12
ਸਬਤ ਦਾ ਪ੍ਰਭੂ
ਮਰਕੁਸ 2:23-28; ਲੂਕਾ 6:1-5
ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਿਆ, ਅਤੇ ਉਹ ਦੇ ਚੇਲਿਆਂ ਨੂੰ ਭੁੱਖ ਲੱਗੀ, ਉਹ ਸਿੱਟੇ ਤੋੜ ਕੇ ਖਾਣ ਲੱਗੇ। ਅਤੇ ਫ਼ਰੀਸੀਆਂ ਨੇ ਵੇਖ ਕੇ ਉਹ ਨੂੰ ਕਿਹਾ, ਵੇਖ, ਤੇਰੇ ਚੇਲੇ ਉਹ ਕੰਮ ਕਰਦੇ ਹਨ, ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ। ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਭਲਾ, ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਜਦ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ? ਜੋ ਉਹ ਕਿਵੇਂ ਪਰਮੇਸ਼ੁਰ ਦੇ ਘਰ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ, ਜਿਹੜੀਆਂ ਉਹ ਨੂੰ ਅਤੇ ਉਹ ਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ ਪਰ ਕੇਵਲ ਜਾਜਕਾਂ ਨੂੰ। ਜਾਂ ਤੁਸੀਂ ਮੂਸਾ ਦੀ ਬਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰ ਕੇ ਵੀ ਨਿਰਦੋਸ਼ ਹਨ? ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਇੱਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ। ਪਰ ਜੇ ਤੁਸੀਂ ਇਸ ਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਨੂੰ ਚਾਹੁੰਦਾ ਹਾਂ, ਤਦ ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ। ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ।
ਸੁੱਕੇ ਹੱਥ ਵਾਲੇ ਮਨੁੱਖ ਨੂੰ ਚੰਗਾ ਕਰਨਾ
ਮਰਕੁਸ 3:1-6; ਲੂਕਾ 6:6-11
ਫਿਰ ਉੱਥੋਂ ਤੁਰ ਕੇ ਉਹ ਪ੍ਰਾਰਥਨਾ ਘਰ ਵਿੱਚ ਗਿਆ। 10 ਅਤੇ ਵੇਖੋ ਉੱਥੇ ਸੁੱਕੇ ਹੱਥ ਵਾਲਾ ਇੱਕ ਮਨੁੱਖ ਸੀ ਅਤੇ ਉਨ੍ਹਾਂ ਨੇ ਯਿਸੂ ਤੇ ਦੋਸ਼ ਲਾਉਣ ਲਈ ਇਹ ਕਹਿ ਕੇ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ? 11 ਉਹ ਨੇ ਉਨ੍ਹਾਂ ਨੂੰ ਕਿਹਾ, ਕਿ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ੍ਹ ਕੇ ਨਾ ਕੱਢੇ? 12 ਸੋ ਮਨੁੱਖ ਭੇਡ ਨਾਲੋਂ ਕਿੰਨ੍ਹਾਂ ਹੀ ਉੱਤਮ ਹੈ! ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ। 13 ਤਦ ਉਹ ਨੇ ਉਸ ਮਨੁੱਖ ਨੂੰ ਆਖਿਆ, ਆਪਣਾ ਹੱਥ ਵਧਾ ਅਤੇ ਉਸ ਨੇ ਲੰਮਾ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਫੇਰ ਚੰਗਾ ਹੋ ਗਿਆ। 14 ਤਦ ਫ਼ਰੀਸੀਆਂ ਨੇ ਬਾਹਰ ਜਾ ਕੇ ਉਹ ਦੇ ਵਿਰੁੱਧ ਯੋਜਨਾ ਬਣਾਈ ਕਿ ਕਿਵੇਂ ਉਹ ਦਾ ਨਾਸ ਕਰੀਏ।
ਪਰਮੇਸ਼ੁਰ ਦਾ ਚੁਣਿਆ ਹੋਇਆ ਸੇਵਕ
15 ਪਰ ਯਿਸੂ ਇਹ ਜਾਣ ਕੇ ਉੱਥੋਂ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ। 16 ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਮੈਨੂੰ ਉਜਾਗਰ ਨਾ ਕਰਨਾ। 17 ਤਾਂ ਜੋ ਉਹ ਬਚਨ ਜਿਹੜਾ ਯਸਾਯਾਹ ਨਬੀ ਨੇ ਆਖਿਆ ਸੀ ਪੂਰਾ ਹੋਵੇ: 18 ਵੇਖੋ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀਅ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਕਰੇਗਾ। 19 ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਕਾਂ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ। 20 ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਜਦ ਤੱਕ ਨਿਆਂ ਦੀ ਜਿੱਤ ਨਾ ਕਰਾ ਦੇਵੇ, 21 ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ।
ਯਿਸੂ ਅਤੇ ਸ਼ੈਤਾਨ
ਮਰਕੁਸ 3:20-30; ਲੂਕਾ 11:14-23
22 ਤਦ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਮਨੁੱਖ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ, ਉਹ ਦੇ ਕੋਲ ਲਿਆਏ ਅਤੇ ਉਸ ਨੇ ਉਹ ਨੂੰ ਅਜਿਹਾ ਚੰਗਾ ਕੀਤਾ ਕਿ ਉਹ ਬੋਲਣ ਤੇ ਵੇਖਣ ਲੱਗਾ। 23 ਅਤੇ ਸਾਰੇ ਲੋਕ ਹੈਰਾਨ ਹੋ ਕੇ ਬੋਲੇ, ਕੀ, ਇਹ ਦਾਊਦ ਦਾ ਪੁੱਤਰ ਨਹੀਂ ਹੈ? 24 ਪਰ ਫ਼ਰੀਸੀਆਂ ਨੇ ਇਹ ਸੁਣ ਕੇ ਕਿਹਾ, ਕਿ ਇਹ ਭੂਤਾਂ ਦੇ ਸਰਦਾਰ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ। 25 ਪਰ ਉਸ ਨੇ ਉਨ੍ਹਾਂ ਦੀ ਸੋਚ ਵਿਚਾਰ ਜਾਣ ਕੇ, ਉਨ੍ਹਾਂ ਨੂੰ ਆਖਿਆ ਕਿ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ, ਉਹ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਜਾਂ ਘਰ ਵਿੱਚ ਫੁੱਟ ਪੈਂਦੀ ਹੈ ਉਹ ਬਣਿਆ ਨਾ ਰਹੇਗਾ। 26 ਅਤੇ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਉਹ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਹੈ। ਫੇਰ ਉਹ ਦਾ ਰਾਜ ਕਿਵੇਂ ਬਣਿਆ ਰਹਿ ਸਕਦਾ ਹੈ? 27 ਅਤੇ ਜੇ ਮੈਂ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ, ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆਂ ਕਰਨ ਵਾਲੇ ਉਹ ਹੀ ਹੋਣਗੇ। 28 ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ, ਤਾਂ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਚੁੱਕਿਆ ਹੈ। 29 ਅਥਵਾ ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ, ਜੇ ਪਹਿਲਾਂ ਉਸ ਜੋਰਾਵਰ ਨੂੰ ਬੰਨ੍ਹ ਨਾ ਲਵੇ ਤਾਂ ਉਸ ਦਾ ਮਾਲ ਕਿਵੇਂ ਲੁੱਟ ਸਕਦਾ ਹੈ? ਪਹਿਲਾਂ ਉਸ ਨੂੰ ਬੰਨ ਕੇ ਫਿਰ ਉਸ ਦਾ ਘਰ ਲੁੱਟੇਗਾ। 30 ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ, ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ। 31 ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਹਰੇਕ ਪਾਪ ਅਤੇ ਨਿੰਦਿਆ ਮਨੁੱਖਾਂ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ, ਉਹ ਮਾਫ਼ ਨਹੀਂ ਕੀਤਾ ਜਾਵੇਗਾ। 32 ਅਤੇ ਜੇ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ, ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ, ਉਸ ਨੂੰ ਨਾ ਇਸ ਜੁੱਗ ਵਿੱਚ ਅਤੇ ਨਾ ਹੀ ਆਉਣ ਵਾਲੇ ਜੁੱਗ ਵਿੱਚ ਮਾਫ਼ ਕੀਤਾ ਜਾਵੇਗਾ।
ਦਰੱਖਤ ਅਤੇ ਉਸ ਦਾ ਫਲ
ਲੂਕਾ 6:43-45
33 ਜੇ ਰੁੱਖ ਨੂੰ ਚੰਗਾ ਆਖੋ, ਤਾਂ ਉਸ ਦੇ ਫਲ ਨੂੰ ਵੀ ਚੰਗਾ ਆਖੋ ਜਾਂ ਰੁੱਖ ਨੂੰ ਬੁਰਾ ਆਖੋ ਤਾਂ ਉਸ ਦੇ ਫਲ ਨੂੰ ਵੀ ਬੁਰਾ ਆਖੋ, ਕਿਉਂਕਿ ਰੁੱਖ ਆਪਣੇ ਫਲਾਂ ਤੋਂ ਹੀ ਪਛਾਣਿਆ ਜਾਂਦਾ ਹੈ। 34 ਹੇ ਸੱਪਾਂ ਦੇ ਬੱਚਿਓ! ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਕਰ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹੀ ਮੂੰਹ ਵਿੱਚੋਂ ਨਿੱਕਲਦਾ ਹੈ। 35 ਭਲਾ ਮਨੁੱਖ ਮਨ ਦੇ ਭਲੇ ਖ਼ਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ। 36 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲ ਦਾ ਜੋ ਉਹ ਬੋਲਣ, ਨਿਆਂ ਦੇ ਦਿਨ ਉਹ ਦਾ ਹਿਸਾਬ ਦੇਣਗੇ। 37 ਇਸ ਲਈ ਜੋ ਤੂੰ ਆਪਣੀਆਂ ਗੱਲਾਂ ਦੇ ਕਾਰਨ ਨਿਰਦੋਸ਼ ਅਤੇ ਆਪਣੀਆਂ ਗੱਲਾਂ ਦੇ ਕਾਰਨ ਦੋਸ਼ੀ ਠਹਿਰਾਇਆ ਜਾਵੇਂਗਾ।
ਸਵਰਗ ਤੋਂ ਨਿਸ਼ਾਨ ਦੀ ਮੰਗ
ਮਰਕੁਸ 8:11, 12; ਲੂਕਾ 11:29-32
38 ਫਿਰ ਕੁਝ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਆਖਿਆ, ਗੁਰੂ ਜੀ ਅਸੀਂ ਕੋਈ ਨਿਸ਼ਾਨ ਵੇਖਣਾ ਚਾਹੁੰਦੇ ਹਾਂ। 39 ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿ ਬੁਰੀ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨ ਚਾਹੁੰਦੀ ਹੈ ਪਰ ਯੂਨਾਹ ਨਬੀ ਦੇ ਨਿਸ਼ਾਨ ਤੋਂ ਇਲਾਵਾ, ਉਨ੍ਹਾਂ ਨੂੰ ਕੋਈ ਹੋਰ ਨਿਸ਼ਾਨ ਨਹੀਂ ਦਿੱਤਾ ਜਾਵੇਗਾ। 40 ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਰਿਹਾ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਤਿੰਨ ਦਿਨ ਅਤੇ ਤਿੰਨ ਰਾਤਾਂ ਧਰਤੀ ਦੇ ਅੰਦਰ ਰਹੇਗਾ। 41 ਨੀਨਵਾਹ ਦੇ ਲੋਕ ਨਿਆਂ ਦੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ, ਇੱਥੇ ਉਹ ਹੈ ਜੋ ਯੂਨਾਹ ਨਾਲੋਂ ਵੀ ਵੱਡਾ ਹੈ। 42 ਦੱਖਣ ਦੀ ਰਾਣੀ ਨਿਆਂ ਵਾਲੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਉਹ ਧਰਤੀ ਦੀ ਹੱਦ ਤੋਂ ਸੁਲੇਮਾਨ ਦਾ ਗਿਆਨ ਸੁਣਨ ਆਈ ਅਤੇ ਵੇਖੋ, ਇੱਥੇ ਉਹ ਹੈ ਜੋ ਸੁਲੇਮਾਨ ਨਾਲੋਂ ਵੀ ਵੱਡਾ ਹੈ।
ਅਧੂਰੇ ਸੁਧਾਰ ਦੀ ਸਮੱਸਿਆ
ਲੂਕਾ 11:24-26
43 ਪਰ ਜਦੋਂ ਅਸ਼ੁੱਧ ਆਤਮਾ ਮਨੁੱਖ ਵਿੱਚੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਲੱਭਦਾ ਫ਼ਿਰਦਾ ਹੈ, ਪਰ ਉਸ ਨੂੰ ਲੱਭਦਾ ਨਹੀਂ। 44 ਫਿਰ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਮੈਂ ਨਿੱਕਲਿਆ ਸੀ, ਵਾਪਸ ਜਾਂਵਾਂਗਾ ਅਤੇ ਆ ਕੇ ਉਹ ਨੂੰ ਵਿਹਲਾ ਅਤੇ ਝਾੜਿਆ ਸੁਆਰਿਆ ਹੋਇਆ ਵੇਖਦਾ ਹੈ। 45 ਤਦ ਉਹ ਜਾ ਕੇ ਆਪਣੇ ਨਾਲੋਂ ਸੱਤ ਹੋਰ ਬੁਰੇ ਆਤਮੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਆਦਮੀ ਵਿੱਚ ਰਹਿਣ ਲੱਗ ਪੈਂਦੇ ਹਨ ਅਤੇ ਉਸ ਆਦਮੀ ਦਾ ਬਾਅਦ ਵਾਲਾ ਹਾਲ ਪਹਿਲੇ ਨਾਲੋਂ ਬੁਰਾ ਹੋ ਜਾਂਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਹਾਲ ਵੀ ਇਹੋ ਜਿਹਾ ਹੀ ਹੋਵੇਗਾ।
ਯਿਸੂ ਦੀ ਮਾਤਾ ਅਤੇ ਭਰਾ
ਮਰਕੁਸ 3:31-35; ਲੂਕਾ 8:19-21
46 ਜਦੋਂ ਉਹ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ, ਉਸ ਸਮੇਂ ਉਸ ਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ। 47 ਤਦ ਕਿਸੇ ਨੇ ਉਸ ਨੂੰ ਆਖਿਆ, ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ। 48 ਪਰ ਉਸ ਨੇ ਆਖਣ ਵਾਲੇ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ? 49 ਅਤੇ ਆਪਣੇ ਚੇਲਿਆਂ ਵੱਲ ਹੱਥ ਪਸਾਰ ਕੇ ਕਿਹਾ, ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ। 50 ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮਾਤਾ ਹੈ।