8
ਯਹੂਦੀਆਂ ਨੂੰ ਬਿਵਸਥਾ ਦਾ ਸੁਣਾਇਆ ਜਾਣਾ
ਫਿਰ ਸਾਰੀ ਪਰਜਾ ਇੱਕ ਮਨ ਹੋ ਕੇ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਇਕੱਠੀ ਹੋਈ ਅਤੇ ਉਨ੍ਹਾਂ ਨੇ ਅਜ਼ਰਾ ਸ਼ਾਸਤਰੀ ਨੂੰ ਕਿਹਾ ਕਿ ਮੂਸਾ ਦੀ ਬਿਵਸਥਾ ਦੀ ਪੁਸਤਕ ਨੂੰ ਲੈ ਆ, ਜਿਸ ਦਾ ਯਹੋਵਾਹ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ। ਤਦ ਅਜ਼ਰਾ ਜਾਜਕ ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸਾਰੀ ਸਭਾ ਦੇ ਸਾਹਮਣੇ ਭਾਵੇਂ ਪੁਰਖ ਭਾਵੇਂ ਇਸਤਰੀਆਂ ਸਗੋਂ ਉਨ੍ਹਾਂ ਸਾਰਿਆਂ ਦੇ ਅੱਗੇ ਜਿਹੜੇ ਸੁਣ ਕੇ ਸਮਝ ਸਕਦੇ ਸਨ, ਬਿਵਸਥਾ ਨੂੰ ਲੈ ਆਇਆ, ਅਤੇ ਜਲ ਫਾਟਕ ਦੇ ਅੱਗੇ ਚੌਂਕ ਵਿੱਚ ਪਹੁ ਫੁੱਟਣ ਤੋਂ ਲੈ ਕੇ ਦੁਪਹਿਰ ਤੱਕ ਪੁਰਖਾਂ, ਇਸਤਰੀਆਂ ਅਤੇ ਜੋ ਸਮਝ ਸਕਦੇ ਸਨ, ਉਨ੍ਹਾਂ ਦੇ ਅੱਗੇ ਪੜ੍ਹਦਾ ਰਿਹਾ ਅਤੇ ਸਾਰੀ ਪਰਜਾ ਦੇ ਕੰਨ ਬਿਵਸਥਾ ਦੀ ਪੁਸਤਕ ਵੱਲ ਲੱਗੇ ਰਹੇ। ਤਦ ਅਜ਼ਰਾ ਸ਼ਾਸਤਰੀ ਲੱਕੜੀ ਦੇ ਇੱਕ ਤਖ਼ਤ-ਪੋਸ਼ ਉੱਤੇ ਖੜਾ ਹੋ ਗਿਆ, ਜਿਹੜਾ ਇਸੇ ਕੰਮ ਲਈ ਬਣਾਇਆ ਗਿਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ, ਸ਼ਮਆ, ਅਨਾਯਾਹ, ਊਰਿੱਯਾਹ, ਹਿਲਕੀਯਾਹ ਅਤੇ ਮਅਸੇਯਾਹ ਉਸ ਦੇ ਸੱਜੇ ਪਾਸੇ ਖੜ੍ਹੇ ਸਨ ਅਤੇ ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੁਮ, ਹਸ਼ਬੱਦਾਨਾਹ, ਜ਼ਕਰਯਾਹ ਅਤੇ ਮਸ਼ੁੱਲਾਮ ਖੜ੍ਹੇ ਸਨ। ਤਦ ਅਜ਼ਰਾ ਨੇ ਜੋ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਸੀ, ਸਾਰੀ ਪਰਜਾ ਦੇ ਵੇਖਦਿਆਂ ਪੁਸਤਕ ਨੂੰ ਖੋਲ੍ਹਿਆ, ਅਤੇ ਉਸ ਦੇ ਖੋਲ੍ਹਦਿਆਂ ਸਾਰ ਹੀ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ। ਤਦ ਅਜ਼ਰਾ ਨੇ ਯਹੋਵਾਹ ਨੂੰ ਜਿਹੜਾ ਮਹਾਨ ਪਰਮੇਸ਼ੁਰ ਹੈ ਮੁਬਾਰਕ ਕਿਹਾ, ਤਾਂ ਸਾਰੀ ਪਰਜਾ ਨੇ ਹੱਥ ਚੁੱਕ ਕੇ “ਆਮੀਨ” ਕਿਹਾ ਅਤੇ ਯਹੋਵਾਹ ਦੇ ਅੱਗੇ ਧਰਤੀ ਤੱਕ ਸਿਰ ਝੁਕਾ ਕੇ ਮੱਥਾ ਟੇਕਿਆ। ਤਦ ਯੇਸ਼ੂਆ, ਬਾਨੀ, ਸ਼ੇਰੇਬਯਾਹ, ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਅਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ, ਹਾਨਾਨ, ਪਲਾਯਾਹ ਅਤੇ ਲੇਵੀਆਂ ਨੇ ਪਰਜਾ ਨੂੰ ਬਿਵਸਥਾ ਸਮਝਾਈ ਅਤੇ ਪਰਜਾ ਆਪਣੇ ਸਥਾਨ ਤੇ ਖੜ੍ਹੀ ਰਹੀ। ਉਨ੍ਹਾਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੁਸਤਕ ਨੂੰ ਬੜੀ ਸਫ਼ਾਈ ਨਾਲ ਪੜ੍ਹਿਆ ਅਤੇ ਉਸ ਦੇ ਅਰਥ ਸਮਝਾਏ ਅਤੇ ਲੋਕਾਂ ਨੇ ਪਾਠ ਨੂੰ ਸਮਝ ਲਿਆ।
ਤਦ ਨਹਮਯਾਹ ਨੇ ਜੋ ਹਾਕਮ ਸੀ ਅਤੇ ਅਜ਼ਰਾ ਜੋ ਜਾਜਕ ਅਤੇ ਸ਼ਾਸਤਰੀ ਸੀ ਅਤੇ ਲੇਵੀ ਜੋ ਲੋਕਾਂ ਨੂੰ ਸਿਖਾ ਰਹੇ ਹਨ, ਉਨ੍ਹਾਂ ਨੇ ਸਾਰੀ ਪਰਜਾ ਨੂੰ ਕਿਹਾ, “ਅੱਜ ਦਾ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਪਵਿੱਤਰ ਹੈ; ਇਸ ਲਈ ਨਾ ਸੋਗ ਕਰੋ ਅਤੇ ਨਾ ਰੋਵੋ।” ਕਿਉਂ ਜੋ ਸਾਰੀ ਪਰਜਾ ਬਿਵਸਥਾ ਦੇ ਬਚਨ ਸੁਣ ਕੇ ਰੋਂਦੀ ਸੀ। 10 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਜਾਓ, ਚਿਕਨਾ ਭੋਜਨ ਖਾਓ ਅਤੇ ਮਿੱਠਾ ਰਸ ਪੀਓ, ਅਤੇ ਜਿਨ੍ਹਾਂ ਦੇ ਲਈ ਕੁਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਭੋਜਨ ਵਸਤੂਆਂ ਭੇਜੋ, ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੂ ਲਈ ਪਵਿੱਤਰ ਹੈ ਅਤੇ ਤੁਸੀਂ ਉਦਾਸ ਨਾ ਰਹੋ ਕਿਉਂਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ।” 11 ਤਦ ਲੇਵੀਆਂ ਨੇ ਸਾਰੀ ਪਰਜਾ ਨੂੰ ਇਹ ਕਹਿ ਕੇ ਸ਼ਾਂਤ ਕੀਤਾ, “ਚੁੱਪ ਰਹੋ ਕਿਉਂ ਜੋ ਅੱਜ ਦਾ ਦਿਨ ਪਵਿੱਤਰ ਹੈ, ਅਤੇ ਉਦਾਸ ਨਾ ਹੋਵੋ।” 12 ਤਦ ਸਾਰੀ ਪਰਜਾ ਖਾਣ-ਪੀਣ ਅਤੇ ਇੱਕ ਦੂਜੇ ਨੂੰ ਭੋਜਨ ਵਸਤੂਆਂ ਭੇਜਣ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ, ਕਿਉਂਕਿ ਜੋ ਬਚਨ ਉਨ੍ਹਾਂ ਨੂੰ ਸਮਝਾਏ ਗਏ ਸਨ, ਉਨ੍ਹਾਂ ਨੇ ਉਹ ਸਮਝ ਲਏ ਸਨ।
ਡੇਰਿਆਂ ਦਾ ਪਰਬ
13 ਦੂਜੇ ਦਿਨ ਵੀ ਸਾਰੀ ਪਰਜਾ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਅਤੇ ਜਾਜਕ ਅਤੇ ਲੇਵੀ ਅਜ਼ਰਾ ਸ਼ਾਸਤਰੀ ਕੋਲ ਇਕੱਠੇ ਹੋਏ ਤਾਂ ਜੋ ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ। 14 ਉਨ੍ਹਾਂ ਨੂੰ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਮਿਲਿਆ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਇਹ ਹੁਕਮ ਦਿੱਤਾ ਸੀ* 8:14 ਲੇਵੀਆਂ 23:33-36, 39-43; ਬਿਵਸਥਾ ਸਾਰ 16:13-15 ਕਿ ਇਸਰਾਏਲੀ ਸੱਤਵੇਂ ਮਹੀਨੇ ਦੇ ਪਰਬ ਲਈ ਡੇਰਿਆਂ ਵਿੱਚ ਰਿਹਾ ਕਰਨ 15 ਅਤੇ ਆਪਣੇ ਸਾਰੇ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਇਹ ਸੁਣਾਇਆ ਜਾਵੇ ਅਤੇ ਇਹ ਮੁਨਾਦੀ ਕਰਵਾਈ ਜਾਵੇ ਕਿ ਪਰਬਤ ਉੱਤੇ ਜਾ ਕੇ ਜ਼ੈਤੂਨ ਦੀਆਂ ਟਹਿਣੀਆਂ, ਤੇਲ ਬਿਰਛ ਦੀਆਂ ਟਾਹਣੀਆਂ, ਮਹਿੰਦੀ ਦੀਆਂ ਟਹਿਣੀਆਂ, ਖਜ਼ੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਉਣ, ਜਿਵੇਂ ਕਿ ਲਿਖਿਆ ਹੈ। 16 ਤਦ ਲੋਕ ਬਾਹਰ ਗਏ ਅਤੇ ਟਹਿਣੀਆਂ ਨੂੰ ਲਿਆਏ ਅਤੇ ਆਪਣੇ-ਆਪਣੇ ਘਰ ਦੀ ਛੱਤ ਉੱਤੇ, ਆਪਣੇ ਵਿਹੜਿਆਂ ਵਿੱਚ ਅਤੇ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿੱਚ ਅਤੇ ਜਲ-ਫਾਟਕ ਦੇ ਚੌਂਕ ਵਿੱਚ ਅਤੇ ਇਫ਼ਰਾਈਮੀ ਫਾਟਕ ਦੇ ਚੌਂਕ ਵਿੱਚ ਆਪਣੇ ਲਈ ਡੇਰੇ ਬਣਾਏ। 17 ਸਾਰੀ ਸਭਾ ਨੇ ਜਿਹੜੀ ਗ਼ੁਲਾਮੀ ਵਿੱਚੋਂ ਮੁੜ ਆਈ ਸੀ, ਡੇਰੇ ਬਣਾਏ ਅਤੇ ਉਨ੍ਹਾਂ ਵਿੱਚ ਰਹੇ ਕਿਉਂ ਜੋ ਨੂਨ ਦੇ ਪੁੱਤਰ ਯੇਸ਼ੂਆ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤੱਕ ਇਸਰਾਏਲੀਆਂ ਨੇ ਅਜਿਹਾ ਨਹੀਂ ਕੀਤਾ ਸੀ। ਉਸ ਸਮੇਂ ਬਹੁਤ ਵੱਡਾ ਅਨੰਦ ਹੋਇਆ। 18 ਫਿਰ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਅਜ਼ਰਾ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੁਸਤਕ ਵਿੱਚੋਂ ਹਰ ਰੋਜ਼ ਪੜ੍ਹਿਆ ਅਤੇ ਉਨ੍ਹਾਂ ਨੇ ਸੱਤ ਦਿਨਾਂ ਤੱਕ ਪਰਬ ਮਨਾਇਆ ਅਤੇ ਅੱਠਵੇਂ ਦਿਨ ਨਿਯਮ ਦੇ ਅਨੁਸਾਰ ਮਹਾਂ-ਸਭਾ ਹੋਈ।

*8:14 8:14 ਲੇਵੀਆਂ 23:33-36, 39-43; ਬਿਵਸਥਾ ਸਾਰ 16:13-15