6
ਨਜ਼ੀਰਾਂ ਦੀ ਨੀਤੀ
1 ਯਹੋਵਾਹ ਨੇ ਮੂਸਾ ਨੂੰ ਆਖਿਆ, 2 ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਕੋਈ ਪੁਰਸ਼ ਜਾਂ ਇਸਤਰੀ ਨਜ਼ੀਰ*ਅਲੱਗ ਕੀਤਾ ਹੋਇਆ ਦੀ ਖ਼ਾਸ ਸੁੱਖਣਾ ਸੁੱਖੇ ਅਰਥਾਤ ਯਹੋਵਾਹ ਲਈ ਆਪਣੇ ਆਪ ਨੂੰ ਅਰਪਣ ਕਰੇ। 3 ਤਾਂ ਦਾਖ਼ਰਸ ਅਤੇ ਸ਼ਰਾਬ ਤੋਂ ਆਪਣੇ ਆਪ ਨੂੰ ਅੱਡ ਰੱਖੇ। ਉਹ, ਨਾ ਤਾਂ ਦਾਖਰਸ ਦਾ ਸਿਰਕਾ, ਨਾ ਸ਼ਰਾਬ ਦਾ ਸਿਰਕਾ ਪੀਵੇ ਅਤੇ ਉਹ ਕੋਈ ਦਾਖਰਸ ਨਾ ਪੀਵੇ ਨਾ ਕੋਈ ਦਾਖ ਸੁੱਕੀ ਜਾਂ ਤਾਜ਼ਾ ਖਾਵੇ। 4 ਉਹ ਦੇ ਅਲੱਗ ਹੋਣ ਦੇ ਸਾਰੇ ਦਿਨ ਉਹ ਬੀਜ ਤੋਂ ਲੈ ਕੇ ਛਿਲਕੇ ਤੱਕ ਕੁਝ ਨਾ ਖਾਵੇ ਜਿਹੜਾ ਦਾਖ ਤੋਂ ਬਣਿਆ ਹੋਵੇ।
5 ਉਸ ਦੇ ਅੱਡ ਹੋਣ ਦੀ ਸੁੱਖਣਾ ਦੇ ਸਾਰੇ ਦਿਨ ਕੋਈ ਉਸਤਰਾ ਉਸ ਦੇ ਸਿਰ ਨੂੰ ਨਾ ਲੱਗੇ ਜਦ ਤੱਕ ਉਸ ਦੇ ਦਿਨ ਪੂਰੇ ਨਾ ਹੋਣ ਜਿਨ੍ਹਾਂ ਵਿੱਚ ਉਸ ਨੇ ਯਹੋਵਾਹ ਲਈ ਆਪਣੇ ਆਪ ਨੂੰ ਅੱਡ ਕੀਤਾ, ਉਹ ਪਵਿੱਤਰ ਰਹੇ ਅਤੇ ਆਪਣੇ ਸਿਰ ਦੇ ਵਾਲਾਂ ਦੀਆਂ ਲਟਾਂ ਵਧਣ ਦੇਵੇ। 6 ਯਹੋਵਾਹ ਲਈ ਅੱਡ ਹੋਣ ਦੇ ਸਾਰੇ ਦਿਨ ਤੱਕ ਉਹ ਕਿਸੇ ਵੀ ਲਾਸ਼ ਕੋਲ ਨਾ ਜਾਵੇ। 7 ਉਹ ਆਪਣੇ ਪਿਤਾ, ਮਾਤਾ, ਭਰਾ ਜਾਂ ਭੈਣ ਲਈ, ਜਦ ਉਹ ਮਰ ਜਾਣ ਅਸ਼ੁੱਧ ਨਾ ਹੋ ਜਾਵੇ ਕਿਉਂ ਜੋ ਉਸ ਦੇ ਪਰਮੇਸ਼ੁਰ ਲਈ ਅੱਡ ਹੋਣ ਦੀ ਜ਼ਿੰਮੇਵਾਰੀ ਉਸ ਦੇ ਸਿਰ ਉੱਤੇ ਹੈ। 8 ਉਸ ਦੇ ਅੱਡ ਹੋਣ ਦੇ ਸਾਰੇ ਦਿਨ ਯਹੋਵਾਹ ਲਈ ਪਵਿੱਤਰ ਹਨ।
9 ਜੇ ਕੋਈ ਉਸ ਦੇ ਕੋਲ ਅਚਾਨਕ ਮਰ ਜਾਵੇ ਅਤੇ ਉਸ ਦੇ ਅੱਡ ਹੋਣ ਦਾ ਸਮਾਂ ਅਸ਼ੁੱਧ ਹੋ ਜਾਵੇ ਤਾਂ ਉਹ ਆਪਣੇ ਸ਼ੁੱਧ ਹੋਣ ਦੇ ਦਿਨ ਆਪਣਾ ਸਿਰ ਮੁਨਾਵੇ, ਸੱਤਵੇਂ ਦਿਨ ਉਹ ਨੂੰ ਮੁਨਾਵੇ। 10 ਫੇਰ ਅੱਠਵੇਂ ਦਿਨ ਉਹ ਜਾਜਕ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਦੋ ਘੁੱਗੀਆਂ ਜਾਂ ਦੋ ਕਬੂਤਰ ਦੇ ਬੱਚੇ ਲਿਆਵੇ। 11 ਤਾਂ ਜਾਜਕ ਇੱਕ ਨੂੰ ਪਾਪ ਬਲੀ ਅਤੇ ਦੂਜੇ ਨੂੰ ਹੋਮ ਦੀ ਬਲੀ ਲਈ ਚੜ੍ਹਾਵੇ ਅਤੇ ਇਸ ਤਰ੍ਹਾਂ ਉਹ ਦੇ ਲਈ ਪ੍ਰਾਸਚਿਤ ਕਰੇ ਕਿਉਂ ਜੋ ਉਸ ਨੇ ਉਸ ਲਾਸ਼ ਦੇ ਕਾਰਨ ਪਾਪ ਕੀਤਾ ਤਾਂ ਉਹ ਆਪਣੇ ਸਿਰ ਨੂੰ ਉਸੇ ਦਿਨ ਪਵਿੱਤਰ ਕਰੇ। 12 ਉਹ ਆਪਣੇ ਅੱਡ ਹੋਣ ਦੇ ਦਿਨ ਯਹੋਵਾਹ ਲਈ ਅੱਡ ਰੱਖੇ ਅਤੇ ਉਹ ਇੱਕ ਸਾਲ ਦਾ ਭੇਡ ਦਾ ਬੱਚਾ ਦੋਸ਼ ਦੀ ਭੇਟ ਲਈ ਲਿਆਵੇ ਪਰ ਉਸ ਦੇ ਪਿਛਲੇ ਦਿਨ ਵਿਅਰਥ ਹੋ ਗਏ ਕਿਉਂ ਜੋ ਉਹ ਆਪਣੇ ਅੱਡ ਰਹਿਣ ਦੇ ਸਮੇਂ ਦੌਰਾਨ ਭਰਿਸ਼ਟ ਹੋ ਗਿਆ।
13 ਇਹ ਨਜ਼ੀਰ ਲਈ ਬਿਵਸਥਾ ਹੈ, ਜਿਸ ਦਿਨ ਉਸ ਦੇ ਅੱਡ ਹੋਣ ਦੇ ਦਿਨ ਪੂਰੇ ਹੋਣ ਤਾਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਂਦਾ ਜਾਵੇ। 14 ਉਹ ਯਹੋਵਾਹ ਕੋਲ ਆਪਣੀ ਬਲੀ ਲਿਆਵੇ, ਇੱਕ ਸਾਲ ਦਾ ਦੋਸ਼ ਰਹਿਤ ਭੇਡ ਦਾ ਬੱਚਾ ਹੋਮ ਦੀ ਬਲੀ ਲਈ ਅਤੇ ਇੱਕ ਸਾਲ ਦੀ ਦੋਸ਼ ਰਹਿਤ ਲੇਲੀ ਪਾਪ ਬਲੀ ਲਈ ਅਤੇ ਇੱਕ ਦੋਸ਼ ਰਹਿਤ ਭੇਡ ਦਾ ਬੱਚਾ ਸੁੱਖ-ਸਾਂਦ ਦੀ ਬਲੀ ਲਈ ਲਿਆਵੇ। 15 ਨਾਲੇ ਪਤੀਰੀਆਂ ਰੋਟੀਆਂ ਦੀ ਟੋਕਰੀ ਅਤੇ ਮੈਦੇ ਦੇ ਫੁਲਕੇ ਤੇਲ ਨਾਲ ਚੋਪੜੇ ਹੋਏ ਅਤੇ ਪਤੀਰੀਆਂ ਮੱਠੀਆਂ ਤੇਲ ਨਾਲ ਚੋਪੜੀਆਂ ਹੋਈਆਂ ਉਨ੍ਹਾਂ ਦੇ ਮੈਦੇ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਨਾਲ ਹੋਣ। 16 ਫੇਰ ਜਾਜਕ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਲਿਆਵੇ ਅਤੇ ਉਹ ਦੇ ਪਾਪ ਦੀਆਂ ਅਤੇ ਉਹ ਦੇ ਹੋਮ ਦੀਆਂ ਬਲੀਆਂ ਚੜ੍ਹਾਵੇ। 17 ਅਤੇ ਉਸ ਭੇਡ ਦੇ ਬੱਚੇ ਨੂੰ ਪਤੀਰੀਆਂ ਰੋਟੀਆਂ ਦੇ ਛਾਬੇ ਸਮੇਤ ਸੁੱਖ-ਸਾਂਦ ਦੀ ਬਲੀ ਲਈ ਯਹੋਵਾਹ ਨੂੰ ਚੜ੍ਹਾਵੇ ਅਤੇ ਜਾਜਕ ਉਸ ਦੇ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਚੜ੍ਹਾਵੇ। 18 ਤਾਂ ਨਜ਼ੀਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਆਪਣੇ ਅੱਡ ਹੋਣ ਦਾ ਸਿਰ ਮੁਨਾਵੇ ਅਤੇ ਆਪਣੇ ਅੱਡ ਹੋਣ ਦੇ ਸਿਰ ਦੇ ਵਾਲ਼ ਅੱਗ ਉੱਤੇ ਸੁੱਟੇ ਜਿਹੜੀ ਸੁੱਖ-ਸਾਂਦ ਦੀ ਬਲੀ ਹੇਠ ਹੈ। 19 ਫੇਰ ਜਾਜਕ ਉਸ ਭੇਡ ਦੇ ਬੱਚੇ ਦਾ ਉਬਾਲਿਆ ਹੋਇਆ ਮੋਢਾ ਅਤੇ ਛਾਬੇ ਵਿੱਚੋਂ ਇੱਕ ਪਤੀਰੀ ਰੋਟੀ ਅਤੇ ਇੱਕ ਪਤੀਰੀ ਮੱਠੀ ਲੈ ਕੇ ਨਜ਼ੀਰ ਦੇ ਹੱਥਾਂ ਉੱਤੇ ਉਸ ਦੇ ਅੱਡ ਹੋਣ ਦੇ ਸਿਰ ਮੁੰਨਣ ਪਿੱਛੋਂ ਰੱਖੇ। 20 ਫੇਰ ਜਾਜਕ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਲਈ ਯਹੋਵਾਹ ਅੱਗੇ ਹਿਲਾਵੇ। ਇਹ ਹਿਲਾਈ ਹੋਈ ਛਾਤੀ ਅਤੇ ਚੁੱਕਿਆ ਹੋਇਆ ਪੱਟ ਜਾਜਕ ਲਈ ਪਵਿੱਤਰ ਹੈ ਤਾਂ ਫੇਰ ਉਹ ਨਜ਼ੀਰ ਮਧ ਪੀ ਸਕੇਗਾ।
21 ਇਹ ਉਸ ਨਜ਼ੀਰ ਦੀ ਬਿਵਸਥਾ ਹੈ ਜਿਹੜਾ ਸੁੱਖਣਾ ਸੁੱਖੇ ਅਤੇ ਉਸ ਦੇ ਅੱਡ ਹੋਣ ਦੇ ਕਾਰਨ ਯਹੋਵਾਹ ਲਈ ਭੇਟ ਹੈ ਨਾਲੇ ਜੋ ਕੁਝ ਉਸ ਦੇ ਹੱਥ ਲੱਗੇ ਆਪਣੀ ਸੁੱਖਣਾ ਅਨੁਸਾਰ ਜਿਹੜੀ ਉਸ ਨੇ ਸੁੱਖੀ ਹੈ ਉਹ ਉਸੇ ਤਰ੍ਹਾਂ ਹੀ ਆਪਣੇ ਅੱਡ ਹੋਣ ਦੀ ਬਿਵਸਥਾ ਅਨੁਸਾਰ ਕਰੇ।
ਜਾਜਕਾਂ ਦੇ ਅਸੀਸ ਦੇਣ ਦੀ ਵਿਧੀ
22 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 23 ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਬੋਲ ਕਿ ਤੁਸੀਂ ਇਸ ਤਰ੍ਹਾਂ ਇਸਰਾਏਲੀਆਂ ਨੂੰ ਅਸੀਸ ਦੇ ਕੇ ਆਖਿਓ,
24 “ਯਹੋਵਾਹ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ,
25 ਯਹੋਵਾਹ ਆਪਣੇ ਮੁਖ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਯਾ ਕਰੇ,
26 ਯਹੋਵਾਹ ਆਪਣਾ ਮੁਖ ਤੇਰੇ ਵੱਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ।”
27 ਇਸ ਤਰ੍ਹਾਂ ਉਹ ਮੇਰਾ ਨਾਮ ਇਸਰਾਏਲੀਆਂ ਉੱਤੇ ਰੱਖਣ ਅਤੇ ਮੈਂ ਉਨ੍ਹਾਂ ਨੂੰ ਬਰਕਤ ਦਿਆਂਗਾ।