6
ਨਹਮਯਾਹ ਦੇ ਵਿਰੁੱਧ ਸਾਜ਼ਿਸ਼
ਫਿਰ ਜਦ ਸਨਬੱਲਟ ਅਤੇ ਤੋਬਿਆਹ ਅਤੇ ਗਸ਼ਮ ਅਰਬੀ ਅਤੇ ਸਾਡੇ ਬਾਕੀ ਵੈਰੀਆਂ ਨੂੰ ਇਹ ਖ਼ਬਰ ਹੋਈ ਕਿ ਮੈਂ ਸ਼ਹਿਰਪਨਾਹ ਬਣਾ ਲਈ ਹੈ ਅਤੇ ਕੋਈ ਦਰਾਰ ਬਾਕੀ ਨਹੀਂ ਰਹੀ ਭਾਵੇਂ ਮੈਂ ਅਜੇ ਤੱਕ ਫਾਟਕਾਂ ਦੇ ਦਰਵਾਜ਼ੇ ਨਹੀਂ ਲਾਏ ਸਨ। ਤਦ ਸਨਬੱਲਟ ਅਤੇ ਗਸ਼ਮ ਨੇ ਮੈਨੂੰ ਸੰਦੇਸ਼ ਭੇਜਿਆ, “ਆ, ਅਸੀਂ ਓਨੋ ਦੀ ਮੈਦਾਨ ਦੇ ਕਿਸੇ ਪਿੰਡ ਵਿੱਚ ਇੱਕ ਦੂਜੇ ਨੂੰ ਮਿਲੀਏ।” ਪਰ ਉਹ ਮੇਰੀ ਹਾਨੀ ਕਰਨਾ ਚਾਹੁੰਦੇ ਸਨ। ਇਸ ਲਈ ਮੈਂ ਉਨ੍ਹਾਂ ਨੂੰ ਸੰਦੇਸ਼ਵਾਹਕਾਂ ਦੇ ਰਾਹੀਂ ਇਹ ਉੱਤਰ ਦਿੱਤਾ, “ਮੈਂ ਤਾਂ ਇੱਕ ਵੱਡਾ ਕੰਮ ਕਰ ਰਿਹਾ ਹਾਂ ਅਤੇ ਹੇਠਾਂ ਨਹੀਂ ਆ ਸਕਦਾ, ਮੇਰੇ ਤੁਹਾਡੇ ਕੋਲ ਹੇਠਾਂ ਆਉਣ ਦੇ ਕਾਰਨ ਇਹ ਕੰਮ ਕਿਉਂ ਰੋਕਿਆ ਜਾਵੇ?” ਉਨ੍ਹਾਂ ਨੇ ਚਾਰ ਵਾਰੀ ਇਹੋ ਸੰਦੇਸ਼ ਮੇਰੇ ਕੋਲ ਭੇਜਿਆ, ਅਤੇ ਹਰ ਵਾਰੀ ਮੈਂ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਉੱਤਰ ਦਿੱਤਾ। ਫਿਰ ਪੰਜਵੀਂ ਵਾਰੀ ਸਨਬੱਲਟ ਨੇ ਆਪਣੇ ਸੇਵਕ ਦੇ ਹੱਥ ਖੁੱਲ੍ਹੀ ਚਿੱਠੀ ਦੇ ਕੇ ਉਸ ਨੂੰ ਮੇਰੇ ਕੋਲ ਭੇਜਿਆ, ਜਿਸ ਵਿੱਚ ਇਹ ਲਿਖਿਆ ਹੋਇਆ ਸੀ, “ਕੌਮਾਂ ਵਿੱਚ ਇਹ ਗੱਲ ਸੁਣੀ ਗਈ ਹੈ, ਅਤੇ ਗਸ਼ਮ ਵੀ ਇਹੋ ਕਹਿੰਦਾ ਹੈ ਕਿ ਤੂੰ ਅਤੇ ਯਹੂਦੀ ਵਿਦਰੋਹੀ ਹੋਣ ਦੀ ਯੋਜਨਾ ਬਣਾਉਂਦੇ ਹੋ ਅਤੇ ਇਸੇ ਕਾਰਨ ਹੀ ਤੂੰ ਉਸ ਸ਼ਹਿਰਪਨਾਹ ਨੂੰ ਬਣਵਾਉਂਦਾ ਹੈਂ ਅਤੇ ਇਨ੍ਹਾਂ ਗੱਲਾਂ ਦੇ ਅਨੁਸਾਰ ਤੂੰ ਉਨ੍ਹਾਂ ਦਾ ਰਾਜਾ ਬਣਨਾ ਚਾਹੁੰਦਾ ਹੈ। ਤੂੰ ਨਬੀਆਂ ਨੂੰ ਵੀ ਖੜ੍ਹਾ ਕੀਤਾ ਹੈ ਤਾਂ ਜੋ ਯਰੂਸ਼ਲਮ ਵਿੱਚ ਤੇਰੇ ਲਈ ਪ੍ਰਚਾਰ ਕਰਨ ਕਿ ‘ਯਹੂਦਾਹ ਵਿੱਚ ਇੱਕ ਰਾਜਾ ਹੈ।’ ਹੁਣ ਇਨ੍ਹਾਂ ਗੱਲਾਂ ਦੀ ਖ਼ਬਰ ਰਾਜਾ ਨੂੰ ਦਿੱਤੀ ਜਾਵੇਗੀ। ਇਸ ਲਈ ਹੁਣ ਆ, ਅਸੀਂ ਆਪਸ ਵਿੱਚ ਸਲਾਹ ਕਰੀਏ।” ਤਦ ਮੈਂ ਉਸ ਨੂੰ ਇਹ ਉੱਤਰ ਭੇਜਿਆ, “ਜਿਵੇਂ ਤੂੰ ਕਿਹਾ ਹੈ, ਉਹੋ ਜਿਹੀ ਤਾਂ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਇਸ ਸਭ ਤੇਰੀਆਂ ਹੀ ਮਨ-ਘੜਤ ਗੱਲਾਂ ਹਨ!” ਉਹ ਸਾਰੇ ਇਹ ਸੋਚ ਕੇ ਸਾਨੂੰ ਡਰਾਉਣਾ ਚਾਹੁੰਦੇ ਸਨ ਕਿ ਕੰਮ ਤੋਂ ਉਨ੍ਹਾਂ ਦੇ ਹੱਥ ਢਿੱਲੇ ਪੈ ਜਾਣ ਤਾਂ ਜੋ ਉਹ ਪੂਰਾ ਨਾ ਹੋਵੇ। ਹੁਣ ਹੇ ਪਰਮੇਸ਼ੁਰ! ਮੇਰੇ ਹੱਥਾਂ ਨੂੰ ਤਕੜੇ ਕਰ!
10 ਫਿਰ ਮੈਂ ਮਹੇਟਬਏਲ ਦੇ ਪੋਤਰੇ ਦਲਾਯਾਹ ਦੇ ਪੁੱਤਰ ਸ਼ਮਅਯਾਹ ਦੇ ਘਰ ਵਿੱਚ ਗਿਆ। ਉਹ ਤਾਂ ਘਰ ਵਿੱਚ ਬੰਦ ਸੀ, ਉਸ ਨੇ ਕਿਹਾ, “ਆ, ਅਸੀਂ ਪਰਮੇਸ਼ੁਰ ਦੇ ਭਵਨ ਵਿੱਚ ਮੰਦਰ ਦੇ ਅੰਦਰ ਮਿਲੀਏ ਅਤੇ ਮੰਦਰ ਦੇ ਦਰਵਾਜਿਆਂ ਨੂੰ ਬੰਦ ਕਰ ਲਈਏ ਕਿਉਂਕਿ ਉਹ ਤੈਨੂੰ ਮਾਰਨ ਲਈ ਆਉਣਗੇ, ਹਾਂ ਉਹ ਰਾਤ ਨੂੰ ਤੈਨੂੰ ਮਾਰਨ ਲਈ ਆਉਣਗੇ।” 11 ਪਰ ਮੈਂ ਕਿਹਾ, “ਕੀ ਮੇਰੇ ਵਰਗਾ ਮਨੁੱਖ ਭੱਜੇ? ਅਤੇ ਕੀ ਮੇਰੇ ਵਰਗਾ ਮਨੁੱਖ ਮੰਦਰ ਵਿੱਚ ਜਾ ਕੇ ਆਪਣੀ ਜਾਨ ਬਚਾਵੇ? ਮੈਂ ਅੰਦਰ ਨਹੀਂ ਜਾਂਵਾਂਗਾ।” 12 ਫਿਰ ਮੈਂ ਜਾਣ ਲਿਆ ਕਿ ਪਰਮੇਸ਼ੁਰ ਨੇ ਉਸ ਨੂੰ ਨਹੀਂ ਭੇਜਿਆ ਸੀ ਪਰ ਉਸ ਨੇ ਮੇਰੇ ਵਿਰੁੱਧ ਭਵਿੱਖਬਾਣੀ ਇਸ ਲਈ ਕੀਤੀ ਕਿਉਂ ਜੋ ਤੋਬਿਆਹ ਅਤੇ ਸਨਬੱਲਟ ਨੇ ਉਸ ਨੂੰ ਭਾੜੇ ਤੇ ਰੱਖਿਆ ਸੀ। 13 ਉਨ੍ਹਾਂ ਨੇ ਉਸ ਨੂੰ ਇਸ ਲਈ ਭਾੜੇ ਤੇ ਰੱਖਿਆ ਕਿ ਮੈਂ ਡਰ ਜਾਂਵਾਂ ਅਤੇ ਅਜਿਹਾ ਕੰਮ ਕਰਕੇ ਪਾਪੀ ਬਣਾਂ, ਜਿਸ ਨਾਲ ਉਹ ਮੇਰੀ ਬਦਨਾਮੀ ਕਰਨ ਅਤੇ ਇਹ ਮੇਰੀ ਨਿੰਦਿਆ ਦਾ ਕਾਰਨ ਹੋਵੇ।
14 “ਹੇ ਮੇਰੇ ਪਰਮੇਸ਼ੁਰ, ਤੋਬਿਆਹ ਅਤੇ ਸਨਬੱਲਟ ਨੂੰ ਉਨ੍ਹਾਂ ਦੇ ਇਨ੍ਹਾਂ ਕੰਮਾਂ ਅਨੁਸਾਰ ਅਤੇ ਨੋਆਦਯਾਹ ਨਬੀਆ ਅਤੇ ਬਾਕੀ ਸਾਰੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ, ਯਾਦ ਰੱਖ।”
ਨਿਰਮਾਣ ਕਾਰਜ ਦਾ ਪੂਰਾ ਹੋਣਾ
15 ਇਸ ਤਰ੍ਹਾਂ ਅਲੂਲ ਮਹੀਨੇ ਦੀ ਪੱਚੀ ਤਾਰੀਖ਼ ਨੂੰ ਅਰਥਾਤ ਬਵੰਜਾ ਦਿਨਾਂ ਵਿੱਚ ਸ਼ਹਿਰਪਨਾਹ ਬਣ ਕੇ ਪੂਰੀ ਹੋ ਗਈ। 16 ਫਿਰ ਅਜਿਹਾ ਹੋਇਆ ਕਿ ਜਦ ਸਾਡੇ ਸਾਰੇ ਵੈਰੀਆਂ ਨੇ ਇਹ ਸੁਣਿਆ ਤਦ ਸਾਡੇ ਚੁਫ਼ੇਰੇ ਰਹਿਣ ਵਾਲੀਆਂ ਸਾਰੀਆਂ ਕੌਮਾਂ ਦੇ ਲੋਕ ਡਰ ਗਏ ਅਤੇ ਉਹ ਬਹੁਤ ਹੀ ਸ਼ਰਮਿੰਦੇ ਹੋਏ ਕਿਉਂਕਿ ਉਨ੍ਹਾਂ ਨੇ ਜਾਣ ਲਿਆ ਸੀ ਕਿ ਇਹ ਕੰਮ ਸਾਡੇ ਪਰਮੇਸ਼ੁਰ ਵੱਲੋਂ ਹੋਇਆ ਹੈ। 17 ਨਾਲੇ ਉਨ੍ਹਾਂ ਦਿਨਾਂ ਵਿੱਚ ਯਹੂਦੀ ਸਾਮੰਤਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਟੋਬੀਯਾਹ ਕੋਲ ਗਈਆਂ ਅਤੇ ਤੋਬਿਆਹ ਦੀਆਂ ਚਿੱਠੀਆਂ ਉਨ੍ਹਾਂ ਕੋਲ ਆਈਆਂ। 18 ਕਿਉਂ ਜੋ ਉਹ ਆਰਹ ਦੇ ਪੁੱਤਰ ਸ਼ਕਨਯਾਹ ਦਾ ਜੁਵਾਈ ਸੀ, ਅਤੇ ਉਸ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਦੀ ਧੀ ਨਾਲ ਵਿਆਹ ਕਰ ਲਿਆ ਸੀ, ਇਸ ਲਈ ਬਹੁਤ ਸਾਰੇ ਯਹੂਦੀਆਂ ਨੇ ਉਸ ਦੇ ਪੱਖ ਵਿੱਚ ਹੋਣ ਦੀ ਸਹੁੰ ਖਾਧੀ ਸੀ। 19 ਉਹ ਉਸ ਦੀਆਂ ਨੇਕੀਆਂ ਮੈਨੂੰ ਦੱਸਦੇ ਰਹਿੰਦੇ ਸਨ ਅਤੇ ਮੇਰੀਆਂ ਗੱਲਾਂ ਉਹ ਨੂੰ ਜਾ ਕੇ ਦੱਸਦੇ ਸਨ ਅਤੇ ਤੋਬਿਆਹ ਮੈਨੂੰ ਡਰਾਉਣ ਲਈ ਚਿੱਠੀਆਂ ਭੇਜਦਾ ਹੁੰਦਾ ਸੀ।