26
ਯਿਸੂ ਦੇ ਵਿਰੁੱਧ ਸਾਜਿਸ਼
ਮਰਕੁਸ 14:1, 2; ਲੂਕਾ 22:1, 2; ਯੂਹੰਨਾ 11:45-53
ਇਸ ਤਰ੍ਹਾਂ ਹੋਇਆ ਕਿ ਜਦ ਯਿਸੂ ਇਹ ਸਾਰੀਆਂ ਗੱਲਾਂ ਕਰ ਹਟਿਆ ਤਾਂ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਜੋ ਦੋ ਦਿਨਾਂ ਦੇ ਬਾਅਦ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤਰ ਸਲੀਬ ਦਿੱਤੇ ਜਾਣ ਲਈ ਫੜਵਾਇਆ ਜਾਵੇਗਾ। ਤਦ ਮੁੱਖ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਕਯਾਫ਼ਾ ਨਾਮ ਦੇ ਪ੍ਰਧਾਨ ਜਾਜਕ ਦੇ ਵਿਹੜੇ ਵਿੱਚ ਇਕੱਠੇ ਹੋਏ। ਅਤੇ ਯੋਜਨਾ ਬਣਾਈ ਜੋ ਯਿਸੂ ਨੂੰ ਧੋਖੇ ਨਾਲ ਫੜ੍ਹ ਕੇ ਮਾਰ ਸੁੱਟੀਏ। ਪਰ ਉਨ੍ਹਾਂ ਆਖਿਆ ਜੋ ਤਿਉਹਾਰ ਦੇ ਦਿਨ ਨਹੀਂ, ਕਿਤੇ ਲੋਕਾਂ ਵਿੱਚ ਹੰਗਾਮਾ ਨਾ ਹੋ ਜਾਵੇ।
ਬੈਤਅਨੀਆ ਵਿੱਚ ਯਿਸੂ ਦਾ ਮਸਹ
ਮਰਕੁਸ 14:3-9; ਯੂਹੰਨਾ 12:1-8
ਅਤੇ ਜਦ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਸੀ। ਤਾਂ ਇੱਕ ਔਰਤ ਮਹਿੰਗੇ ਮੁੱਲ ਦਾ ਅਤਰ ਸ਼ੀਸ਼ੀ ਵਿੱਚ ਉਹ ਦੇ ਕੋਲ ਲਿਆਈ ਅਤੇ ਜਿਸ ਵੇਲੇ ਉਹ ਰੋਟੀ ਖਾਣ ਬੈਠਾ ਹੋਇਆ ਸੀ ਉਹ ਦੇ ਸਿਰ ਉੱਤੇ ਡੋਲ੍ਹ ਦਿੱਤਾ। ਪਰ ਚੇਲੇ ਇਹ ਵੇਖ ਕੇ ਖਿਝ ਗਏ ਅਤੇ ਬੋਲੇ, ਇਹ ਨੁਕਸਾਨ ਕਿਉਂ ਹੋਇਆ? ਕਿਉਂਕਿ ਹੋ ਸਕਦਾ ਸੀ ਜੋ ਇਹ ਵੱਡੇ ਮੁੱਲ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ। 10 ਪਰ ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਆਖਿਆ, ਇਸ ਔਰਤ ਨੂੰ ਕਿਉਂ ਪਰੇਸ਼ਾਨ ਕਰਦੇ ਹੋ? ਕਿਉਂ ਜੋ ਉਹ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। 11  ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। 12  ਇਹ ਅਤਰ ਜੋ ਉਸ ਨੇ ਮੇਰੀ ਦੇਹੀ ਉੱਤੇ ਪਾਇਆ ਸੋ ਮੇਰੇ ਦਫ਼ਨਾਉਣ ਲਈ ਕੀਤਾ ਹੈ। 13  ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖਬਰੀ ਦਾ ਪਰਚਾਰ ਹੋਵੇਗਾ, ਉੱਥੇ ਉਹ ਦੀ ਯਾਦਗਾਰੀ ਲਈ ਜੋ ਉਸ ਨੇ ਕੀਤਾ ਹੈ, ਉਹ ਆਖਿਆ ਜਾਵੇਗਾ।
ਯਹੂਦਾ ਇਸਕਰਿਯੋਤੀ ਦਾ ਵਿਸ਼ਵਾਸਘਾਤ
ਮਰਕੁਸ 14:10, 11; ਲੂਕਾ 22:3-6
14 ਤਦ ਉਨ੍ਹਾਂ ਬਾਰਾਂ ਵਿੱਚੋਂ ਇੱਕ ਨੇ ਜਿਸ ਦਾ ਨਾਮ ਯਹੂਦਾ ਇਸਕਰਿਯੋਤੀ ਸੀ, ਮੁੱਖ ਜਾਜਕਾਂ ਕੋਲ ਜਾ ਕੇ ਆਖਿਆ 15 ਜੇ ਮੈਂ ਉਹ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ? ਤਦ ਉਨ੍ਹਾਂ ਉਸ ਨੂੰ ਤੀਹ ਚਾਂਦੀ ਦੇ ਸਿੱਕੇ ਤੋਲ ਦਿੱਤੇ। 16 ਅਤੇ ਉਹ ਉਸੇ ਸਮੇਂ ਤੋਂ ਉਸ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ।
ਚੇਲਿਆਂ ਦੇ ਨਾਲ ਪਸਾਹ ਦਾ ਆਖਰੀ ਭੋਜ
ਮਰਕੁਸ 14:12-21; ਲੂਕਾ 22:7-13; 21-23; ਯੂਹੰਨਾ 13:21-30
17 ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈਂ, ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? 18 ਤਦ ਉਹ ਨੇ ਕਿਹਾ, ਸ਼ਹਿਰ ਵਿੱਚ ਫਲ਼ਾਣੇ ਕੋਲ ਜਾ ਕੇ ਉਹ ਨੂੰ ਆਖੋ ਕਿ ਗੁਰੂ ਆਖਦਾ ਹੈ, ਮੇਰਾ ਸਮਾਂ ਨੇੜੇ ਆ ਗਿਆ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਮਨਾਵਾਂਗਾ। 19 ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤਾ। 20 ਜਦ ਸ਼ਾਮ ਹੋਈ ਤਾਂ ਉਹ ਬਾਰਾਂ ਚੇਲਿਆਂ ਨਾਲ ਬੈਠਾ ਖਾਂਦਾ ਸੀ। 21 ਅਤੇ ਜਦ ਉਹ ਖਾ ਰਹੇ ਸਨ ਉਸ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ। 22 ਤਾਂ ਉਹ ਬਹੁਤ ਉਦਾਸ ਹੋਏ ਅਤੇ ਹਰੇਕ ਉਹ ਨੂੰ ਆਖਣ ਲੱਗਾ, ਪ੍ਰਭੂ ਜੀ ਕੀ ਉਹ ਮੈਂ ਹਾਂ? 23 ਉਹ ਨੇ ਉੱਤਰ ਦਿੱਤਾ, ਜਿਸ ਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ, ਉਹੋ ਮੈਨੂੰ ਫੜਵਾਏਗਾ। 24  ਮਨੁੱਖ ਦਾ ਪੁੱਤਰ ਤਾਂ ਉਸ ਤਰ੍ਹਾਂ ਜਾਂਦਾ ਹੈ, ਜਿਵੇਂ ਉਹ ਦੇ ਬਾਰੇ ਲਿਖਿਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ! ਉਸ ਮਨੁੱਖ ਦੇ ਲਈ ਚੰਗਾ ਹੁੰਦਾ ਜੇ ਉਹ ਨਾ ਜੰਮਦਾ। 25 ਤਦ ਯਹੂਦਾ, ਜਿਸ ਨੇ ਉਹ ਨੂੰ ਫੜਵਾਇਆ ਅੱਗੋਂ ਬੋਲਿਆ, ਗੁਰੂ ਜੀ, ਕੀ ਉਹ ਮੈਂ ਹਾਂ? ਉਸ ਨੇ ਉਹ ਨੂੰ ਆਖਿਆ, ਤੂੰ ਆਪ ਹੀ ਆਖ ਦਿੱਤਾ।
ਪ੍ਰਭੂ ਭੋਜ
ਮਰਕੁਸ 14:22-26; ਲੂਕਾ 22:14-20
26 ਜਦ ਉਹ ਖਾ ਰਹੇ ਸਨ, ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ। 27 ਫੇਰ ਉਹ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। 28  ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ, ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ। 29  ਅਤੇ ਮੈਂ ਤੁਹਾਨੂੰ ਆਖਦਾ ਹਾਂ, ਜੋ ਇਸ ਤੋਂ ਬਾਅਦ ਮੈਂ ਇਸ ਅੰਗੂਰ ਦੇ ਰਸ ਨੂੰ ਕਦੇ ਨਾ ਪੀਵਾਂਗਾ ਜਿਸ ਦਿਨ ਤੱਕ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ। 30 ਫੇਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਨੂੰ ਨਿੱਕਲ ਗਏ।
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
ਮਰਕੁਸ 14:27-31; ਲੂਕਾ 22:31-34; ਯੂਹੰਨਾ 13:36-38
31 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਅੱਜ ਰਾਤ ਤੁਸੀਂ ਸੱਭੇ ਮੇਰੇ ਕਾਰਨ ਠੋਕਰ ਖਾਵੋਗੇ ਕਿਉਂਕਿ ਇਹ ਲਿਖਿਆ ਹੈ
ਜੋ ਮੈਂ ਅਯਾਲੀ ਨੂੰ ਮਾਰਾਂਗਾ
ਅਤੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ।
32  ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਵਾਂਗਾ l 33 ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਭਾਵੇਂ ਤੇਰੇ ਕਾਰਨ ਸੱਭੇ ਠੋਕਰ ਖਾਣ ਪਰ ਮੈਂ ਠੋਕਰ ਕਦੇ ਨਾ ਖਾਵਾਂਗਾ। 34 ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸੱਚ ਆਖਦਾ ਹਾਂ ਜੋ ਅੱਜ ਰਾਤ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ। 35 ਪਤਰਸ ਨੇ ਉਹ ਨੂੰ ਕਿਹਾ, ਭਾਵੇਂ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ ਅਤੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ।
ਗਥਸਮਨੀ ਵਿੱਚ ਪ੍ਰਾਰਥਨਾ
ਮਰਕੁਸ 14:32-42; ਲੂਕਾ 22:39-46
36 ਤਦ ਯਿਸੂ ਉਨ੍ਹਾਂ ਦੇ ਨਾਲ ਗਥਸਮਨੀ ਨਾਮ ਦੇ ਇੱਕ ਥਾਂ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਇੱਥੇ ਬੈਠੋ, ਜਿੰਨਾਂ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ। 37 ਅਤੇ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਨਾਲ ਲੈ ਕੇ ਉਹ ਉਦਾਸ ਅਤੇ ਬਹੁਤ ਦੁੱਖੀ ਹੋਣ ਲੱਗਾ। 38 ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਮਨ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੱਕ। ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ। 39 ਅਤੇ ਥੋੜ੍ਹਾ ਅੱਗੇ ਵਧ ਕੇ ਮੂੰਹ ਭਾਰ ਪੈ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਕੋਲੋਂ ਟਲ ਜਾਵੇ, ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ। 40 ਅਤੇ ਚੇਲਿਆਂ ਦੇ ਕੋਲ ਆ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਇਹ ਕੀ, ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ? 41  ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ। 42 ਫੇਰ ਉਹ ਦੂਜੀ ਵਾਰ ਗਿਆ ਅਤੇ ਇਹ ਕਹਿ ਕੇ ਉਹ ਨੇ ਪ੍ਰਾਰਥਨਾ ਕੀਤੀ, ਹੇ ਮੇਰੇ ਪਿਤਾ, ਜੇ ਇਹ ਮੇਰੇ ਪੀਣ ਬਿਨ੍ਹਾਂ ਨਹੀਂ ਟਲ ਸਕਦਾ ਤਾਂ ਤੇਰੀ ਮਰਜ਼ੀ ਪੂਰੀ ਹੋਵੇ। 43 ਅਤੇ ਉਸ ਨੇ ਆ ਕੇ ਉਨ੍ਹਾਂ ਨੂੰ ਫੇਰ ਸੁੱਤੇ ਹੋਏ ਵੇਖਿਆ ਕਿਉਂ ਜੋ ਉਨ੍ਹਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ। 44 ਅਤੇ ਉਨ੍ਹਾਂ ਨੂੰ ਫੇਰ ਛੱਡ ਕੇ ਗਿਆ ਅਤੇ ਉਹੋ ਗੱਲ ਕਹਿ ਕੇ ਤੀਜੀ ਵਾਰੀ ਪ੍ਰਾਰਥਨਾ ਕੀਤੀ 45 ਫੇਰ ਚੇਲਿਆਂ ਕੋਲ ਆ ਕੇ ਉਨ੍ਹਾਂ ਨੂੰ ਆਖਿਆ, ਹੁਣ ਤੁਸੀਂ ਸੁੱਤੇ ਰਹੋ ਅਤੇ ਆਰਾਮ ਕਰੋ। ਵੇਖੋ, ਸਮਾਂ ਆ ਗਿਆ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। 46  ਉੱਠੋ, ਚੱਲੀਏ। ਵੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।
ਯਿਸੂ ਦਾ ਫੜਿਆ ਜਾਣਾ
ਮਰਕੁਸ 14:43-50; ਲੂਕਾ 22:47-53; ਯੂਹੰਨਾ 18:3-12
47 ਉਹ ਅਜੇ ਬੋਲਦਾ ਹੀ ਸੀ ਕਿ ਵੇਖੋ ਯਹੂਦਾ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਆ ਪਹੁੰਚਿਆ ਅਤੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਦੀ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹ ਦੇ ਨਾਲ ਸੀ। 48 ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਿਹਾ ਸੀ ਕਿ ਜਿਸ ਨੂੰ ਮੈਂ ਚੁੰਮਾਂ ਉਹੀ ਹੈ, ਉਸ ਨੂੰ ਫੜ੍ਹ ਲੈਣਾ। 49 ਅਤੇ ਝੱਟ ਯਿਸੂ ਕੋਲ ਆ ਕੇ ਉਹ ਨੇ ਗੁਰੂ ਜੀ ਨਮਸਕਾਰ ਆਖਿਆ! ਅਤੇ ਉਹ ਨੂੰ ਚੁੰਮਿਆ। 50 ਤਾਂ ਯਿਸੂ ਨੇ ਉਹ ਨੂੰ ਆਖਿਆ, ਮਿੱਤਰਾ ਕਿਵੇਂ ਆਇਆ? ਤਦ ਉਨ੍ਹਾਂ ਨੇ ਕੋਲ ਆ ਕੇ ਯਿਸੂ ਉੱਤੇ ਹੱਥ ਪਾਏ ਅਤੇ ਉਹ ਨੂੰ ਫੜ੍ਹ ਲਿਆ। 51 ਅਤੇ ਵੇਖੋ, ਯਿਸੂ ਦੇ ਨਾਲ ਦਿਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਖਿੱਚ ਲਈ ਅਤੇ ਪ੍ਰਧਾਨ ਜਾਜਕ ਦੇ ਨੌਕਰ ਨੂੰ ਮਾਰ ਕੇ ਉਹ ਦਾ ਕੰਨ ਉਡਾ ਦਿੱਤਾ। 52 ਤਦ ਯਿਸੂ ਨੇ ਉਹ ਨੂੰ ਆਖਿਆ, ਆਪਣੀ ਤਲਵਾਰ ਮਿਆਨ ਵਿੱਚ ਪਾ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ, ਤਲਵਾਰ ਨਾਲ ਮਾਰੇ ਜਾਣਗੇ। 53  ਕੀ ਤੂੰ ਇਹ ਸਮਝਦਾ ਹੈਂ ਕਿ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵੱਧ ਮੇਰੇ ਕੋਲ ਹਾਜ਼ਰ ਨਾ ਕਰੇਗਾ? 54  ਫੇਰ ਉਹ ਪਵਿੱਤਰ ਗ੍ਰੰਥ ਦੀਆਂ ਲਿਖਤਾਂ ਕਿਵੇਂ ਪੂਰੀਆਂ ਹੋਣਗੀਆਂ, ਜਿਹਨਾਂ ਵਿੱਚ ਲਿਖਿਆ ਕਿ ਇਹ ਹੋਣਾ ਜ਼ਰੂਰੀ ਹੈ? 55 ਉਸੇ ਵੇਲੇ ਯਿਸੂ ਨੇ ਉਸ ਭੀੜ ਨੂੰ ਆਖਿਆ, ਤਲਵਾਰਾਂ ਅਤੇ ਡਾਂਗਾਂ ਫੜ੍ਹ ਕੇ ਤੁਸੀਂ ਮੈਨੂੰ ਡਾਕੂ ਵਾਂਗੂੰ ਫੜ੍ਹਨ ਨੂੰ ਨਿੱਕਲੇ ਹੋ? ਮੈਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਨਾ ਫੜ੍ਹਿਆ। 56  ਪਰ ਇਹ ਸੱਭੋ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ। ਤਦ ਸਾਰੇ ਚੇਲੇ ਉਹ ਨੂੰ ਛੱਡ ਕੇ ਭੱਜ ਗਏ।
ਯਿਸੂ ਨੂੰ ਮਹਾਂ ਸਭਾ ਦੇ ਸਾਹਮਣੇ ਪੇਸ਼ ਕੀਤਾ ਜਾਣਾ
ਮਰਕੁਸ 14:53-65; ਲੂਕਾ 22:54, 55; ਯੂਹੰਨਾ 18:13, 14; 19-24
57 ਜਿਨ੍ਹਾਂ ਨੇ ਯਿਸੂ ਨੂੰ ਫੜਿਆ ਸੀ ਸੋ ਪ੍ਰਧਾਨ ਜਾਜਕ ਕਯਾਫ਼ਾ ਦੇ ਕੋਲ ਜਿੱਥੇ ਉਪਦੇਸ਼ਕ ਅਤੇ ਬਜ਼ੁਰਗ ਇਕੱਠੇ ਹੋਏ ਸਨ, ਉਹ ਨੂੰ ਲੈ ਗਏ। 58 ਅਤੇ ਪਤਰਸ ਕੁਝ ਦੂਰੀ ਤੇ ਉਹ ਦੇ ਪਿੱਛੇ-ਪਿੱਛੇ ਪ੍ਰਧਾਨ ਜਾਜਕ ਦੇ ਵਿਹੜੇ ਤੱਕ ਚੱਲਿਆ ਗਿਆ ਅਤੇ ਅੰਦਰ ਜਾ ਕੇ ਸਿਪਾਹੀਆਂ ਨਾਲ ਬੈਠਾ, ਕਿ ਅੰਤ ਨੂੰ ਵੇਖੇ। 59 ਮੁੱਖ ਜਾਜਕ ਅਤੇ ਸਾਰੀ ਮਹਾਂ ਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਵਿਰੁੱਧ ਗਵਾਹੀ ਲੱਭਦੀ ਸੀ। 60 ਪਰ ਨਾ ਲੱਭੀ ਭਾਵੇਂ ਝੂਠੇ ਗਵਾਹ ਬਹੁਤ ਆਏ। ਪਰ ਆਖਿਰ ਨੂੰ ਦੋ ਜਣੇ ਅੱਗੇ ਆ ਕੇ ਬੋਲੇ, 61 ਇਹ ਨੇ ਆਖਿਆ ਹੈ, ਮੈਂ ਪਰਮੇਸ਼ੁਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਉਹ ਨੂੰ ਬਣਾ ਸਕਦਾ ਹਾਂ। 62 ਅਤੇ ਪ੍ਰਧਾਨ ਜਾਜਕ ਨੇ ਖੜ੍ਹੇ ਹੋ ਕੇ ਉਹ ਨੂੰ ਆਖਿਆ, ਕੀ ਤੂੰ ਜ਼ਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ? 63 ਪਰ ਯਿਸੂ ਚੁੱਪ ਹੀ ਰਿਹਾ ਅਤੇ ਪ੍ਰਧਾਨ ਜਾਜਕ ਨੇ ਉਹ ਨੂੰ ਆਖਿਆ, ਮੈਂ ਤੈਨੂੰ ਜਿਉਂਦੇ ਪਰਮੇਸ਼ੁਰ ਦੀ ਸਹੁੰ ਦਿੰਦਾ ਹਾਂ ਕਿ ਜੇ ਤੂੰ ਮਸੀਹ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਾਨੂੰ ਦੱਸ। 64 ਯਿਸੂ ਨੇ ਉਹ ਨੂੰ ਕਿਹਾ, ਤੂੰ ਸੱਚ ਆਖ ਦਿੱਤਾ ਹੈ, ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ ਸ਼ਕਤੀਮਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ। 65 ਤਦ ਪ੍ਰਧਾਨ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਇਸ ਨੇ ਨਿੰਦਿਆ ਕੀਤੀ ਹੈ, ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? ਵੇਖੋ ਹੁਣੇ ਤੁਸੀਂ ਇਹ ਨਿੰਦਿਆ ਸੁਣੀ ਹੈ l ਤੁਹਾਡੀ ਕੀ ਸਲਾਹ ਹੈ? 66 ਉਨ੍ਹਾਂ ਉੱਤਰ ਦਿੱਤਾ, ਇਹ ਮਾਰੇ ਜਾਣ ਦੇ ਯੋਗ ਹੈ। 67 ਤਦ ਉਨ੍ਹਾਂ ਨੇ ਉਹ ਦੇ ਮੂੰਹ ਉੱਤੇ ਥੁੱਕਿਆ ਅਤੇ ਉਹ ਨੂੰ ਮੁੱਕੇ ਮਾਰੇ ਅਤੇ ਹੋਰਨਾਂ ਨੇ ਚਪੇੜਾਂ ਮਾਰ ਕੇ ਕਿਹਾ, 68 ਹੇ ਮਸੀਹ, ਸਾਨੂੰ ਅਗੰਮ ਭਵਿੱਖਬਾਣੀ ਨਾਲ ਦੱਸ, ਤੈਨੂੰ ਕਿਸ ਨੇ ਮਾਰਿਆ?
ਪਤਰਸ ਦੁਆਰਾ ਇਨਕਾਰ ਕੀਤਾ ਜਾਣਾ
ਮਰਕੁਸ 14:66-72; ਲੂਕਾ 22:56-62; ਯੂਹੰਨਾ 18:15-18
69 ਅਤੇ ਪਤਰਸ ਬਾਹਰ ਵਿਹੜੇ ਵਿੱਚ ਬੈਠਾ ਸੀ ਅਤੇ ਇੱਕ ਦਾਸੀ ਉਹ ਦੇ ਕੋਲ ਆ ਕੇ ਬੋਲੀ, ਯਿਸੂ ਗਲੀਲੀ ਦੇ ਨਾਲ ਤੂੰ ਵੀ ਸੀ। 70 ਪਰ ਉਹ ਨੇ ਸਭਨਾਂ ਦੇ ਸਾਹਮਣੇ ਮੁੱਕਰ ਕੇ ਆਖਿਆ, ਮੈਂ ਨਹੀਂ ਜਾਣਦਾ ਤੂੰ ਕੀ ਬੋਲਦੀ ਹੈਂ। 71 ਜਦ ਉਹ ਬਾਹਰ ਡਿਉੜੀ ਵਿੱਚ ਗਿਆ, ਤਾਂ ਦੂਜੀ ਨੇ ਉਹ ਨੂੰ ਵੇਖ ਕੇ ਉਨ੍ਹਾਂ ਨੂੰ ਜਿਹੜੇ ਉੱਥੇ ਸਨ ਆਖਿਆ, ਇਹ ਵੀ ਯਿਸੂ ਨਾਸਰੀ ਦੇ ਨਾਲ ਸੀ। 72 ਅਤੇ ਉਹ ਸਹੁੰ ਖਾ ਕੇ ਫੇਰ ਮੁੱਕਰ ਗਿਆ ਕਿ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ। 73 ਅਤੇ ਥੋੜ੍ਹੇ ਸਮੇਂ ਪਿੱਛੋਂ ਜਿਹੜੇ ਉੱਥੇ ਖੜ੍ਹੇ ਸਨ ਉਨ੍ਹਾਂ ਦੇ ਕੋਲ ਆ ਕੇ ਪਤਰਸ ਨੂੰ ਕਿਹਾ, ਸੱਚੀ ਮੁੱਚੀ ਤੂੰ ਵੀ ਉਨ੍ਹਾਂ ਵਿੱਚੋਂ ਹੈਂ, ਤੇਰੀ ਬੋਲੀ ਦੱਸਦੀ ਹੈ। 74 ਤਦ ਉਹ ਸਰਾਪ ਦੇਣ ਅਤੇ ਸਹੁੰ ਖਾਣ ਲੱਗਾ ਕਿ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ। ਅਤੇ ਉਸੇ ਵੇਲੇ ਮੁਰਗੇ ਨੇ ਬਾਂਗ ਦਿੱਤੀ। 75 ਤਦੋਂ ਪਤਰਸ ਨੂੰ ਉਹ ਗੱਲ ਯਾਦ ਆਈ ਜਿਹੜੀ ਯਿਸੂ ਨੇ ਆਖੀ ਸੀ ਕਿ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ ਅਤੇ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ।