16
ਯਿਸੂ ਦਾ ਜੀ ਉੱਠਣਾ
ਮੱਤੀ 28:1-8; ਲੂਕਾ 24:1-12; ਯੂਹੰਨਾ 20:1-10
ਜਦ ਸਬਤ ਦਾ ਦਿਨ ਬੀਤ ਗਿਆ ਤਾਂ ਮਰਿਯਮ ਮਗਦਲੀਨੀ ਅਤੇ ਯਾਕੂਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਸੁਗੰਧਾਂ ਮੁੱਲ ਲਈਆਂ ਕਿ ਜਾ ਕੇ ਉਸ ਉੱਤੇ ਮਲਣ। ਅਤੇ ਹਫ਼ਤੇ ਦੇ ਪਹਿਲੇ ਦਿਨ ਬਹੁਤ ਤੜਕੇ ਸੂਰਜ ਚੜ੍ਹਦੇ ਹੀ ਉਹ ਕਬਰ ਉੱਤੇ ਆਈਆਂ। ਅਤੇ ਆਪੋ ਵਿੱਚ ਕਹਿਣ ਲੱਗੀਆਂ ਜੋ ਸਾਡੇ ਲਈ ਪੱਥਰ ਨੂੰ ਕਬਰ ਦੇ ਮੂੰਹੋਂ ਕੌਣ ਰੇੜ੍ਹ ਕੇ ਪਾਸੇ ਕਰੂ? ਜਦ ਉਹਨਾਂ ਨੇ ਨਿਗਾਹ ਕੀਤੀ ਤਾਂ ਵੇਖਿਆ ਜੋ ਪੱਥਰ ਲਾਂਭੇ ਰਿੜ੍ਹਿਆ ਪਿਆ ਹੈ ਕਿਉਂ ਜੋ ਉਹ ਬਹੁਤ ਭਾਰਾ ਸੀ। ਅਤੇ ਕਬਰ ਵਿੱਚ ਜਾ ਕੇ ਉਨ੍ਹਾਂ ਇੱਕ ਜੁਆਨ ਨੂੰ ਚਿੱਟਾ ਬਸਤਰ ਪਹਿਨੀ ਸੱਜੇ ਪਾਸੇ ਬੈਠਾ ਵੇਖਿਆ ਅਤੇ ਉਹ ਹੈਰਾਨ ਹੋਈਆਂ। ਉਸ ਨੇ ਉਨ੍ਹਾਂ ਨੂੰ ਆਖਿਆ, ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆ ਹੋ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਤਾਂ ਜੀ ਉੱਠਿਆ ਹੈ, ਉਹ ਐਥੇ ਨਹੀਂ ਹੈ। ਲਉ ਇਹ ਥਾਂ ਹੈ ਜਿੱਥੇ ਉਨ੍ਹਾਂ ਉਸ ਨੂੰ ਰੱਖਿਆ ਸੀ। ਪਰ ਜਾਓ, ਉਸ ਦੇ ਚੇਲਿਆਂ ਅਤੇ ਪਤਰਸ ਨੂੰ ਆਖੋ ਜੋ ਉਹ ਤੁਹਾਡੇ ਤੋਂ ਅੱਗੇ ਹੀ ਗਲੀਲ ਨੂੰ ਜਾਂਦਾ ਹੈਂ। ਤੁਸੀਂ ਉਹ ਨੂੰ ਉੱਥੇ ਵੇਖੋਗੇ ਜਿਵੇਂ ਉਹ ਨੇ ਤੁਹਾਨੂੰ ਆਖਿਆ ਸੀ। ਅਤੇ ਉਹ ਨਿੱਕਲ ਕੇ ਕਬਰ ਪਾਸੋਂ ਨੱਸੀਆਂ ਕਿਉਂ ਜੋ ਉਹ ਕੰਬਦੀਆਂ ਅਤੇ ਘਬਰਾਉਂਦੀਆਂ ਸਨ, ਅਤੇ ਡਰ ਦੀਆਂ ਮਾਰੀਆਂ ਕਿਸੇ ਨਾਲ ਕੁਝ ਨਾ ਬੋਲੀਆਂ।
ਮਰਿਯਮ ਮਗਦਲੀਨੀ ਨੂੰ ਯਿਸੂ ਦਿਖਾਈ ਦਿੰਦਾ ਹੈ
ਮੱਤੀ 28:9, 10; ਯੂਹੰਨਾ 20:11-18
ਹਫ਼ਤੇ ਦੇ ਪਹਿਲੇ ਦਿਨ ਉਹ ਨੇ ਤੜਕੇ ਜੀ ਉੱਠ ਕੇ ਪਹਿਲਾਂ ਮਰਿਯਮ ਮਗਦਲੀਨੀ ਨੂੰ ਜਿਹ ਦੇ ਵਿੱਚੋਂ ਉਹ ਨੇ ਸੱਤ ਭੂਤ ਕੱਢੇ ਸਨ, ਦਿਖਾਈ ਦਿੱਤਾ। 10 ਉਸ ਨੇ ਜਾ ਕੇ ਉਹ ਦੇ ਸਾਥੀਆਂ ਨੂੰ ਜਿਹੜੇ ਸੋਗ ਕਰਦੇ ਅਤੇ ਰੋਂਦੇ ਸਨ ਖ਼ਬਰ ਦਿੱਤੀ। 11 ਪਰ ਉਨ੍ਹਾਂ ਨੇ ਇਹ ਸੁਣ ਕੇ ਜੋ ਉਹ ਜਿਉਂਦਾ ਹੈ ਅਤੇ ਉਸ ਨੂੰ ਦਿਖਾਈ ਦਿੱਤਾ ਸੱਚ ਨਾ ਮੰਨਿਆ।
ਯਿਸੂ ਦੋ ਚੇਲਿਆਂ ਨੂੰ ਦਿਖਾਈ ਦਿੰਦਾ ਹੈ
ਲੂਕਾ 24:13-35
12 ਇਹ ਦੇ ਪਿੱਛੋਂ ਉਹ ਨੇ ਹੋਰ ਰੂਪ ਵਿੱਚ ਹੋ ਕੇ ਉਨ੍ਹਾਂ ਵਿੱਚੋਂ ਦੋ ਜਣਿਆਂ ਨੂੰ ਜਦ ਉਹ ਚੱਲਦੇ ਅਤੇ ਪਿੰਡ ਦੀ ਵੱਲ ਤੁਰੇ ਜਾਂਦੇ ਸਨ ਦਿਖਾਈ ਦਿੱਤਾ। 13 ਅਤੇ ਇਨ੍ਹਾਂ ਨੇ ਜਾ ਕੇ ਬਾਕੀ ਦਿਆਂ ਨੂੰ ਖ਼ਬਰ ਦਿੱਤੀ ਪਰ ਉਨ੍ਹਾਂ ਨੇ ਵੀ ਵਿਸ਼ਵਾਸ ਨਾ ਕੀਤਾ।
ਯਿਸੂ ਗਿਆਰ੍ਹਾਂ ਚੇਲਿਆਂ ਨੂੰ ਦਿਖਾਈ ਦਿੰਦਾ ਹੈ
ਮੱਤੀ 28:16-20; ਲੂਕਾ 24:36-49; ਯੂਹੰਨਾ 20:19-23; ਰਸੂਲਾਂ ਦੇ ਕਰਤੱਬ 1:6-8
14 ਇਹ ਦੇ ਮਗਰੋਂ ਉਸ ਨੇ ਉਨ੍ਹਾਂ ਗਿਆਰ੍ਹਾਂ ਨੂੰ ਜਦ ਉਹ ਖਾਣ ਬੈਠੇ ਸਨ ਦਿਖਾਈ ਦਿੱਤਾ ਉਨ੍ਹਾਂ ਦੇ ਅਵਿਸ਼ਵਾਸ ਅਤੇ ਸਖ਼ਤ ਦਿਲੀ ਦਾ ਉਲਾਂਭਾ ਦਿੱਤਾ ਕਿਉਂਕਿ ਜਿਨ੍ਹਾਂ ਉਸ ਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਉਨ੍ਹਾਂ ਦਾ ਵਿਸ਼ਵਾਸ ਨਾ ਕੀਤਾ। 15 ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਸੰਸਾਰ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪਰਚਾਰ ਕਰੋ। 16 ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। 17 ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਂਆਂ-ਨਵੀਂਆਂ ਭਾਸ਼ਾ ਬੋਲਣਗੇ, 18 ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ। ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ।
ਯਿਸੂ ਦਾ ਸਵਰਗ ਤੇ ਉਠਾਇਆ ਜਾਣਾ
ਲੂਕਾ 24:50-53; ਰਸੂਲਾਂ ਦੇ ਕਰਤੱਬ 1:9-11
19 ਫੇਰ ਪ੍ਰਭੂ ਯਿਸੂ ਜਦ ਉਨ੍ਹਾਂ ਨਾਲ ਬਚਨ ਕਰ ਹਟਿਆ, ਤਾਂ ਸਵਰਗ ਵਿੱਚ ਉੱਠਾਇਆ ਗਿਆ ਅਤੇ ਪਰਮੇਸ਼ੁਰ ਦੇ ਸੱਜੇ ਹੱਥ ਜਾ ਬੈਠਾ। 20 ਅਤੇ ਉਨ੍ਹਾਂ ਨੇ ਬਾਹਰ ਜਾ ਕੇ ਹਰ ਥਾਂ ਪਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਅਤੇ ਬਚਨ ਨੂੰ ਉਨ੍ਹਾਂ ਚਮਤਕਾਰਾਂ ਦੇ ਰਾਹੀਂ ਜਿਹੜੇ ਨਾਲ-ਨਾਲ ਹੁੰਦੇ ਸਨ ਸਾਬਤ ਕਰਦਾ ਸੀ।