129
ਵੈਰੀਆਂ ਦੀ ਹਾਰ ਦੇ ਲਈ ਪ੍ਰਾਰਥਨਾ
ਯਾਤਰਾ ਦਾ ਗੀਤ
1 ਉਨ੍ਹਾਂ*ਮੇਰੇ ਵੈਰੀਆਂ ਨੇ ਮੈਨੂੰ ਮੇਰੀ ਜਵਾਨੀ ਤੋਂ ਬਹੁਤਾ ਦੁੱਖ ਦਿੱਤਾ,
ਇਸਰਾਏਲ ਇਹ ਆਖੇ,
2 ਉਨ੍ਹਾਂ ਨੇ ਮੈਨੂੰ ਮੇਰੀ ਜਵਾਨੀ ਤੋਂ ਬਹੁਤਾ ਦੁੱਖ ਦਿੱਤਾ,
ਪਰ ਉਹ ਮੇਰੇ ਉੱਤੇ ਪਰਬਲ ਨਾ ਹੋ ਸਕੇ!
3 ਹਾਲ੍ਹੀ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ,
ਉਨ੍ਹਾਂ ਨੇ ਲੰਮੇ-ਲੰਮੇ ਸਿਆੜ ਕੱਢੇ!
4 ਯਹੋਵਾਹ ਧਰਮੀ ਹੈ,
ਉਹ ਨੇ ਦੁਸ਼ਟਾਂ ਦੀ ਗੁਲਾਮੀ ਤੋਂ ਅਜ਼ਾਦ ਕੀਤਾ l
5 ਜਿੰਨੇ ਸੀਯੋਨ ਨਾਲ ਵੈਰ ਰੱਖਦੇ ਹਨ,
ਉਹ ਸ਼ਰਮਿੰਦੇ ਹੋ ਕੇ ਪਛਾੜੇ ਜਾਣ!
6 ਉਹ ਛੱਤਾਂ ਦੇ ਘਾਹ ਵਰਗੇ ਹੋਣ,
ਜਿਹੜਾ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦਾ ਹੈ,
7 ਜਿਸ ਦੇ ਨਾਲ ਵਾਢਾ ਆਪਣੀ ਮੁੱਠ ਨਹੀਂ ਭਰਦਾ,
ਨਾ ਪੂਲੇ ਬੰਨ੍ਹਣ ਵਾਲਾ ਆਪਣਾ ਪੱਲਾ,
8 ਅਤੇ ਲੰਘਣ ਵਾਲੇ ਨਹੀਂ ਆਖਦੇ,
“ਯਹੋਵਾਹ ਦੀ ਬਰਕਤ ਤੁਹਾਡੇ ਉੱਤੇ ਹੋਵੇ,
ਅਸੀਂ ਤੁਹਾਨੂੰ ਯਹੋਵਾਹ ਦੇ ਨਾਮ ਤੋਂ ਬਰਕਤ ਦਿੰਦੇ ਹਾਂ।”