9
ਪੰਜਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਮੈਂ ਇੱਕ ਤਾਰਾ ਸਵਰਗ ਤੋਂ ਧਰਤੀ ਉੱਤੇ ਡਿੱਗਦਾ ਹੋਇਆ ਵੇਖਿਆ ਅਤੇ ਅਥਾਹ ਕੁੰਡ ਦੀ ਕੁੰਜੀ ਉਹ ਨੂੰ ਦਿੱਤੀ ਗਈ। ਉਹ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਧੂੰਆਂ ਵੱਡੇ ਭੱਠੇ ਦੇ ਧੂੰਏਂ ਵਾਂਗੂੰ ਉੱਠਿਆ ਅਤੇ ਉਸ ਧੂੰਏਂ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ। ਅਤੇ ਧੂੰਏਂ ਵਿੱਚੋਂ ਧਰਤੀ ਉੱਤੇ ਟਿੱਡੇ ਨਿੱਕਲ ਆਏ ਅਤੇ ਉਹਨਾਂ ਨੂੰ ਧਰਤੀ ਦੇ ਬਿਛੂਆਂ ਦੇ ਬਲ ਵਰਗਾ ਬਲ ਦਿੱਤਾ ਗਿਆ। ਅਤੇ ਉਹਨਾਂ ਨੂੰ ਇਹ ਆਖਿਆ ਗਿਆ ਕਿ ਨਾ ਧਰਤੀ ਦੇ ਘਾਹ ਦਾ, ਨਾ ਕਿਸੇ ਹਰਿਆਲੀ ਦਾ ਅਤੇ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਕੇਵਲ ਉਨ੍ਹਾਂ ਮਨੁੱਖਾਂ ਦਾ, ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੋਹਰ ਨਹੀਂ ਹੈ। ਅਤੇ ਉਹਨਾਂ ਨੂੰ ਇਹ ਦਿੱਤਾ ਗਿਆ, ਜੋ ਉਨ੍ਹਾਂ ਮਨੁੱਖਾਂ ਨੂੰ ਜਾਨੋਂ ਨਾ ਮਾਰਨ ਸਗੋਂ ਇਹ ਕਿ ਉਹ ਪੰਜਾਂ ਮਹੀਨਿਆਂ ਤੱਕ ਵੱਡੀ ਪੀੜ ਸਹਿਣ ਅਤੇ ਉਨ੍ਹਾਂ ਦੀ ਪੀੜ ਇਹੋ ਜਿਹੀ ਸੀ, ਜਿਵੇਂ ਬਿਛੂਆਂ ਦੇ ਡੰਗ ਮਾਰਨ ਨਾਲ ਪੀੜ ਹੁੰਦੀ ਹੈ। ਅਤੇ ਉਨ੍ਹੀਂ ਦਿਨੀਂ ਮਨੁੱਖ ਮੌਤ ਨੂੰ ਭਾਲਣਗੇ ਅਤੇ ਉਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਲੱਭੇਗੀ ਅਤੇ ਮਰਨ ਦੀ ਕੋਸ਼ਿਸ਼ ਕਰਨਗੇ ਪਰ ਮੌਤ ਉਨ੍ਹਾਂ ਤੋਂ ਭੱਜ ਜਾਵੇਗੀ। ਅਤੇ ਉਹਨਾਂ ਟਿੱਡਿਆਂ ਦਾ ਰੂਪ ਉਨ੍ਹਾਂ ਘੋੜਿਆਂ ਵਰਗਾ ਸੀ, ਜਿਹੜੇ ਯੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ। ਉਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜਿਹੇ ਸਨ ਅਤੇ ਉਹਨਾਂ ਦੇ ਮੂੰਹ ਮਨੁੱਖਾਂ ਦੇ ਚਿਹਰੇ ਵਰਗੇ ਸਨ। ਉਹਨਾਂ ਦੇ ਵਾਲ਼ ਔਰਤਾਂ ਦੇ ਵਾਲਾਂ ਵਰਗੇ ਅਤੇ ਉਹਨਾਂ ਦੇ ਦੰਦ ਬੱਬਰ ਸ਼ੇਰਾਂ ਦੇ ਦੰਦਾਂ ਵਰਗੇ ਸਨ। ਅਤੇ ਉਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨੇ ਬੰਦਾ ਵਰਗੇ ਸਨ ਅਤੇ ਉਹਨਾਂ ਦੇ ਖੰਭਾਂ ਦੀ ਘੂਕ ਰੱਥਾਂ ਸਗੋਂ ਲੜਾਈ ਵਿੱਚ ਦੌੜਦਿਆਂ ਹੋਇਆਂ ਬਹੁਤਿਆਂ ਘੋੜਿਆਂ ਦੀ ਅਵਾਜ਼ ਜਿਹੀ ਸੀ। 10 ਅਤੇ ਉਹਨਾਂ ਦੀਆਂ ਪੂੰਛਾਂ ਬਿਛੂਆਂ ਵਰਗੀਆਂ ਸਨ, ਉਹਨਾਂ ਦੇ ਡੰਗ ਹਨ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਉਹਨਾਂ ਦਾ ਬਲ ਹੈ ਜੋ ਪੰਜ ਮਹੀਨਿਆਂ ਤੱਕ ਮਨੁੱਖ ਨੂੰ ਤੜਫਾਉਣ। 11 ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਹੈ। ਉਹ ਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੋਨ ਹੈ ਅਤੇ ਯੂਨਾਨੀ ਵਿੱਚ ਅਪੁੱਲੁਓਨ ਹੈ।
12 ਇੱਕ ਦੁੱਖ ਬੀਤ ਗਿਆ, ਵੇਖੋ, ਇਹ ਦੇ ਬਾਅਦ ਅਜੇ ਦੋ ਦੁੱਖ ਹੋਰ ਆਉਂਦੇ ਹਨ!
13 ਛੇਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਉਹ ਸੋਨੇ ਦੀ ਜਗਵੇਦੀ ਜਿਹੜੀ ਪਰਮੇਸ਼ੁਰ ਦੇ ਅੱਗੇ ਹੈ ਉਹ ਦੇ ਚਾਰਾਂ ਸਿੰਗਾਂ ਵਿੱਚੋਂ ਮੈਂ ਇੱਕ ਅਵਾਜ਼ ਸੁਣੀ। 14 ਉਸ ਛੇਵੇਂ ਦੂਤ ਨੂੰ ਜਿਹ ਦੇ ਕੋਲ ਤੁਰ੍ਹੀ ਸੀ ਉਹ ਇਹ ਕਹਿੰਦੀ ਹੈ ਕਿ ਉਹਨਾਂ ਚਾਰਾਂ ਦੂਤਾਂ ਨੂੰ ਜਿਹੜੇ ਵੱਡੇ ਦਰਿਆ ਫ਼ਰਾਤ ਉੱਤੇ ਬੰਨੇ ਹੋਏ ਹਨ ਖੋਲ੍ਹ ਦੇ! 15 ਤਾਂ ਉਹ ਚਾਰੇ ਦੂਤ ਜਿਹੜੇ ਵੇਲੇ, ਦਿਨ, ਮਹੀਨੇ ਅਤੇ ਸਾਲ ਲਈ ਤਿਆਰ ਕੀਤੇ ਹੋਏ ਸਨ ਖੋਲ੍ਹੇ ਗਏ ਜੋ ਮਨੁੱਖਾਂ ਦੀ ਇੱਕ ਤਿਹਾਈ ਨੂੰ ਮਾਰ ਸੁੱਟਣ। 16 ਅਤੇ ਘੋੜ ਸਵਾਰਾਂ ਦੀਆਂ ਫੌਜਾਂ ਗਿਣਤੀ ਵਿੱਚ ਵੀਹ ਕਰੋੜ ਸਨ। ਮੈਂ ਉਹਨਾਂ ਦੀ ਗਿਣਤੀ ਸੁਣੀ। 17 ਇਸ ਦਰਸ਼ਣ ਵਿੱਚ ਘੋੜਿਆਂ ਅਤੇ ਉਹਨਾਂ ਦਿਆਂ ਸਵਾਰਾਂ ਦੇ ਰੂਪ ਮੈਨੂੰ ਇਸ ਤਰ੍ਹਾਂ ਦਿਸਦੇ ਸਨ ਭਈ ਉਹਨਾਂ ਦੇ ਸੀਨੇ ਬੰਦ ਅੱਗ, ਨੀਲਮ, ਗੰਧਕ ਦੇ ਹਨ ਅਤੇ ਘੋੜਿਆਂ ਦੇ ਸਿਰ ਬੱਬਰ ਸ਼ੇਰਾਂ ਦੇ ਸਿਰ ਵਰਗੇ ਹਨ ਅਤੇ ਉਹਨਾਂ ਦੇ ਮੂੰਹਾਂ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਨਿੱਕਲਦੀ ਹੈ! 18 ਅੱਗ, ਧੂੰਆਂ ਅਤੇ ਗੰਧਕ ਜਿਹੜੀ ਉਹਨਾਂ ਦੇ ਮੂੰਹਾਂ ਵਿੱਚੋਂ ਨਿੱਕਲਦੀ ਸੀ, ਇਨ੍ਹਾਂ ਤਿੰਨਾਂ ਮਹਾਂਮਾਰੀਆਂ ਨਾਲ ਮਨੁੱਖਾਂ ਦੀ ਇੱਕ ਤਿਹਾਈ ਜਾਨੋਂ ਮਾਰੀ ਗਈ। 19 ਉਹਨਾਂ ਘੋੜਿਆਂ ਦਾ ਬਲ ਉਹਨਾਂ ਦੇ ਮੂੰਹ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਹੈ, ਕਿਉਂ ਜੋ ਉਹਨਾਂ ਦੀਆਂ ਪੂੰਛਾਂ ਸੱਪਾਂ ਵਰਗੀਆਂ ਹਨ ਅਤੇ ਉਹਨਾਂ ਦੇ ਸਿਰ ਵੀ ਹਨ ਅਤੇ ਉਹ ਉਨ੍ਹਾਂ ਦੇ ਨਾਲ ਵਿਨਾਸ਼ ਕਰਦੇ ਹਨ। 20 ਅਤੇ ਬਚੇ ਮਨੁੱਖਾਂ ਨੇ ਜਿਹੜੇ ਇਨ੍ਹਾਂ ਮਹਾਂਮਾਰੀਆਂ ਨਾਲ ਨਹੀਂ ਮਾਰੇ ਗਏ ਸਨ, ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਾ ਕੀਤੀ, ਉਹ ਭੂਤਾਂ ਦੀ ਅਤੇ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਕਾਠ ਦੀਆਂ ਮੂਰਤੀਆਂ ਦੀ ਪੂਜਾ ਨਾ ਕਰਨ ਜਿਹੜੀਆਂ ਨਾ ਵੇਖ, ਨਾ ਸੁਣ, ਨਾ ਤੁਰ ਸਕਦੀਆਂ ਹਨ, 21 ਨਾ ਉਹਨਾਂ ਆਪਣੇ ਖੂਨਾਂ ਤੋਂ, ਨਾ ਜਾਦੂਗਰੀਆਂ ਤੋਂ, ਨਾ ਆਪਣੀ ਹਰਾਮਕਾਰੀ ਤੋਂ ਅਤੇ ਨਾ ਚੋਰੀਆਂ ਤੋਂ ਤੋਬਾ ਕੀਤੀ।