ਸਰੇਸ਼ਟ ਗੀਤ
ਲੇਖਕ
ਸੁਲੇਮਾਨ ਦਾ ਗੀਤ ਪੁਸਤਕ ਦਾ ਸਿਰਲੇਖ ਇਸ ਦੀ ਪਹਿਲੀ ਆਇਤ ਤੋਂ ਆਇਆ ਹੈ, ਜੋ ਇਹ ਦੱਸਦਾ ਹੈ ਕਿ ਇਹ ਗੀਤ ਕਿੱਥੋਂ ਆਇਆ ਹੈ: “ਸੁਲੇਮਾਨ ਦਾ ਸਰੇਸ਼ਟ ਗੀਤ” (1:1)। ਪੁਸਤਕ ਦਾ ਸਿਰਲੇਖ ਰਾਜਾ ਸੁਲੇਮਾਨ ਦੇ ਨਾਮ ਤੇ ਹੀ ਲੈ ਲਿਆ ਗਿਆ, ਕਿਉਂਕਿ ਸਾਰੀ ਪੁਸਤਕ ਵਿੱਚ ਉਸ ਦੇ ਨਾਮ ਦਾ ਜਿਕਰ ਵਾਰ-ਵਾਰ ਆਉਂਦਾ ਹੈ (1:5; 3:7, 9, 11; 8:11-12)।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 971-965 ਈ. ਪੂ. ਦੇ ਵਿਚਕਾਰ ਲਿਖੀ ਗਈ।
ਸੁਲੇਮਾਨ ਨੇ ਇਸਰਾਏਲ ਦੇ ਰਾਜੇ ਦੇ ਤੌਰ ਤੇ ਆਪਣੇ ਸ਼ਾਸਨਕਾਲ ਦੇ ਦੌਰਾਨ ਇਹ ਪੁਸਤਕ ਲਿਖੀ, ਉਹ ਵਿਦਵਾਨ ਜੋ ਸੁਲੇਮਾਨ ਨੂੰ ਇਸ ਪੁਸਤਕ ਦਾ ਲੇਖਕ ਮੰਨਦੇ ਹਨ, ਉਹ ਇਸ ਗੱਲ ਉੱਤੇ ਵੀ ਸਹਿਮਤ ਹਨ ਕਿ ਇਹ ਗੀਤ ਉਸ ਦੇ ਸ਼ਾਸਨਕਾਲ ਦੇ ਸ਼ੁਰੂਆਤ ਵਿੱਚ ਲਿਖਿਆ ਗਿਆ ਸੀ, ਉਨ੍ਹਾਂ ਦਾ ਅਜਿਹਾ ਮੰਨਣਾ ਸਿਰਫ਼ ਕਵਿਤਾ ਵਿੱਚ ਆਏ ਜੁਆਨੀ ਦੇ ਉਤਸ਼ਾਹ ਕਰਕੇ ਨਹੀਂ ਹੈ, ਸਗੋਂ ਇਸ ਲਈ ਵੀ ਕਿ ਲੇਖਕ ਨੇ ਅਜਿਹੇ ਸਥਾਨਾਂ ਦੇ ਨਾਮਾਂ ਦਾ ਜਿਕਰ ਕੀਤਾ ਹੈ ਜੋ ਦੇਸ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਹਨ, ਜਿਸ ਵਿੱਚ ਲਬਾਨੋਨ ਅਤੇ ਮਿਸਰ ਵੀ ਸ਼ਾਮਿਲ ਹੈ।
ਪ੍ਰਾਪਤ ਕਰਤਾ
ਵਿਆਹੁਤਾ ਜੋੜਿਆਂ ਲਈ ਅਤੇ ਵਿਆਹ ਬਾਰੇ ਵਿਚਾਰ ਕਰਨ ਵਾਲੇ ਕੁਆਰੇ/ਕੁਆਰੀਆਂ ਲਈ।
ਉਦੇਸ਼
ਸੁਲੇਮਾਨ ਦਾ ਗੀਤ, ਪਿਆਰ ਦੇ ਗੁਣਾਂ ਨੂੰ ਵਡਿਆਉਣ ਲਈ, ਗੀਤ ਦੇ ਰੂਪ ਵਿੱਚ ਲਿਖੀ ਗਈ ਕਵਿਤਾ ਹੈ ਅਤੇ ਇਹ ਸਪੱਸ਼ਟ ਤੌਰ ਤੇ ਵਿਆਹ ਨੂੰ ਪਰਮੇਸ਼ੁਰ ਦੁਆਰਾ ਤਿਆਰ ਕੀਤੀ ਗਈ ਬਣਾਵਟ ਦੇ ਰੂਪ ਵਿੱਚ ਦਰਸਾਉਂਦੀ ਹੈ। ਇੱਕ ਆਦਮੀ ਅਤੇ ਔਰਤ ਨੂੰ ਇੱਕ ਦੂਸਰੇ ਨਾਲ ਆਤਮਿਕ, ਭਾਵਨਾਤਮਕ ਅਤੇ ਸਰੀਰਕ ਤੌਰ ਤੇ ਪਿਆਰ ਕਰਦੇ ਹੋਏ ਵਿਆਹ ਦੇ ਸੰਦਰਭ ਵਿੱਚ ਹੀ ਇਕੱਠੇ ਰਹਿਣਾ ਚਾਹੀਦਾ ਹੈ।
ਵਿਸ਼ਾ-ਵਸਤੂ
ਪਿਆਰ ਅਤੇ ਵਿਆਹ
ਰੂਪ-ਰੇਖਾ
1. ਲਾੜੀ ਸੁਲੇਮਾਨ ਬਾਰੇ ਸੋਚਦੀ ਹੈ — 1:1-3:5
2. ਲਾੜੀ ਦੁਆਰਾ ਮੰਗਣੀ ਨੂੰ ਸਵੀਕਾਰ ਕਰਨਾ ਅਤੇ ਵਿਆਹ ਲਈ ਇੰਤਜ਼ਾਰ ਕਰਨਾ — 3:6-5:1
3. ਲਾੜੀ ਆਪਣੇ ਲਾੜੇ ਨੂੰ ਗੁਆਉਣ ਦਾ ਸੁਪਨਾ ਵੇਖਦੀ ਹੈ — 5:2-6:3
4. ਲਾੜੀ ਅਤੇ ਲਾੜਾ ਇੱਕ ਦੂਜੇ ਦੀ ਤਾਰੀਫ਼ ਕਰਦੇ ਹਨ — 6:4-8:14
1
ਪਹਿਲਾ ਗੀਤ
ਵਧੂ
ਸੁਲੇਮਾਨ ਦਾ ਸਰੇਸ਼ਟ ਗੀਤ।
ਤੂੰ ਮੈਨੂੰ ਆਪਣੇ ਮੂੰਹ ਦੇ ਚੁੰਮਣ ਨਾਲ ਚੁੰਮੇ,
ਕਿਉਂ ਜੋ ਤੇਰਾ ਪ੍ਰੇਮ ਮਧ ਨਾਲੋਂ ਚੰਗਾ ਹੈ।
ਤੇਰੇ ਅਤਰ ਦੀ ਚੰਗੀ ਸੁਗੰਧ ਹੈ,
ਤੇਰਾ ਨਾਮ ਚੋਏ ਹੋਏ ਤੇਲ ਵਰਗਾ ਹੈ,
ਇਸ ਲਈ ਕੁਆਰੀਆਂ ਤੈਨੂੰ ਪਿਆਰ ਕਰਦੀਆਂ ਹਨ।
ਮੈਨੂੰ ਮੋਹ ਲੈ, ਅਸੀਂ ਤੇਰੇ ਪਿੱਛੇ ਦੌੜਾਂਗੀਆਂ।
ਰਾਜਾ ਮੈਨੂੰ ਆਪਣੇ ਮਹਿਲ ਵਿੱਚ ਲਿਆਇਆ,
ਅਸੀਂ ਤੇਰੇ ਵਿੱਚ ਬਾਗ਼-ਬਾਗ਼ ਤੇ ਅਨੰਦ ਹੋਵਾਂਗੀਆਂ,
ਅਸੀਂ ਤੇਰੇ ਪ੍ਰੇਮ ਨੂੰ ਮਧ ਨਾਲੋਂ ਵੱਧ ਯਾਦ ਕਰਾਂਗੀਆਂ,
ਉਹ ਸੱਚ-ਮੁੱਚ ਤੈਨੂੰ ਪਿਆਰ ਕਰਦੀਆਂ ਹਨ।
ਹੇ ਯਰੂਸ਼ਲਮ ਦੀਓ ਧੀਓ,
ਮੈਂ ਹਾਂ ਤਾਂ ਕਾਲੀ ਕਲੂਟੀ ਪਰ ਸੋਹਣੀ ਹਾਂ,
ਕੇਦਾਰ ਦੇ ਤੰਬੂਆਂ ਵਰਗੀ,
ਸੁਲੇਮਾਨ ਦੇ ਪਰਦਿਆਂ ਦੇ ਵਾਂਗੂੰ।
ਮੈਨੂੰ ਘੂਰ ਕੇ ਨਾ ਵੇਖੋ, ਮੈਂ ਕਾਲੀ ਕਲੂਟੀ ਹਾਂ,
ਸੂਰਜ ਦੀ ਤਪਸ਼ ਨੇ ਮੈਨੂੰ ਝੁਲਸਾ ਦਿੱਤਾ।
ਮੇਰੀ ਮਾਂ ਦੇ ਪੁੱਤਰ ਮੇਰੇ ਤੋਂ ਗੁੱਸੇ ਸਨ,
ਉਨ੍ਹਾਂ ਨੇ ਮੈਨੂੰ ਅੰਗੂਰੀ ਬਾਗ਼ਾਂ ਦੀ ਰਾਖੀ ਉੱਤੇ ਲਾਇਆ,
ਪਰ ਮੈਂ ਆਪਣੇ ਨਿੱਜ ਅੰਗੂਰੀ ਬਾਗ਼ ਦੀ ਰਾਖੀ ਨਾ ਕੀਤੀ।
ਮੈਨੂੰ ਦੱਸ, ਹੇ ਮੇਰੇ ਪ੍ਰਾਣ ਪਿਆਰੇ,
ਤੂੰ ਕਿੱਥੇ ਇੱਜੜ ਚਾਰਦਾ ਤੇ ਦੁਪਹਿਰ ਦੇ ਵੇਲੇ ਕਿੱਥੇ ਬਿਠਾਉਂਦਾ ਹੈ?
ਮੈਂ ਕਿਉਂ ਘੁੰਡ ਵਾਲੀ ਵਾਂਗੂੰ ਤੇਰੇ ਸਾਥੀਆਂ ਦੇ ਇੱਜੜਾਂ ਦੇ ਕੋਲ ਹੋਵਾਂ?
ਵਰ
ਹੇ ਇਸਤਰੀਆਂ ਵਿੱਚੋਂ ਰੂਪਵੰਤੀਏ,
ਜੇ ਤੂੰ ਨਹੀਂ ਜਾਣਦੀ ਤਾਂ ਤੂੰ ਇੱਜੜ ਦੀ ਪੈੜ ਉੱਤੇ ਚੱਲੀ ਜਾ
ਅਤੇ ਆਪਣੀਆਂ ਮੇਮਣੀਆਂ ਨੂੰ ਆਜੜੀਆਂ ਦੇ ਵਸੇਬਿਆਂ ਕੋਲ ਚਾਰ।
ਹੇ ਮੇਰੀ ਪ੍ਰੀਤਮਾ,
ਮੈਂ ਤੇਰੀ ਤੁਲਨਾ ਫ਼ਿਰਊਨ ਦੇ ਰਥਾਂ ਵਿੱਚ ਜੋਹੀ ਹੋਈ ਘੋੜੀ ਨਾਲ ਕੀਤੀ ਹੈ l
10 ਤੇਰੀਆਂ ਗੱਲ੍ਹਾਂ ਬਾਲ਼ੀਆਂ ਨਾਲ ਸੋਹਣੀਆਂ ਹਨ,
ਤੇਰੀ ਗਰਦਨ ਮੋਤੀਆਂ ਦੀ ਮਾਲਾ ਨਾਲ।
ਵਧੂ
11 ਅਸੀਂ ਤੇਰੇ ਲਈ ਸੋਨੇ ਦੇ ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ।
12 ਜਦ ਤੱਕ ਰਾਜਾ ਆਪਣੀ ਮੇਜ਼ ਤੇ ਸੀ,
ਮੇਰੇ ਜਟਾ-ਮਾਸੀ ਅਤਰ ਦੀ ਸੁੰਗਧ ਫੈਲਦੀ ਰਹੀ।
13 ਮੇਰਾ ਬਾਲਮ ਮੇਰੇ ਲਈ ਗੰਧਰਸ ਦੀ ਪੁੜੀ ਹੈ,
ਜੋ ਮੇਰੀਆਂ ਛਾਤੀਆਂ ਵਿਚਕਾਰ ਰਾਤ ਕੱਟਦਾ ਹੈ।
14 ਮੇਰਾ ਬਾਲਮ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ ਹੈ,
ਜੋ ਏਨ-ਗਦੀ ਦੇ ਬਗ਼ੀਚਿਆਂ ਵਿੱਚ ਹੈ।
ਵਰ
15 ਵੇਖ, ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈਂ,
ਵੇਖ, ਤੂੰ ਰੂਪਵੰਤ ਹੈ,
ਤੇਰੀਆਂ ਅੱਖਾਂ ਕਬੂਤਰੀ ਦੀਆਂ ਅੱਖਾਂ ਵਰਗੀਆਂ ਹਨ।
ਵਧੂ
16 ਹੇ ਮੇਰੇ ਬਾਲਮ ਵੇਖ, ਤੂੰ ਰੂਪਵੰਤ ਹੈਂ, ਤੂੰ ਸੱਚ-ਮੁੱਚ ਮਨ ਭਾਉਂਦਾ ਹੈਂ,
ਸਾਡੀ ਸੇਜ਼ ਹਰੀ-ਭਰੀ ਹੈ।
17 ਸਾਡੇ ਘਰ ਦੇ ਸ਼ਤੀਰ ਦਿਆਰ ਦੇ
ਅਤੇ ਸਾਡੀਆਂ ਕੜੀਆਂ ਸਨੌਵਰ ਦੀਆਂ ਹਨ।