17
ਥਸਲੁਨੀਕੇ ਨਗਰ ਵਿੱਚ
1 ਫਿਰ ਉਹ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਵਿੱਚੋਂ ਦੀ ਲੰਘ ਕੇ ਥਸਲੁਨੀਕੇ ਨੂੰ ਆਏ, ਜਿੱਥੇ ਯਹੂਦੀਆਂ ਦਾ ਇੱਕ ਪ੍ਰਾਰਥਨਾ ਘਰ ਸੀ।
2 ਅਤੇ ਪੌਲੁਸ ਆਪਣੀ ਰੀਤੀ ਅਨੁਸਾਰ ਉਨ੍ਹਾਂ ਦੇ ਕੋਲ ਅੰਦਰ ਗਿਆ ਅਤੇ ਤਿੰਨ ਸਬਤ ਦੇ ਦਿਨਾਂ ਤੱਕ ਉਨ੍ਹਾਂ ਨੂੰ ਪਵਿੱਤਰ ਗ੍ਰੰਥ ਸੁਣਾਉਂਦਾ ਰਿਹਾ,
3 ਅਤੇ ਅਰਥ ਖੋਲ੍ਹ ਕੇ ਉਹ ਨੇ ਇਹ ਦੱਸਿਆ ਕਿ ਮਸੀਹ ਦਾ ਦੁੱਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ ਅਤੇ ਇਹ ਯਿਸੂ ਜਿਸ ਦੀ ਮੈਂ ਤੁਹਾਨੂੰ ਖ਼ਬਰ ਦਿੰਦਾ ਹਾਂ ਉਹ ਹੀ ਮਸੀਹ ਹੈ।
4 ਸੋ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਮੰਨ ਲਿਆ, ਇਸ ਤਰ੍ਹਾਂ ਭਗਤ ਯੂਨਾਨੀਆਂ ਵਿੱਚੋਂ ਬਹੁਤ ਲੋਕ ਅਤੇ ਬਹੁਤ ਸਾਰੀਆਂ ਪਤਵੰਤੀ ਇਸਤਰੀਆਂ ਵੀ ਪੌਲੁਸ ਅਤੇ ਸੀਲਾਸ ਦੇ ਨਾਲ ਰਲ ਗਈਆਂ।
5 ਪਰ ਯਹੂਦੀਆਂ ਨੇ ਖੁਣਸ ਕਰਕੇ ਬਜ਼ਾਰ ਦੇ ਵਿੱਚੋਂ ਕਈ ਬੁਰੇ ਲੋਕਾਂ ਨੂੰ ਆਪਣੇ ਨਾਲ ਰਲਾ ਲਿਆ ਅਤੇ ਭੀੜ ਕਰ ਕੇ ਨਗਰ ਵਿੱਚ ਰੌਲ਼ਾ ਪਾ ਦਿੱਤਾ ਅਤੇ ਉਹ ਯਾਸੋਨ ਦੇ ਘਰ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਲੋਕਾਂ ਦੇ ਕੋਲ ਬਾਹਰ ਲਿਆਉਣਾ ਚਾਹੁੰਦੇ ਸਨ।
6 ਪਰ ਜਦੋਂ ਉਹ ਨਾ ਲੱਭੇ ਤਾਂ ਯਾਸੋਨ ਅਤੇ ਕਈ ਭਰਾਵਾਂ ਨੂੰ ਨਗਰ ਦੇ ਅਧਿਕਾਰੀਆਂ ਅੱਗੇ ਇਸ ਤਰ੍ਹਾਂ ਰੌਲ਼ਾ ਪਾ ਕੇ ਖਿੱਚ ਲਿਆਏ ਕਿ ਇਹ ਲੋਕ ਜਿਨ੍ਹਾਂ ਨੇ ਸੰਸਾਰ ਨੂੰ ਉਲਟਾ ਪੁਲਟਾ ਕਰ ਦਿੱਤਾ ਹੈ, ਇੱਥੇ ਵੀ ਆ ਗਏ ਹਨ!
7 ਯਾਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਰੱਖਿਆ ਅਤੇ ਇਹ ਸਭ ਕੈਸਰ ਦੇ ਹੁਕਮਾਂ ਦੇ ਵਿਰੁੱਧ ਕਹਿੰਦੇ ਹਨ ਕਿ ਪਾਤਸ਼ਾਹ ਤਾਂ ਯਿਸੂ ਹੀ ਹੈ।
8 ਸੋ ਉਨ੍ਹਾਂ ਨੇ ਲੋਕਾਂ ਨੂੰ ਅਤੇ ਨਗਰ ਦੇ ਅਧਿਕਾਰੀਆਂ ਨੂੰ ਇਹ ਗੱਲਾਂ ਸੁਣਾ ਕੇ ਡਰਾ ਦਿੱਤਾ।
9 ਤਾਂ ਉਹਨਾਂ ਨੇ ਯਾਸੋਨ ਅਤੇ ਦੂਜਿਆਂ ਤੋਂ ਜ਼ਮਾਨਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।
ਬਰਿਯਾ ਨਗਰ ਵਿੱਚ
10 ਪਰ ਭਰਾਵਾਂ ਨੇ ਰਾਤ ਦੇ ਸਮੇਂ ਹੀ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਨੂੰ ਭੇਜ ਦਿੱਤਾ ਅਤੇ ਉਹ ਉੱਥੇ ਪਹੁੰਚ ਕੇ ਯਹੂਦੀਆਂ ਦੇ ਪ੍ਰਾਰਥਨਾ ਘਰ ਵਿੱਚ ਗਏ।
11 ਇੱਥੇ ਦੇ ਲੋਕ ਥਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਇਹਨਾਂ ਨੇ ਦਿਲ ਦੀ ਵੱਡੀ ਲਗਨ ਨਾਲ ਬਚਨ ਨੂੰ ਮੰਨ ਲਿਆ ਅਤੇ ਹਰ ਰੋਜ਼ ਪਵਿੱਤਰ ਗ੍ਰੰਥ ਵਿੱਚ ਲੱਭਦੇ ਰਹਿੰਦੇ ਸਨ ਕਿ ਇਹ ਗੱਲਾਂ ਇਸੇ ਤਰ੍ਹਾਂ ਹਨ ਕਿ ਨਹੀਂ।
12 ਇਸ ਲਈ ਬਹੁਤ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਅਤੇ ਪਤਵੰਤੀ ਯੂਨਾਨੀ ਇਸਤ੍ਰੀਆਂ ਅਤੇ ਆਦਮੀਆਂ ਵਿੱਚੋਂ ਵੀ ਬਹੁਤ ਸਾਰਿਆਂ ਨੇ ਵਿਸ਼ਵਾਸ ਕੀਤਾ।
13 ਪਰ ਜਦੋਂ ਥਸਲੁਨੀਕੇ ਦੇ ਯਹੂਦੀਆਂ ਨੇ ਜਾਣਿਆ ਕਿ ਪੌਲੁਸ ਪਰਮੇਸ਼ੁਰ ਦਾ ਬਚਨ ਬਰਿਯਾ ਵਿੱਚ ਵੀ ਸੁਣਾਉਂਦਾ ਹੈ ਤਾਂ ਉੱਥੇ ਵੀ ਆ ਕੇ ਲੋਕਾਂ ਨੂੰ ਭਰਮਾਉਣ ਅਤੇ ਡਰਾਉਣ ਲੱਗੇ।
14 ਤਦ ਭਰਾਵਾਂ ਨੇ ਪੌਲੁਸ ਨੂੰ ਵਿਦਿਆ ਕੀਤਾ ਕਿ ਸਮੁੰਦਰ ਤੱਕ ਜਾਵੇ ਪਰ ਸੀਲਾਸ ਅਤੇ ਤਿਮੋਥਿਉਸ ਉੱਥੇ ਹੀ ਰਹੇ।
15 ਪਰ ਪੌਲੁਸ ਦੇ ਪਹੁੰਚਾਉਣ ਵਾਲਿਆਂ ਨੇ ਉਹ ਨੂੰ ਅਥੇਨੈ ਤੱਕ ਲਿਆਏ, ਸੀਲਾਸ ਅਤੇ ਤਿਮੋਥਿਉਸ ਦੇ ਲਈ ਹੁਕਮ ਲੈ ਕੇ, ਕਿ ਜਿਸ ਤਰ੍ਹਾਂ ਵੀ ਹੋ ਸਕੇ ਜਲਦੀ ਉਹ ਦੇ ਕੋਲ ਆ ਜਾਣ, ਅਤੇ ਉਹ ਤੁਰ ਪਏ।
ਅਥੇਨੈ ਨਗਰ ਵਿੱਚ
16 ਜਦੋਂ ਪੌਲੁਸ ਅਥੇਨੈ ਵਿੱਚ ਉਨ੍ਹਾਂ ਦੀ ਉਡੀਕ ਕਰਦਾ ਸੀ, ਤਦ ਸ਼ਹਿਰ ਨੂੰ ਮੂਰਤਾਂ ਨਾਲ ਭਰਿਆ ਹੋਇਆ ਵੇਖ ਕੇ ਉਹ ਦਾ ਆਤਮਾ ਜਲ ਗਿਆ।
17 ਇਸ ਲਈ ਉਹ ਪ੍ਰਾਰਥਨਾ ਘਰਾਂ ਵਿੱਚ ਯਹੂਦੀਆਂ ਅਤੇ ਭਗਤ ਲੋਕਾਂ ਦੇ ਨਾਲ ਅਤੇ ਰੋਜ਼ ਬਜ਼ਾਰ ਵਿੱਚ ਉਨ੍ਹਾਂ ਲੋਕਾਂ ਨਾਲ ਜੋ ਉਸ ਨੂੰ ਮਿਲਦੇ ਸਨ, ਵਾਦ-ਵਿਵਾਦ ਕਰਦਾ ਸੀ।
18 ਅਪਿਕੂਰੀ ਅਤੇ ਸਤੋਇਕੀ ਸ਼ਾਸਤਰੀਆਂ ਵਿੱਚੋਂ ਵੀ ਕੁਝ ਉਸ ਨਾਲ ਵਾਦ-ਵਿਵਾਦ ਕਰਨ ਲੱਗੇ ਅਤੇ ਕਈਆਂ ਨੇ ਆਖਿਆ ਕਿ ਇਹ ਬਕਵਾਦੀ ਕੀ ਆਖਣਾ ਚਾਹੁੰਦਾ ਹੈ? ਕਈ ਬੋਲੇ ਜੋ ਇਹ ਤਾਂ ਪਰਾਏ ਦੇਵਤਿਆਂ ਦਾ ਦੱਸਣ ਵਾਲਾ ਕੋਈ ਹੈ ਕਿਉਂ ਜੋ ਉਹ ਯਿਸੂ ਦੀ ਅਤੇ ਉਸ ਦੇ ਜੀ ਉੱਠਣ ਦੀ ਖੁਸ਼ਖਬਰੀ ਸੁਣਾਉਂਦਾ ਸੀ।
19 ਉਹ ਉਸ ਨੂੰ ਫੜ੍ਹ ਕੇ ਅਰਿਯੁਪਗੁਸ ਉੱਤੇ ਲੈ ਗਏ ਅਤੇ ਬੋਲੇ, ਕੀ ਅਸੀਂ ਪੁੱਛ ਸਕਦੇ ਹਾਂ ਕਿ ਉਹ ਨਵੀਂ ਸਿੱਖਿਆ ਜੋ ਤੂੰ ਦਿੰਦਾ ਹੈ ਕੀ ਹੈ?
20 ਤੂੰ ਸਾਨੂੰ ਬਹੁਤ ਅਨੋਖੀਆਂ ਗੱਲਾਂ ਸੁਣਾਉਂਦਾ ਹੈ ਸੋ ਅਸੀਂ ਉਨ੍ਹਾਂ ਦਾ ਅਰਥ ਜਾਣਨਾ ਚਾਹੁੰਦੇ ਹਾਂ।
21 ਸਾਰੇ ਅਥੇਨੀ ਲੋਕ ਅਤੇ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ, ਨਵੀਂਆਂ-ਨਵੀਂਆਂ ਗੱਲਾਂ ਸੁਣਨ ਅਤੇ ਸੁਣਾਉਣ ਤੋਂ ਬਿਨ੍ਹਾਂ ਆਪਣਾ ਸਮਾਂ ਕਿਸੇ ਕੰਮ ਵਿੱਚ ਨਹੀਂ ਗੁਜਾਰਦੇ ਸਨ।
ਅਰਿਯੁਪਗੁਸ ਦੀ ਸਭਾ ਵਿੱਚ ਪੌਲੁਸ ਦਾ ਭਾਸ਼ਣ
22 ਤਾਂ ਪੌਲੁਸ ਅਰਿਯੁਪਗੁਸ ਦੇ ਵਿੱਚ ਖੜ੍ਹਾ ਹੋ ਕੇ ਕਹਿਣ ਲੱਗਾ, ਹੇ ਅਥੇਨੀਓ, ਮੈਂ ਤੁਹਾਨੂੰ ਹਰ ਤਰ੍ਹਾਂ ਨਾਲ ਦੇਵਤਿਆਂ ਦੇ ਵੱਡੇ ਪੂਜਣ ਵਾਲੇ ਵੇਖਦਾ ਹਾਂ।
23 ਕਿਉਂ ਜੋ ਮੈਂ ਤੁਰਦੇ ਫਿਰਦੇ ਅਤੇ ਤੁਹਾਡੇ ਦੇਵਤਿਆਂ ਦੀਆਂ ਮੂਰਤਾਂ ਵੇਖੀਆਂ ਅਤੇ ਇੱਕ ਵੇਦੀ ਨੂੰ ਵੇਖਿਆ ਜਿਸ ਦੇ ਉੱਤੇ ਇਹ ਲਿਖਿਆ ਹੋਇਆ ਸੀ “ਅਣਜਾਣੇ ਦੇਵਤੇ ਲਈ”। ਇਸ ਲਈ ਜਿਸ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਉਸੇ ਦੀ ਖ਼ਬਰ ਦਿੰਦਾ ਹਾਂ।
24 ਉਹ ਪਰਮੇਸ਼ੁਰ ਜਿਸ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ ਹੈ, ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ, ਉਹ ਹੱਥਾਂ ਦੇ ਬਣਾਏ ਮੰਦਿਰਾਂ ਵਿੱਚ ਨਹੀਂ ਵੱਸਦਾ ਹੈ।
25 ਅਤੇ ਨਾ ਉਹ ਨੂੰ ਕਿਸੇ ਚੀਜ਼ ਤੋਂ ਥੋੜ ਹੈ ਨਾ ਉਹ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿਉਂ ਜੋ ਉਹ ਖੁਦ ਹੀ ਸਭਨਾਂ ਨੂੰ ਜ਼ਿੰਦਗੀ, ਸਾਹ ਅਤੇ ਸਭ ਕੁਝ ਦਿੰਦਾ ਹੈ।
26 ਅਤੇ ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਰਚਿਆ ਅਤੇ ਉਨ੍ਹਾਂ ਦਾ ਇੱਕ ਨਿਸਚਿਤ ਸਮਾਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ
27 ਕਿ ਉਹ ਪਰਮੇਸ਼ੁਰ ਨੂੰ ਲੱਭਣ, ਕੀ ਜਾਣੀਏ ਉਸ ਨੂੰ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।
28 ਕਿਉਂਕਿ ਉਸੇ ਵਿੱਚ ਅਸੀਂ ਜਿਉਂਦੇ, ਤੁਰਦੇ ਫਿਰਦੇ, ਮੌਜੂਦ ਹਾਂ ਜਿਵੇਂ ਤੁਹਾਡੇ ਕਵੀਸ਼ਰਾਂ ਵਿੱਚੋਂ ਵੀ ਬਹੁਤ ਨੇ ਆਖਿਆ ਹੈ, ਕਿ ਅਸੀਂ ਤਾਂ ਉਹ ਦੀ ਅੰਸ ਵੀ ਹਾਂ।
29 ਸੋ ਪਰਮੇਸ਼ੁਰ ਦੀ ਅੰਸ ਹੋ ਕੇ ਸਾਨੂੰ ਯੋਗ ਨਹੀਂ ਜੋ ਇਹ ਸਮਝੀਏ ਕਿ ਪਰਮੇਸ਼ੁਰ ਸੋਨੇ ਚਾਂਦੀ ਜਾਂ ਪੱਥਰ ਵਰਗਾ ਹੈ, ਜਿਸ ਨੂੰ ਮਨੁੱਖ ਨੇ ਆਪਣੇ ਹੱਥਾਂ ਅਤੇ ਮਨ ਨਾਲ ਬਣਾਇਆ ਹੈ।
30 ਪਰਮੇਸ਼ੁਰ ਨੇ ਅਣਜਾਣਪੁਣੇ ਦੇ ਸਮੇਂ ਵੱਲ ਧਿਆਨ ਨਹੀਂ ਦਿੱਤਾ, ਪਰ ਹੁਣ ਸਭ ਥਾਂਵਾਂ ਅਤੇ ਸਭਨਾਂ ਮਨੁੱਖਾਂ ਨੂੰ ਹੁਕਮ ਦਿੰਦਾ ਹੈ, ਕਿ ਉਹ ਸਾਰੇ ਤੋਬਾ ਕਰਨ।
31 ਕਿਉਂ ਜੋ ਉਸ ਨੇ ਇੱਕ ਦਿਨ ਨਿਸਚਿਤ ਕੀਤਾ ਹੈ ਜਿਸ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਂ ਕਰੇਗਾ, ਉਸ ਮਨੁੱਖ ਦੇ ਰਾਹੀਂ ਜਿਸ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ, ਅਤੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।
32 ਜਦੋਂ ਉਨ੍ਹਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖ਼ੌਲ ਕਰਨ ਲੱਗੇ ਪਰ ਕੁਝ ਨੇ ਆਖਿਆ, ਅਸੀਂ ਇਹ ਗੱਲ ਤੇਰੇ ਕੋਲੋਂ ਕਦੇ ਫੇਰ ਸੁਣਾਂਗੇ।
33 ਸੋ ਪੌਲੁਸ ਉਨ੍ਹਾਂ ਦੇ ਵਿੱਚੋਂ ਚੱਲਿਆ ਗਿਆ।
34 ਪਰੰਤੂ ਕਈ ਆਦਮੀਆਂ ਨੇ ਉਹ ਦੇ ਨਾਲ ਰਲ ਕੇ ਵਿਸ਼ਵਾਸ ਕੀਤਾ। ਉਨ੍ਹਾਂ ਵਿੱਚ ਦਿਯਾਨੀਸਿਯੁਸ ਅਰਿਯੁਪਗੀ ਅਤੇ ਦਾਮਰਿਸ ਨਾਮ ਦੀ ਇੱਕ ਔਰਤ ਅਤੇ ਕਈ ਹੋਰ ਉਨ੍ਹਾਂ ਦੇ ਨਾਲ ਸਨ।