ਜ਼ਬੂਰ
ਲੇਖਕ
ਜ਼ਬੂਰ, ਗੀਤ ਦੇ ਰੂਪ ਵਿੱਚ ਲਿਖੀਆਂ ਗਈਆਂ ਕਵਿਤਾਵਾਂ ਦਾ ਸੰਗ੍ਰਹਿ, ਪੁਰਾਣੇ ਨਿਯਮ ਦੀਆਂ ਪੁਸਤਕਾਂ ਵਿੱਚੋਂ ਇੱਕ ਹੈ, ਜੋ ਆਪਣੇ ਆਪ ਨੂੰ ਬਹੁਤ ਸਾਰੇ ਲੇਖਕਾਂ ਦੇ ਸੰਯੁਕਤ ਕੰਮ ਦੇ ਰੂਪ ਵਿੱਚ ਦਰਸਾਉਂਦੀ ਹੈ, ਇਹ ਕਈ ਲੇਖਕਾਂ ਦੁਆਰਾ ਲਿਖੀ ਗਈ ਹੈ; ਦਾਊਦ ਨੇ 73 ਜ਼ਬੂਰ ਲਿਖੇ, ਆਸਾਫ਼ ਨੇ 12, ਕੋਰਹ ਦੇ ਪੁੱਤਰਾਂ ਨੇ 9, ਸੁਲੇਮਾਨ ਨੇ 3, ਏਥਾਨ ਅਤੇ ਮੂਸਾ ਨੇ ਇੱਕ-ਇੱਕ ਜ਼ਬੂਰ ਨੂੰ ਲਿਖਿਆ (ਜ਼ਬੂਰ 89, 90)। ਅਤੇ ਕੁੱਲ 51 ਜ਼ਬੂਰਾਂ ਦੇ ਲੇਖਕ ਅਗਿਆਤ ਹਨ। ਸੁਲੇਮਾਨ ਅਤੇ ਮੂਸਾ ਨੂੰ ਛੱਡ ਕੇ, ਬਾਕੀ ਜ਼ਿਆਦਾਤਰ ਲੇਖਕ ਜਾਜਕ ਜਾਂ ਲੇਵੀ ਸਨ, ਜੋ ਦਾਊਦ ਦੇ ਸ਼ਾਸਨਕਾਲ ਦੇ ਦੌਰਾਨ ਪਰਮੇਸ਼ੁਰ ਦੀ ਪਵਿੱਤਰ ਸਥਾਨ ਵਿੱਚ ਅਰਾਧਨਾ ਲਈ ਸੰਗੀਤ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਸਨ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 1440-430 ਈ. ਪੂ. ਦੇ ਵਿਚਕਾਰ ਲਿਖੀ ਗਈ।
ਵਿਅਕਤੀਗਤ ਜ਼ਬੂਰਾਂ ਨੂੰ ਲਿਖਣ ਦੀ ਸ਼ੁਰੂਆਤ ਇਤਿਹਾਸ ਵਿੱਚ ਮੂਸਾ ਦੇ ਸਮੇਂ ਤੋਂ ਹੋਈ ਅਤੇ ਦਾਊਦ, ਆਸਾਫ਼, ਅਤੇ ਅਜਰਾ ਵੰਸ਼ੀ ਦੇ ਸਮੇਂ ਤੱਕ ਲਿਖੇ ਗਏ ਜੋ ਕਿ ਸ਼ਾਇਦ ਬਾਬਲ ਦੀ ਗ਼ੁਲਾਮੀ ਤੋਂ ਬਾਅਦ ਰਹਿੰਦਾ ਸੀ। ਇਸ ਦਾ ਅਰਥ ਇਹ ਹੈ ਕਿ ਪੁਸਤਕ ਦੀਆਂ ਲਿਖਤਾਂ ਇੱਕ ਹਜ਼ਾਰ ਸਾਲ ਦਾ ਸਮਾਂ ਤੈਅ ਕਰਦੀਆਂ ਹਨ।
ਪ੍ਰਾਪਤ ਕਰਤਾ
ਇਸਰਾਏਲ ਕੌਮ ਲਈ, ਇਹ ਯਾਦ ਦਿਲਾਉਣ ਲਈ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਲਈ ਅਤੇ ਵਿਸ਼ਵਾਸੀਆਂ ਦੇ ਲਈ ਇਤਿਹਾਸ ਵਿਚ ਕੀ-ਕੀ ਕੀਤਾ ਹੈ।
ਉਦੇਸ਼
ਜ਼ਬੂਰ ਵਿੱਚ ਪਰਮੇਸ਼ੁਰ ਅਤੇ ਉਸ ਦੀ ਸ੍ਰਿਸ਼ਟੀ, ਯੁੱਧ, ਅਰਾਧਨਾ, ਗਿਆਨ, ਪਾਪ ਅਤੇ ਬਦੀ, ਫ਼ੈਸਲਾ, ਨਿਆਂ ਅਤੇ ਮਸੀਹ ਦੇ ਆਉਣ ਵਰਗੇ ਵਿਸ਼ੇ ਸ਼ਾਮਿਲ ਹਨ। ਇਸ ਪੁਸਤਕ ਦੇ ਬਹੁਤ ਸਾਰੇ ਪੰਨਿਆਂ ਵਿੱਚ ਜ਼ਬੂਰ ਆਪਣੇ ਪਾਠਕਾਂ ਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਉਤਸ਼ਾਹਿਤ ਕਰਦੇ ਹਨ, ਇਸ ਲਈ ਕਿ ਉਹ ਕੌਣ ਹੈ ਅਤੇ ਉਸ ਨੇ ਕੀ-ਕੀ ਕੀਤਾ ਹੈ। ਜ਼ਬੂਰ ਸਾਡੇ ਪਰਮੇਸ਼ੁਰ ਦੀ ਮਹਾਨਤਾ ਨੂੰ ਪ੍ਰਕਾਸ਼ਮਾਨ ਕਰਦੇ ਹਨ, ਮੁਸੀਬਤ ਦੇ ਸਮੇਂ ਵਿੱਚ ਸਾਡੇ ਪ੍ਰਤੀ ਉਸ ਦੀ ਵਫ਼ਾਦਾਰੀ ਦੀ ਪੁਸ਼ਟੀ ਕਰਦੇ ਹਨ, ਅਤੇ ਸਾਨੂੰ ਉਸ ਦੇ ਬਚਨ ਦੀ ਸੰਪੂਰਨ ਕੇਂਦਰੀਤਾ ਬਾਰੇ ਯਾਦ ਕਰਾਉਂਦੇ ਹਨ।
ਵਿਸ਼ਾ-ਵਸਤੂ
ਉਸਤਤ
ਰੂਪ-ਰੇਖਾ
1. ਮਸੀਹ ਦੀ ਪੁਸਤਕ — 1:1-41:13
2. ਇੱਛਾ ਦੀ ਪੁਸਤਕ — 42:1-72:20
3. ਇਸਰਾਏਲ ਦੀ ਪੁਸਤਕ — 73:1-89:52
4. ਪਰਮੇਸ਼ੁਰ ਦੇ ਰਾਜ ਦੀ ਪੁਸਤਕ — 90:1-106:48
5. ਉਸਤਤ ਦੀ ਪੁਸਤਕ — 107:1-150:6
ਪਹਿਲਾ ਭਾਗ
1
ਜ਼ਬੂਰ 1-41
ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਸਮਝ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਹੁੰਦਾ, ਅਤੇ ਨਾ ਮਖ਼ੌਲੀਆਂ ਦੀ ਮੰਡਲੀ ਵਿੱਚ ਬੈਠਦਾ ਹੈ! ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ; ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਉਸ ਦਰਖ਼ਤ ਵਰਗਾ ਹੋਵੇਗਾ, ਜਿਹੜਾ ਵਗਦੇ ਪਾਣੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਸ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਉਹ ਸਫ਼ਲ ਹੁੰਦਾ ਹੈ। ਦੁਸ਼ਟ ਅਜਿਹੇ ਨਹੀਂ ਹੁੰਦੇ ਪਰ ਉਹ ਘਾਹ-ਫੂਸ ਵਰਗੇ ਹੁੰਦੇ ਹਨ, ਜਿਸ ਨੂੰ ਪੌਣ ਉਡਾ ਲੈ ਜਾਂਦੀ ਹੈ। ਇਸ ਲਈ ਦੁਸ਼ਟ ਨਿਆਂ ਵਿੱਚ ਖੜੇ ਨਹੀਂ ਰਹਿ ਸਕਣਗੇ, ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ, ਕਿਉਂ ਜੋ ਯਹੋਵਾਹ ਧਰਮੀਆਂ ਦਾ ਰਾਹ ਜਾਣਦਾ ਹੈ, ਪਰ ਦੁਸ਼ਟਾਂ ਦਾ ਰਾਹ ਨਾਸ ਹੋ ਜਾਵੇਗਾ।