6
ਕਲੀਸਿਯਾ ਮੁਕੱਦਮੇ ਬਾਜ਼ੀ।
1 ਜਦ ਤੁਹਾਡੇ ਵਿੱਚ ਝਗੜੇ ਹੁੰਦੇ ਹਨ, ਕੀ ਤੁਹਾਡੇ ਵਿੱਚੋਂ ਕੋਈ ਹੈ ਜੋ ਸੰਤਾਂ ਕੋਲ ਜਾਣ ਦੀ ਬਜਾਏ ਅਧਰਮੀਆਂ ਕੋਲ ਨਿਆਂ ਲਈ ਜਾਵੇ?
2 ਕੀ ਤੁਸੀਂ ਨਹੀਂ ਜਾਣਦੇ ਭਈ ਸੰਤ ਸੰਸਾਰ ਦਾ ਨਿਆਂ ਕਰਨਗੇ? ਅਤੇ ਜੇ ਸੰਸਾਰ ਦਾ ਨਿਆਂ ਤੁਹਾਡੇ ਤੋਂ ਹੋਣਾ ਹੈ ਤਾਂ ਭਲਾ, ਤੁਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਨਬੇੜਾ ਕਰਨ ਦੇ ਯੋਗ ਨਹੀਂ ਹੋ?
3 ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਫੇਰ ਕਿੰਨ੍ਹਾਂ ਵੱਧਕੇ ਸੰਸਾਰੀ ਗੱਲਾਂ ਦਾ?
4 ਉਪਰੰਤ ਜੇ ਤੁਹਾਨੂੰ ਸੰਸਾਰੀ ਗੱਲਾਂ ਦਾ ਨਬੇੜਾ ਕਰਨਾ ਪੈਂਦਾ ਹੈ ਤਾਂ ਜਿਹੜੇ ਕਲੀਸਿਯਾ ਵਿੱਚ ਕੁਝ ਗਿਣੇ ਜਾਂਦੇ ਹਨ ਭਲਾ, ਤੁਸੀਂ ਉਹਨਾਂ ਨੂੰ ਠਹਿਰਾਉਂਦੇ ਹੋ?
5 ਮੈਂ ਤੁਹਾਨੂੰ ਲੱਜਿਆਵਾਨ ਕਰਨ ਲਈ ਇਹ ਆਖਦਾ ਹਾਂ। ਕੀ ਤੁਹਾਡੇ ਵਿੱਚ ਇੱਕ ਵੀ ਐਨਾ ਬੁੱਧਵਾਨ ਨਹੀਂ ਜੋ ਆਪਣੇ ਭਰਾਵਾਂ ਦਾ ਮੁਕੱਦਮਾ ਨਬੇੜ ਸਕੇ?
6 ਸਗੋਂ ਭਰਾ ਭਰਾ ਉੱਤੇ ਮੁਕੱਦਮਾ ਕਰਦਾ ਹੈ ਉਹ ਵੀ ਅਵਿਸ਼ਵਾਸੀਆਂ ਦੇ ਅੱਗੇ।
7 ਹੁਣ ਤਾਂ ਤੁਹਾਡੇ ਵਿੱਚ ਇੱਕ ਵੱਡਾ ਘਾਟਾ ਹੈ ਕਿ ਤੁਸੀਂ ਇੱਕ ਦੂਏ ਉੱਤੇ ਮੁਕੱਦਮਾ ਬਣਾਉਂਦੇ ਹੋ। ਤੁਸੀਂ ਸਗੋਂ ਬੇਇਨਸਾਫੀ ਕਿਉਂ ਨਹੀਂ ਸਹਾਰ ਲੈਂਦੇ? ਤੁਸੀਂ ਸਗੋਂ ਠੱਗੀ ਕਿਉਂ ਨਹੀਂ ਸਹਾਰਦੇ?
8 ਪਰ ਤੁਸੀਂ ਆਪੇ ਬੇਇਨਸਾਫੀ ਅਤੇ ਠੱਗੀ ਕਰਦੇ ਹੋ ਉਹ ਵੀ ਆਪਣੇ ਭਰਾਵਾਂ ਨਾਲ!
9 ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਵਿਭਚਾਰੀ, ਨਾ ਜਨਾਨੜੇ, ਨਾ ਮੁੰਡੇਬਾਜ਼।
10 ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਹੋਣਗੇ।
11 ਅਤੇ ਤੁਹਾਡੇ ਵਿੱਚੋਂ ਕਈ ਅਜਿਹੇ ਸਨ ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਤੇ ਤੁਸੀਂ ਪਵਿੱਤਰ ਕੀਤੇ ਗਏ ਅਤੇ ਤੁਸੀਂ ਧਰਮੀ ਠਹਿਰਾਏ ਗਏ।
ਦੇਹੀ ਪਵਿੱਤਰ ਆਤਮਾ ਦੀ ਹੈਕਲ ਹੈ
12 ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰੰਤੂ ਸਾਰੀਆਂ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਮੇਰੇ ਲਈ ਉੱਚਿਤ ਹਨ ਪਰ ਮੈਂ ਕਿਸੇ ਵਸਤੂ ਦੇ ਅਧੀਨ ਨਹੀਂ ਹੋਵਾਂਗਾ।
13 ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ ਪਰੰਤੂ ਪਰਮੇਸ਼ੁਰ ਦੋਵਾਂ ਦਾ ਨਾਸ ਕਰੇਗਾ ਪਰ ਸਰੀਰ ਹਰਾਮਕਾਰੀ ਦੇ ਲਈ ਨਹੀਂ ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ।
14 ਅਤੇ ਪਰਮੇਸ਼ੁਰ ਨੇ ਨਾਲੇ ਪ੍ਰਭੂ ਨੂੰ ਜਿਵਾ ਕੇ ਉੱਠਾਇਆ, ਨਾਲੇ ਸਾਨੂੰ ਆਪਣੀ ਸਮਰੱਥਾ ਨਾਲ ਜਿਵਾ ਕੇ ਉੱਠਾਏਗਾ।
15 ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਸੋ ਕੀ ਮੈਂ ਮਸੀਹ ਦੇ ਅੰਗ ਲੈ ਕੇ ਕੰਜਰੀ ਦੇ ਅੰਗ ਬਣਾਵਾਂ? ਕਦੇ ਨਹੀਂ!
16 ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਜੋ ਕੋਈ ਕੰਜਰੀ ਨਾਲ ਸੰਗ ਕਰਦਾ ਹੈ ਸੋ ਉਹ ਦੇ ਨਾਲ ਇੱਕ ਦੇਹੀ ਹੋ ਜਾਂਦਾ ਹੈ? ਕਿਉਂ ਜੋ ਉਹ ਆਖਦਾ ਹੈ ਭਈ ਉਹ ਦੋਵੇਂ ਇੱਕ ਸਰੀਰ ਹੋਣਗੇ।
17 ਪਰ ਜੋ ਕੋਈ ਪ੍ਰਭੂ ਨਾਲ ਮਿਲਿਆ ਹੋਇਆ ਹੈ ਸੋ ਉਹ ਦੇ ਨਾਲ ਇੱਕ ਆਤਮਾ ਹੈ।
18 ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।
19 ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ੁਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ?
20 ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ।