵਾਹ ਦੇ ਅੱਗੇ ਹਿਲਾਵੇ ਤਾਂ ਜੋ ਉਹ ਤੁਹਾਡੇ ਵੱਲੋਂ ਸਵੀਕਾਰ ਕੀਤਾ ਜਾਵੇ, ਜਾਜਕ ਉਸ ਨੂੰ ਸਬਤ ਦੇ ਅਗਲੇ ਦਿਨ ਹਿਲਾਵੇ। 12 ਅਤੇ ਜਿਸ ਦਿਨ ਤੁਸੀਂ ਉਸ ਪੂਲੇ ਨੂੰ ਹਿਲਾਓ, ਉਸੇ ਦਿਨ ਤੁਸੀਂ ਇੱਕ ਸਾਲ ਦਾ ਦੋਸ਼ ਰਹਿਤ ਇੱਕ ਲੇਲਾ ਯਹੋਵਾਹ ਦੇ ਅੱਗੇ ਹੋਮ ਦੀ ਭੇਟ ਕਰਕੇ ਚੜ੍ਹਾਉਣਾ। 13 ਅਤੇ ਉਸ ਦੇ ਨਾਲ ਮੈਦੇ ਦੀ ਭੇਟ, ਏਫ਼ਾਹ ਦਾ ਦੋ ਦੱਸਵਾਂ ਹਿੱਸਾ ਤੇਲ ਨਾਲ ਰਲੇ ਹੋਏ ਮੈਦੇ ਦਾ ਹੋਵੇ, ਉਹ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਉਸ ਦੇ ਨਾਲ ਪੀਣ ਦੀ ਭੇਟ ਲਈ ਕੁੱਪੇ ਦੀ ਚੁਥਾਈ* 23:13 ਇੱਕ ਕਿੱਲੋ, ਦੇਖੋ ਕੂਚ 29:40 ਦਾਖਰਸ ਹੋਵੇ। 14 ਜਿਸ ਦਿਨ ਤੱਕ ਤੁਸੀਂ ਇਸ ਭੇਟ ਨੂੰ ਆਪਣੇ ਪਰਮੇਸ਼ੁਰ ਦੇ ਅੱਗੇ ਨਾ ਲਿਆਓ, ਉਸ ਦਿਨ ਤੱਕ ਤੁਸੀਂ ਪਹਿਲੇ ਫਲ ਵਿੱਚੋਂ ਨਾ ਰੋਟੀ, ਨਾ ਭੁੰਨੇ ਹੋਏ ਦਾਣੇ ਅਤੇ ਨਾ ਹੀ ਹਰੇ ਸਿੱਟੇ ਖਾਣਾ। ਇਹ ਤੁਹਾਡੀਆਂ ਪੀੜ੍ਹੀਆਂ ਤੱਕ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਇੱਕ ਸਦਾ ਦੀ ਬਿਧੀ ਹੋਵੇ।”
ਪਹਿਲੀ ਉਪਜ ਦਾ ਪਰਬ
ਗਿਣਤੀ 28:26-31
15 “ਫੇਰ ਉਸ ਸਬਤ ਦੇ ਅਗਲੇ ਦਿਨ ਤੋਂ ਜਦ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ, ਤੁਸੀਂ ਅਗਲੇ ਸੱਤ ਸਬਤ ਗਿਣ ਲੈਣਾ। 16 ਅਤੇ ਸੱਤਵੇਂ ਸਬਤ ਦੇ ਅਗਲੇ ਦਿਨ ਤੱਕ ਤੁਸੀਂ ਪੰਜਾਹ ਦਿਨ ਗਿਣ ਲੈਣਾ ਅਤੇ ਫੇਰ ਯਹੋਵਾਹ ਦੇ ਅੱਗੇ ਇੱਕ ਨਵੀਂ ਮੈਦੇ ਦੀ ਭੇਟ ਚੜ੍ਹਾਉਣਾ। 17 ਤੁਸੀਂ ਆਪਣੇ ਨਿਵਾਸ ਸਥਾਨਾਂ ਵਿੱਚੋਂ ਏਫ਼ਾਹ ਦੇ ਦੋ ਦਸਵੇਂ ਹਿੱਸੇ ਮੈਦੇ ਦੀਆਂ ਦੋ ਰੋਟੀਆਂ ਹਿਲਾਉਣ ਦੀ ਭੇਟ ਕਰਕੇ ਲਿਆਉਣਾ, ਉਹ ਖ਼ਮੀਰ ਨਾਲ ਗੁੰਨ੍ਹੇ ਹੋਏ ਮੈਦੇ ਦੀਆਂ ਹੋਣ, ਇਹ ਯਹੋਵਾਹ ਦੇ ਅੱਗੇ ਉਪਜ ਦਾ ਪਹਿਲਾ ਫਲ ਹੈ। 18 ਤੁਸੀਂ ਉਨ੍ਹਾਂ ਰੋਟੀਆਂ ਦੇ ਨਾਲ ਇੱਕ ਸਾਲ ਦੇ ਦੋਸ਼ ਰਹਿਤ ਸੱਤ ਲੇਲੇ, ਇੱਕ ਜੁਆਨ ਬਲ਼ਦ ਅਤੇ ਦੋ ਛੱਤਰੇ ਹੋਮ ਬਲੀ ਦੀ ਭੇਟ ਕਰਕੇ ਚੜ੍ਹਾਉਣਾ। ਉਹ ਉਨ੍ਹਾਂ ਦੀਆਂ ਮੈਦੇ ਦੀਆਂ ਭੇਟਾਂ, ਪੀਣ ਦੀਆਂ ਭੇਟਾਂ ਸਮੇਤ ਯਹੋਵਾਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਹੋਵੇ। 19 ਫੇਰ ਤੁਸੀਂ ਪਾਪ ਬਲੀ ਦੀ ਭੇਟ ਲਈ ਇੱਕ ਬੱਕਰਾ ਅਤੇ ਸੁੱਖ-ਸਾਂਦ ਦੀ ਭੇਟ ਲਈ ਇੱਕ ਸਾਲ ਦੇ ਦੋ ਲੇਲੇ ਬਲੀ ਕਰਕੇ ਚੜ੍ਹਾਉਣਾ। 20 ਤਦ ਜਾਜਕ ਉਨ੍ਹਾਂ ਲੇਲਿਆਂ ਨੂੰ ਪਹਿਲੇ ਫਲ ਦੀ ਰੋਟੀ ਸਮੇਤ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਵੇ ਅਤੇ ਉਹ ਜਾਜਕ ਦੇ ਲਈ ਯਹੋਵਾਹ ਦੇ ਅੱਗੇ ਪਵਿੱਤਰ ਹੋਣ। 21 ਉਸੇ ਦਿਨ ਤੁਸੀਂ ਆਪਣੇ ਲਈ ਇੱਕ ਪਵਿੱਤਰ ਸਭਾ ਦੀ ਘੋਸ਼ਣਾ ਕਰਨਾ। ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ। ਇਹ ਤੁਹਾਡੇ ਸਾਰੇ ਨਿਵਾਸ-ਸਥਾਨਾਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਠਹਿਰੇ।
22 “ਜਿਸ ਵੇਲੇ ਤੁਸੀਂ ਆਪਣੇ ਦੇਸ ਦੀ ਫ਼ਸਲ ਵੱਢੋ ਤਾਂ ਤੁਸੀਂ ਆਪਣੇ ਖੇਤ ਦੇ ਬੰਨ੍ਹਿਆਂ ਤੱਕ ਸਾਰੀ ਫਸਲ ਨਾ ਵੱਢਣਾ, ਨਾ ਹੀ ਤੁਸੀਂ ਖੇਤ ਵਿੱਚ ਡਿੱਗੇ ਹੋਏ ਸਿੱਟਿਆਂ ਨੂੰ ਚੁੱਗਣਾ। ਤੁਸੀਂ ਉਨ੍ਹਾਂ ਨੂੰ ਕੰਗਾਲ ਅਤੇ ਪਰਦੇਸੀਆਂ ਲਈ ਛੱਡ ਦੇਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
ਨਵੇਂ ਸਾਲ ਦਾ ਪਰਬ
ਗਿਣਤੀ 29:1-6
23 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 24 “ਇਸਰਾਏਲ ਦੇ ਘਰਾਣਿਆਂ ਨੂੰ ਆਖ, ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੇ ਲਈ ਮਹਾਂ-ਸਬਤ ਹੋਵੇ, ਉਸ ਦਿਨ ਤੁਸੀਂ ਯਾਦਗੀਰੀ ਲਈ ਤੁਰ੍ਹੀ ਵਜਾਉਣਾ ਅਤੇ ਪਵਿੱਤਰ ਸਭਾ ਕਰਨਾ। 25 ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ਪਰ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ।”
ਪ੍ਰਾਸਚਿਤ ਦਾ ਦਿਨ
ਗਿਣਤੀ 29:7-11
26 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 27 “ਇਸੇ ਸੱਤਵੇਂ ਮਹੀਨੇ ਦਾ ਦਸਵਾਂ ਦਿਨ ਇੱਕ ਪ੍ਰਾਸਚਿਤ ਦਾ ਦਿਨ ਹੋਵੇ। ਉਹ ਤੁਹਾਡੇ ਲਈ ਪਵਿੱਤਰ ਸਭਾ ਦਾ ਦਿਨ ਹੋਵੇ, ਉਸ ਦਿਨ ਤੁਸੀਂ ਆਪਣੀਆਂ ਜਾਨਾਂ ਨੂੰ ਦੁੱਖ ਦੇਣਾ ਅਤੇ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ। 28 ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ਕਿਉਂ ਜੋ ਉਹ ਪ੍ਰਾਸਚਿਤ ਦਾ ਦਿਨ ਹੈ ਜਿਸ ਵਿੱਚ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਲਈ ਪ੍ਰਾਸਚਿਤ ਕੀਤਾ ਜਾਵੇਗਾ। 29 ਉਸ ਦਿਨ ਜਿਹੜਾ ਆਪਣੀ ਜਾਨ ਨੂੰ ਦੁੱਖ ਨਾ ਦੇਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। 30 ਜਿਹੜਾ ਵੀ ਉਸ ਦਿਨ ਵਿੱਚ ਕੋਈ ਕੰਮ ਕਰੇ ਤਾਂ ਉਸ ਮਨੁੱਖ ਨੂੰ ਮੈਂ ਉਸ ਦੇ ਲੋਕਾਂ ਵਿੱਚੋਂ ਨਾਸ ਕਰਾਂਗਾ। 31 ਤੁਸੀਂ ਕਿਸੇ ਪ੍ਰਕਾਰ ਦਾ ਕੰਮ-ਧੰਦਾ ਨਾ ਕਰਨਾ। ਇਹ ਤੁਹਾਡੇ ਸਾਰੇ ਨਿਵਾਸ ਸਥਾਨਾਂ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਸਦਾ ਦੀ ਬਿਧੀ ਠਹਿਰੇ। 32 ਇਹ ਤੁਹਾਡੇ ਲਈ ਇੱਕ ਮਹਾਂ-ਸਬਤ ਦਾ ਦਿਨ ਹੋਵੇ, ਉਸ ਦਿਨ ਤੁਸੀਂ ਆਪਣੀਆਂ ਜਾਨਾਂ ਨੂੰ ਦੁੱਖ ਦੇਣਾ। ਤੁਸੀਂ ਉਸ ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਤੋਂ ਅਗਲੀ ਸ਼ਾਮ ਤੱਕ ਵਿਸ਼ਰਾਮ ਦਾ ਦਿਨ ਮੰਨਣਾ।”
ਡੇਰਿਆਂ ਦਾ ਪਰਬ
ਗਿਣਤੀ 29:12-40
33 ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, 34 “ਇਸਰਾਏਲੀਆਂ ਨੂੰ ਆਖ ਕਿ ਇਸੇ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਨੂੰ ਯਹੋਵਾਹ ਦੇ ਅੱਗੇ ਸੱਤ ਦਿਨ ਤੱਕ ਡੇਰਿਆਂ ਦਾ ਪਰਬ ਹੋਵੇ। 35 ਪਹਿਲੇ ਦਿਨ ਪਵਿੱਤਰ ਸਭਾ ਹੋਵੇ, ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ। 36 ਸੱਤ ਦਿਨ ਤੱਕ ਤੁਸੀਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ, ਅੱਠਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ, ਅਤੇ ਤੁਸੀਂ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਉਣਾ। ਇਹ ਇੱਕ ਖ਼ਾਸ ਸਭਾ ਦਾ ਦਿਨ ਹੈ, ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।”
37 “ਯਹੋਵਾਹ ਦੇ ਠਹਿਰਾਏ ਹੋਏ ਪਰਬ ਇਹ ਹੀ ਹਨ, ਜਿਨ੍ਹਾਂ ਵਿੱਚ ਤੁਸੀਂ ਯਹੋਵਾਹ ਦੇ ਅੱਗੇ ਅੱਗ ਦੀਆਂ ਭੇਟਾਂ ਚੜ੍ਹਾਉਣਾ ਅਰਥਾਤ ਹੋਮ ਬਲੀ ਦੀ ਭੇਟ, ਮੈਦੇ ਦੀ ਭੇਟ, ਸੁੱਖ-ਸਾਂਦ ਦੀ ਬਲੀ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਆਪਣੇ ਨਿਯੁਕਤ ਸਮੇਂ ਤੇ ਚੜ੍ਹਾਈਆਂ ਜਾਣ ਅਤੇ ਪਵਿੱਤਰ ਸਭਾ ਦੀ ਘੋਸ਼ਣਾ ਕੀਤੀ ਜਾਵੇ। 38 ਆਪਣੀਆਂ ਭੇਟਾਂ, ਸਾਰੀਆਂ ਸੁੱਖਣਾਂ ਅਤੇ ਆਪਣੀਆਂ ਖੁਸ਼ੀ ਦੀਆਂ ਭੇਟਾਂ ਜੋ ਤੁਸੀਂ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹੋ, ਉਨ੍ਹਾਂ ਤੋਂ ਵੱਧ ਤੁਸੀਂ ਯਹੋਵਾਹ ਦੇ ਸਬਤ ਨੂੰ ਮੰਨਣਾ।
39 “ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਨੂੰ ਜਦ ਤੁਸੀਂ ਦੇਸ ਦੀ ਫ਼ਸਲ ਇਕੱਠਾ ਕਰੋ ਤਾਂ ਤੁਸੀਂ ਸੱਤ ਦਿਨਾਂ ਤੱਕ ਯਹੋਵਾਹ ਦਾ ਇੱਕ ਪਰਬ ਮਨਾਉਣਾ। ਪਹਿਲਾ ਦਿਨ ਸਬਤ ਅਤੇ ਅੱਠਵਾਂ ਦਿਨ ਵੀ ਸਬਤ ਹੋਵੇ। 40 ਅਤੇ ਪਹਿਲੇ ਦਿਨ ਤੁਸੀਂ ਸੋਹਣੇ-ਸੋਹਣੇ ਰੁੱਖਾਂ ਦੇ ਫਲ, ਖਜ਼ੂਰ ਦੀਆਂ ਟਾਹਣੀਆਂ, ਸੰਘਣੇ ਰੁੱਖਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ-ਮਜਨੂੰ ਲੈਣਾ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੱਤ ਦਿਨ ਤੱਕ ਅਨੰਦ ਅਤੇ ਖੁਸ਼ੀ ਮਨਾਉਣਾ। 41 ਹਰ ਸਾਲ ਵਿੱਚ ਸੱਤ ਦਿਨ ਤੱਕ ਤੁਸੀਂ ਯਹੋਵਾਹ ਦਾ ਇਹ ਪਰਬ ਮਨਾਉਣਾ। ਇਹ ਤੁਹਾਡੀਆਂ ਪੀੜ੍ਹੀਆਂ ਵਿੱਚ ਇੱਕ ਸਦਾ ਦੀ ਬਿਧੀ ਠਹਿਰੇ, ਤੁਸੀਂ ਸੱਤਵੇਂ ਮਹੀਨੇ ਵਿੱਚ ਇਸ ਨੂੰ ਮਨਾਉਣਾ। 42 ਸੱਤ ਦਿਨ ਤੱਕ ਤੁਸੀਂ ਝੌਂਪੜੀਆਂ ਵਿੱਚ ਰਹਿਣਾ, ਸਾਰੇ ਜੋ ਇਸਰਾਏਲ ਵਿੱਚ ਜੰਮੇ ਹਨ, ਉਹ ਝੌਂਪੜੀਆਂ ਵਿੱਚ ਰਹਿਣ, 43 ਤਾਂ ਜੋ ਤੁਹਾਡੀਆਂ ਪੀੜ੍ਹੀਆਂ ਜਾਣਨ, ਕਿ ਜਦ ਮੈਂ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਕੇ ਲਿਆਇਆ ਤਾਂ ਮੈਂ ਉਨ੍ਹਾਂ ਨੂੰ ਝੌਂਪੜੀਆਂ ਵਿੱਚ ਵਸਾਇਆ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
44 ਤਦ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਨਿਯੁਕਤ ਪਰਬਾਂ ਬਾਰੇ ਦੱਸ ਦਿੱਤਾ।

*23:13 23:13 ਇੱਕ ਕਿੱਲੋ, ਦੇਖੋ ਕੂਚ 29:40