ਰੂਥ
ਲੇਖਕ
ਇਹ ਪੁਸਤਕ ਖ਼ਾਸ ਤੌਰ ਤੇ ਆਪਣੇ ਲੇਖਕ ਦਾ ਨਾਮ ਨਹੀਂ ਦੱਸਦੀ। ਪਰੰਪਰਾ ਅਨੁਸਾਰ ਇਹ ਪੁਸਤਕ ਨਬੀ ਸਮੂਏਲ ਦੁਆਰਾ ਲਿਖੀ ਗਈ ਹੈ। ਇਸ ਪੁਸਤਕ ਨੂੰ ਅੱਜ ਤੱਕ ਲਿਖੀ ਗਈ ਸਭ ਤੋਂ ਸੋਹਣੀ ਛੋਟੀ ਕਹਾਣੀ ਕਿਹਾ ਜਾਂਦਾ ਹੈ। ਇਸ ਪੁਸਤਕ ਦੇ ਆਖਰੀ ਸ਼ਬਦ ਰੂਥ ਨੂੰ ਉਸ ਦੇ ਪੜਪੋਤੇ ਦਾਊਦ ਦੇ ਨਾਲ ਜੋੜਦੇ ਹਨ (ਰੂਥ 4:17-22), ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਇਹ ਪੁਸਤਕ ਦਾਊਦ ਦਾ ਮਸਹ ਹੋਣ ਤੋਂ ਬਾਅਦ ਲਿਖੀ ਗਈ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 1030 - 1010 ਈ. ਪੂ. ਦੇ ਵਿਚਕਾਰ ਲਿਖੀ ਗਈ।
ਰੂਥ ਦੀ ਪੁਸਤਕ ਵਿੱਚ ਦਰਜ ਘਟਨਾਵਾਂ ਦੀ ਤਾਰੀਖ਼ ਮਿਸਰ ਤੋਂ ਕੂਚ ਦੀ ਤਾਰੀਖ਼ ਨਾਲ ਜੁੜੀ ਹੋਈ ਹੈ, ਕਿਉਂਕਿ ਰੂਥ ਵਿੱਚ ਦਰਜ ਘਟਨਾਵਾਂ ਨਿਆਂਈਆਂ ਦੇ ਸਮੇਂ ਨਾਲ ਜੁੜੀਆਂ ਹੋਈਆਂ ਹਨ ਅਤੇ ਨਿਆਂਈਆਂ ਦਾ ਸਮਾਂ ਦੇਸ ਨੂੰ ਜਿੱਤਣ ਦੇ ਸਮੇਂ ਨਾਲ ਜੁੜਿਆ ਹੋਇਆ ਹੈ।
ਪ੍ਰਾਪਤ ਕਰਤਾ
ਰੂਥ ਦੀ ਪੁਸਤਕ ਦੇ ਅਸਲ ਪ੍ਰਾਪਤ ਕਰਤਾ ਦੀ ਕੋਈ ਸਪੱਸ਼ਟ ਪਹਿਚਾਣ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਇਹ ਪੁਸਤਕ ਸੰਯੁਕਤ ਰਾਜਸ਼ਾਹੀ ਦੇ ਸਮੇਂ ਦੇ ਦੌਰਾਨ ਲਿਖੀ ਗਈ ਕਿਉਂਕਿ 4:22 ਵਿੱਚ ਅਸੀਂ ਦਾਊਦ ਦਾ ਜਿਕਰ ਵੇਖ ਸਕਦੇ ਹਾਂ।
ਉਦੇਸ਼
ਰੂਥ ਦੀ ਪੁਸਤਕ ਇਸਰਾਏਲੀ ਲੋਕਾਂ ਨੂੰ ਉਨ੍ਹਾਂ ਅਸੀਸਾਂ ਬਾਰੇ ਦੱਸਦੀ ਹੈ ਜੋ ਆਗਿਆਕਾਰੀ ਦੇ ਕਾਰਨ ਆਉਂਦੀਆਂ ਹਨ। ਇਹ ਲੋਕਾਂ ਨੂੰ ਪਰਮੇਸ਼ੁਰ ਦੇ ਦਿਆਲੂ ਅਤੇ ਵਿਸ਼ਵਾਸਯੋਗ ਸੁਭਾਅ ਬਾਰੇ ਦੱਸਦੀ ਹੈ। ਇਹ ਪੁਸਤਕ ਦੱਸਦੀ ਹੈ ਪਰਮੇਸ਼ੁਰ ਆਪਣੇ ਲੋਕਾਂ ਦੀ ਦੁਹਾਈ ਦਾ ਜਵਾਬ ਦਿੰਦਾ ਹੈ। ਪਰਮੇਸ਼ੁਰ ਜੋ ਕਹਿੰਦਾ ਹੈ, ਉਹ ਹੀ ਕਰਦਾ ਹੈ। ਪਰਮੇਸ਼ੁਰ ਨੇ ਦੋ ਵਿਧਵਾਂਵਾ ਨਾਓਮੀ ਅਤੇ ਰੂਥ ਦੀਆਂ ਲੋੜਾਂ ਨੂੰ ਜਿਸ ਤਰ੍ਹਾਂ ਪੂਰਾ ਕੀਤਾ, ਜਦ ਕਿ ਉਨ੍ਹਾਂ ਨੂੰ ਭਵਿੱਖ ਦੀ ਕੋਈ ਆਸ ਨਹੀਂ ਸੀ, ਇਹ ਦਰਸਾਉਂਦਾ ਹੈ ਉਹ ਸਮਾਜ ਦੇ ਤਿਆਗੇ ਹੋਏ ਲੋਕਾਂ ਦੀ ਪਰਵਾਹ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਵੀ ਅਜਿਹਾ ਹੀ ਕਰੀਏ (ਯਿਰ. 22:16; ਯਾਕੂਬ 1:27)।
ਵਿਸ਼ਾ-ਵਸਤੂ
ਛੁਟਕਾਰਾ
ਰੂਪ-ਰੇਖਾ
1. ਨਾਓਮੀ ਅਤੇ ਉਸ ਦੇ ਪਰਿਵਾਰ ਦੀ ਤ੍ਰਾਸਦੀ — 1:1-22
2. ਖੇਤ ਵਿੱਚ ਕਣਕ ਇਕੱਠੀ ਕਰਦੇ ਸਮੇਂ, ਰੂਥ ਦਾ ਨਾਓਮੀ ਦੇ ਰਿਸ਼ਤੇਦਾਰ ਨੂੰ ਮਿਲਣਾ — 2:1-23
3. ਨਾਓਮੀ ਦਾ ਰੂਥ ਨੂੰ ਬੋਅਜ਼ ਕੋਲ ਜਾਣ ਦਾ ਨਿਰਦੇਸ਼ — 3:1-18
4. ਰੂਥ ਨੂੰ ਛੁਡਾਇਆ ਜਾਣਾ ਅਤੇ ਨਾਓਮੀ ਨੂੰ ਬਹਾਲ ਕੀਤਾ ਜਾਣਾ — 4:1-22
1
ਅਲੀਮਲਕ ਅਤੇ ਉਸ ਦੇ ਪਰਿਵਾਰ ਦਾ ਮੋਆਬ ਨੂੰ ਜਾਣਾ
ਬਹੁਤ ਪਹਿਲੇ ਸਮੇਂ ਦੌਰਾਨ ਅਜਿਹਾ ਹੋਇਆ ਕਿ ਇਸਰਾਏਲ ਦੇਸ ਵਿੱਚ ਕਾਲ ਪੈ ਗਿਆ। ਬੈਤਲਹਮ ਸ਼ਹਿਰ ਦੇ ਯਹੂਦਾਹ ਖੇਤਰ ਦਾ ਇੱਕ ਮਨੁੱਖ ਆਪਣੀ ਪਤਨੀ ਅਤੇ ਦੋਵੇਂ ਪੁੱਤਰਾਂ ਦੇ ਨਾਲ ਮੋਆਬ ਦੇ ਦੇਸ ਵਿੱਚ ਪਰਦੇਸੀ ਹੋ ਕੇ ਰਹਿਣ ਨੂੰ ਗਿਆ। ਉਸ ਮਨੁੱਖ ਦਾ ਨਾਮ ਅਲੀਮਲਕ ਅਤੇ ਉਸ ਦੀ ਪਤਨੀ ਦਾ ਨਾਮ ਨਾਓਮੀ ਸੀ, ਉਸ ਦੇ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਓਨ ਸਨ। ਇਹ ਬੈਤਲਹਮ ਸ਼ਹਿਰ ਦੇ ਯਹੂਦਾਹ ਖੇਤਰ ਦੇ ਅਫਰਾਥੀ ਸਮੂਹ ਦੇ ਸਨ ਅਤੇ ਉਹ ਮੋਆਬ ਦੇ ਦੇਸ ਵਿੱਚ ਆ ਕੇ ਉੱਥੇ ਰਹਿਣ ਲੱਗੇ। ਜਦ ਉਹ ਮੋਆਬ ਵਿੱਚ ਹੀ ਸਨ, ਨਾਓਮੀ ਦਾ ਪਤੀ ਅਲੀਮਲਕ ਮਰ ਗਿਆ। ਨਾਓਮੀ ਅਤੇ ਉਸ ਦੇ ਦੋਵੇਂ ਪੁੱਤਰ ਰਹਿ ਗਏ l ਉਨ੍ਹਾਂ ਦੋਹਾਂ ਪੁੱਤਰਾਂ ਨੇ ਮੋਆਬ ਦੀਆਂ ਕੁਆਰੀਆਂ ਵਿੱਚੋਂ ਇੱਕ-ਇੱਕ ਕੁਆਰੀ ਨਾਲ ਵਿਆਹ ਕਰਵਾ ਲਿਆ। ਇੱਕ ਦਾ ਨਾਮ ਆਰਪਾਹ, ਦੂਜੀ ਦਾ ਨਾਮ ਰੂਥ ਸੀ ਅਤੇ ਉਹ ਲੱਗਭੱਗ ਦਸ ਸਾਲ ਤੱਕ ਉੱਥੇ ਰਹੇ। ਇਸ ਤੋਂ ਬਾਦ ਮਹਿਲੋਨ ਅਤੇ ਕਿਲਓਨ ਦੋਵੇਂ ਮਰ ਗਏ। ਨਾਓਮੀ ਆਪਣੇ ਦੋਵੇਂ ਪੁੱਤਰਾਂ ਅਤੇ ਪਤੀ ਤੋਂ ਬਿਨ੍ਹਾਂ ਇਕੱਲੀ ਰਹਿ ਗਈ।
ਨਾਓਮੀ ਅਤੇ ਰੂਥ ਦਾ ਬੈਤਲਹਮ ਨੂੰ ਮੁੜਨਾ
ਤਦ ਕੁਝ ਦਿਨਾਂ ਤੋਂ ਬਾਅਦ, ਨਾਓਮੀ ਆਪਣੀਆਂ ਦੋਵੇਂ ਨੂੰਹਾਂ ਦੇ ਨਾਲ ਮੋਆਬ ਦੇ ਦੇਸ ਤੋਂ ਵਾਪਸ ਜਾਣ ਲਈ ਉੱਠੀ ਕਿਉਂਕਿ ਉਸ ਨੇ ਮੋਆਬ ਦੇ ਦੇਸ ਵਿੱਚ ਇਹ ਗੱਲ ਸੁਣੀ ਕਿ ਯਹੋਵਾਹ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ ਅਤੇ ਉਨ੍ਹਾਂ ਨੂੰ ਰੋਟੀ ਦਿੱਤੀ ਹੈ। ਇਸ ਲਈ ਉਹ ਉਸ ਸਥਾਨ ਤੋਂ ਜਿੱਥੇ ਉਹ ਰਹਿੰਦੀ ਸੀ, ਆਪਣੀ ਦੋਵੇਂ ਨੂੰਹਾਂ ਦੇ ਨਾਲ ਤੁਰ ਪਈ ਅਤੇ ਯਹੂਦਾਹ ਦੇ ਦੇਸ ਨੂੰ ਮੁੜ ਜਾਣ ਲਈ ਸਫ਼ਰ ਸ਼ੁਰੂ ਕੀਤਾ। ਨਾਓਮੀ ਨੇ ਆਪਣੀਆਂ ਨੂੰਹਾਂ ਨੂੰ ਕਿਹਾ, “ਤੁਸੀਂ ਦੋਵੇਂ ਆਪੋ ਆਪਣੇ ਮਾਪਿਆਂ ਦੇ ਘਰ ਚਲੀਆਂ ਜਾਓ। ਜਿਵੇਂ ਤੁਸੀਂ ਮੇਰੇ ਮ੍ਰਿਤਕਾਂ ਉੱਤੇ ਅਤੇ ਮੇਰੇ ਉੱਤੇ ਦਯਾ ਕੀਤੀ ਹੈ, ਉਸੇ ਤਰ੍ਹਾਂ ਯਹੋਵਾਹ ਤੁਹਾਡੇ ਉੱਤੇ ਦਯਾ ਕਰੇ। ਯਹੋਵਾਹ ਅਜਿਹਾ ਕਰੇ ਕਿ ਤੁਸੀਂ ਆਪੋ ਆਪਣੇ ਪਤੀਆਂ ਦੇ ਘਰ ਵਿੱਚ ਸੁੱਖ ਪਾਓ।” ਤਦ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈਆਂ। 10 ਫੇਰ ਉਨ੍ਹਾਂ ਨੇ ਉਸ ਨੂੰ ਕਿਹਾ, “ਸੱਚ-ਮੁੱਚ ਅਸੀਂ ਤੇਰੇ ਨਾਲ, ਤੇਰੇ ਲੋਕਾਂ ਦੇ ਵਿੱਚ ਜਾਵਾਂਗੀਆਂ।” 11 ਅੱਗੋਂ ਨਾਓਮੀ ਨੇ ਕਿਹਾ, “ਹੇ ਮੇਰੀ ਧੀਓ, ਵਾਪਸ ਚਲੀਆਂ ਜਾਓ। ਤੁਸੀਂ ਮੇਰੇ ਨਾਲ ਕਿਉਂ ਆਉਂਦੀਆਂ ਹੋ? ਭਲਾ, ਮੇਰੇ ਗਰਭ ਵਿੱਚ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ? 12 ਹੇ ਮੇਰੀਓ ਧੀਓ, ਵਾਪਸ ਚਲੀਆਂ ਜਾਓ, ਕਿਉਂਕਿ ਮੈਂ ਬਹੁਤ ਬੁੱਢੀ ਹਾਂ ਅਤੇ ਪਤੀ ਕਰਨ ਦੇ ਯੋਗ ਨਹੀਂ ਹਾਂ, ਜੇ ਮੈਂ ਆਖਾਂ ਕਿ ਮੈਨੂੰ ਆਸ ਹੈ ਕਿ ਜੇਕਰ ਅੱਜ ਦੀ ਰਾਤ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜੰਮਦੀ 13 ਤਾਂ ਵੀ ਜਦ ਤੱਕ ਉਹ ਵੱਡੇ ਹੁੰਦੇ ਭਲਾ, ਤਦ ਤੱਕ ਤੁਸੀਂ ਉਡੀਕਦੀਆਂ ਅਤੇ ਉਨ੍ਹਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ? ਨਹੀਂ ਮੇਰੀ ਧੀਓ, ਅਜਿਹਾ ਨਾ ਹੋਵੇ, ਕਿਉਂਕਿ ਮੇਰਾ ਦੁੱਖ ਤੁਹਾਡੇ ਦੁੱਖ ਨਾਲੋਂ ਬਹੁਤ ਵੱਡਾ ਹੈ, ਕਿਉਂ ਜੋ ਯਹੋਵਾਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ।” 14 ਤਦ ਉਹ ਫਿਰ ਉੱਚੀ ਅਵਾਜ਼ ਨਾਲ ਰੋਈਆਂ ਅਤੇ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ ਪਰ ਰੂਥ ਨੇ ਨਾਓਮੀ ਨੂੰ ਨਾ ਛੱਡਿਆ।
15 ਤਦ ਨਾਓਮੀ ਨੇ ਰੂਥ ਨੂੰ ਕਿਹਾ, “ਵੇਖ, ਤੇਰੀ ਜੇਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਦੇ ਕੋਲ ਮੁੜ ਗਈ ਹੈ, ਤੂੰ ਵੀ ਆਪਣੀ ਜੇਠਾਣੀ ਦੇ ਪਿੱਛੇ ਚਲੀ ਜਾ।” 16 ਪਰ ਰੂਥ ਨੇ ਕਿਹਾ, “ਮੇਰੇ ਅੱਗੇ ਤਰਲੇ ਨਾ ਕਰ ਕਿ ਮੈਂ ਤੈਨੂੰ ਇਕੱਲੀ ਛੱਡਾਂ ਅਤੇ ਵਾਪਸ ਮੁੜਾਂ ਕਿਉਂਕਿ ਜਿੱਥੇ ਤੂੰ ਜਾਵੇਂਗੀ, ਉੱਥੇ ਹੀ ਮੈਂ ਜਾਂਵਾਂਗੀ ਅਤੇ ਜਿੱਥੇ ਤੂੰ ਰਹੇਂਗੀ, ਉੱਥੇ ਹੀ ਮੈਂ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ, 17 ਜਿੱਥੇ ਤੂੰ ਮਰੇਂਗੀ, ਉੱਥੇ ਮੈਂ ਮਰਾਂਗੀ ਅਤੇ ਅਸੀਂ ਉੱਥੇ ਹੀ ਦਫ਼ਨਾਈਆਂ ਜਾਵਾਂਗੀਆਂ l ਯਹੋਵਾਹ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਨਾਲੋਂ ਵੀ ਵੱਧ, ਮੌਤ ਤੋਂ ਬਿਨ੍ਹਾਂ ਕੋਈ ਹੋਰ ਕਾਰਨ ਮੈਨੂੰ ਤੇਰੇ ਤੋਂ ਵੱਖਰਾ ਨਾ ਕਰੇ।” 18 ਜਦ ਨਾਓਮੀ ਨੇ ਵੇਖਿਆ ਕਿ ਰੂਥ ਨੇ ਉਸ ਦੇ ਨਾਲ ਜਾਣ ਲਈ ਆਪਣੇ ਮਨ ਵਿੱਚ ਠਾਣ ਲਿਆ ਹੈ ਤਾਂ ਉਹ ਉਸ ਨੂੰ ਵਾਪਸ ਜਾਣ ਨੂੰ ਆਖਣ ਤੋਂ ਹਟ ਗਈ।
19 ਤਦ ਉਹ ਦੋਵੇਂ ਤੁਰ ਪਈਆਂ ਅਤੇ ਬੈਤਲਹਮ ਵਿੱਚ ਆਈਆਂ। ਜਦ ਉਹ ਬੈਤਲਹਮ ਵਿੱਚ ਪਹੁੰਚੀਆਂ ਤਾਂ ਸਾਰੇ ਸ਼ਹਿਰ ਵਿੱਚ ਰੌਲ਼ਾ ਪੈ ਗਿਆ ਅਤੇ ਇਸਤਰੀਆਂ ਕਹਿਣ ਲੱਗੀਆਂ, “ਕੀ ਇਹ ਨਾਓਮੀ ਹੈ?” 20 ਨਾਓਮੀ ਨੇ ਉਨ੍ਹਾਂ ਨੂੰ ਕਿਹਾ, “ਮੈਨੂੰ ਨਾਓਮੀ* ਖੁਸ਼ਹਾਲ ਨਾ ਕਹੋ, ਮੈਨੂੰ ‘ਮਾਰਾ ਨਿਰਾਸ਼ਾ ’ ਕਹੋ ਕਿਉਂ ਜੋ ਸਰਬ ਸ਼ਕਤੀਮਾਨ ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ। 21 ਮੈਂ ਭਰੀ ਪੂਰੀ ਇੱਥੋਂ ਨਿੱਕਲੀ ਸੀ, ਪਰ ਯਹੋਵਾਹ ਮੈਨੂੰ ਖਾਲੀ ਹੱਥ ਮੋੜ ਲਿਆਇਆ ਹੈ। ਫੇਰ ਤੁਸੀਂ ਮੈਨੂੰ ਨਾਓਮੀ ਕਿਉਂ ਕਹਿੰਦੀਆਂ ਹੋ? ਤੁਸੀਂ ਵੇਖਦੇ ਹੋ, ਜੋ ਯਹੋਵਾਹ ਮੇਰਾ ਵਿਰੋਧੀ ਬਣਿਆ ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਦੁੱਖ ਦਿੱਤਾ।” 22 ਗੱਲ ਕਾਹਦੀ, ਨਾਓਮੀ ਅਤੇ ਉਸ ਦੀ ਨੂੰਹ ਮੋਆਬਣ ਰੂਥ, ਮੋਆਬ ਦੇ ਦੇਸ ਤੋਂ ਵਾਪਸ ਆਈਆਂ ਅਤੇ ਜੌਂ ਦੀ ਵਾਢੀ ਦੇ ਦਿਨਾਂ ਵਿੱਚ ਬੈਤਲਹਮ ਨੂੰ ਪਹੁੰਚੀਆਂ।

*1:20 ਖੁਸ਼ਹਾਲ

1:20 ਨਿਰਾਸ਼ਾ