7
ਦਾਨੀਏਲ ਦੁਆਰਾ ਆਪਣੇ ਦਰਸ਼ਣਾਂ ਦਾ ਵਰਣਨ
7:1-12:13
ਚਾਰ ਪਸ਼ੂ
1 ਬਾਬਲ ਦੇ ਰਾਜਾ ਬੇਲਸ਼ੱਸਰ ਦੇ ਰਾਜ ਦੇ ਪਹਿਲੇ ਸਾਲ ਵਿੱਚ ਦਾਨੀਏਲ ਨੇ ਆਪਣੇ ਪਲੰਘ ਉੱਤੇ ਇੱਕ ਦਰਸ਼ਣ ਦੇਖਿਆ, ਤਦ ਉਹ ਨੇ ਦਰਸ਼ਣ ਨੂੰ ਲਿਖਿਆ ਅਤੇ ਉਹਨਾਂ ਗੱਲਾਂ ਦਾ ਬਿਆਨ ਕੀਤਾ।
2 ਦਾਨੀਏਲ ਨੇ ਆਖਿਆ ਕਿ ਰਾਤ ਨੂੰ ਮੈਂ ਇੱਕ ਦਰਸ਼ਣ ਦੇਖਿਆ ਅਤੇ ਕੀ ਵੇਖਦਾ ਹਾਂ ਜੋ ਅਕਾਸ਼ ਦੀਆਂ ਚਾਰੇ ਪੌਣਾਂ ਵੱਡੇ ਸਮੁੰਦਰ ਉੱਤੇ ਜ਼ੋਰ ਨਾਲ ਵਗੀਆਂ
3 ਅਤੇ ਸਮੁੰਦਰ ਵਿੱਚੋਂ ਚਾਰ ਵੱਡੇ-ਵੱਡੇ ਦਰਿੰਦੇ ਨਿੱਕਲੇ, ਜੋ ਇੱਕ ਦੂਜੇ ਨਾਲੋਂ ਵੱਖੋ-ਵੱਖ ਸਨ l
4 ਪਹਿਲਾ ਸ਼ੇਰ ਬੱਬਰ ਵਰਗਾ ਸੀ ਅਤੇ ਉਕਾਬ ਜਿਹੇ ਖੰਭਾਂ ਵਾਲਾ ਸੀ ਅਤੇ ਮੈਂ ਵੇਖਦਾ ਰਿਹਾ ਜਦੋਂ ਤੱਕ ਉਹ ਦੇ ਖੰਭ ਨਾ ਪੁੱਟੇ ਗਏ ਅਤੇ ਉਹ ਧਰਤੀ ਉੱਤੋਂ ਚੁੱਕਿਆ ਗਿਆ ਅਤੇ ਮਨੁੱਖ ਵਾਂਗੂੰ ਪੈਰਾਂ ਦੇ ਭਾਰ ਖੜਾ ਕੀਤਾ ਗਿਆ ਅਤੇ ਮਨੁੱਖ ਦਾ ਦਿਲ ਉਸ ਨੂੰ ਦਿੱਤਾ ਗਿਆ
5 ਅਤੇ ਫਿਰ ਕੀ ਵੇਖਦਾ ਹਾਂ ਜੋ ਦੂਜਾ ਦਰਿੰਦਾ ਰਿੱਛ ਵਰਗਾ ਸੀ। ਉਹ ਇੱਕ ਪਾਸੇ ਵੱਲ ਖੜਾ ਹੋ ਗਿਆ ਅਤੇ ਉਹ ਦੇ ਮੂੰਹ ਵਿੱਚ ਉਹ ਦੇ ਦੰਦਾਂ ਦੇ ਵਿਚਕਾਰ ਤਿੰਨ ਪਸਲੀਆਂ ਸਨ। ਉਹਨਾਂ ਨੇ ਉਸ ਨੂੰ ਆਖਿਆ ਕਿ ਉੱਠ ਅਤੇ ਢੇਰ ਸਾਰਾ ਮਾਸ ਖਾਹ!
6 ਉਹ ਦੇ ਪਿਛੋਂ ਮੈਂ ਡਿੱਠਾ ਅਤੇ ਕੀ ਵੇਖਦਾ ਹਾਂ ਕਿ ਇੱਕ ਹੋਰ ਦਰਿੰਦਾ ਚੀਤੇ ਵਰਗਾ ਉੱਠਿਆ ਜਿਸ ਉੱਤੇ ਪੰਛੀ ਜਿਹੇ ਚਾਰ ਖੰਭ ਸਨ ਅਤੇ ਉਸ ਦਰਿੰਦੇ ਦੇ ਚਾਰ ਸਿਰ ਸਨ ਅਤੇ ਉਹ ਨੂੰ ਰਾਜ ਦਿੱਤਾ ਗਿਆ।
7 ਇਹ ਦੇ ਪਿੱਛੋਂ ਮੈਂ ਰਾਤ ਨੂੰ ਦਰਸ਼ਣ ਵਿੱਚ ਦੇਖਿਆ ਅਤੇ ਕੀ ਵੇਖਦਾ ਹਾਂ ਜੋ ਚੌਥਾ ਦਰਿੰਦਾ ਭਿਆਨਕ ਅਤੇ ਡਰਾਉਣਾ ਅਤੇ ਡਾਢਾ ਬਲਵਾਨ ਅਤੇ ਉਹ ਦੇ ਦੰਦ ਲੋਹੇ ਦੇ ਸਨ ਅਤੇ ਵੱਡੇ-ਵੱਡੇ ਸਨ। ਉਹ ਨਿਗਲੀ ਜਾਂਦਾ ਅਤੇ ਟੋਟੇ-ਟੋਟੇ ਕਰ ਦਿੰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਤਾੜਦਾ ਸੀ ਅਤੇ ਇਹ ਉਹਨਾਂ ਸਭਨਾਂ ਦਰਿੰਦਿਆਂ ਨਾਲੋਂ ਜੋ ਉਸ ਦੇ ਪਹਿਲਾਂ ਸਨ ਵੱਖਰਾ ਸੀ, ਅਤੇ ਉਹ ਦੇ ਦਸ ਸਿੰਙ ਸਨ।
8 ਮੈਂ ਉਹਨਾਂ ਸਿੰਗਾਂ ਨੂੰ ਧਿਆਨ ਲਾ ਕੇ ਦੇਖਿਆ ਅਤੇ ਕੀ ਵੇਖਦਾ ਹਾਂ ਕਿ ਉਹਨਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਙ ਨਿੱਕਲਿਆ ਜਿਹ ਦੇ ਅੱਗੇ ਪਹਿਲਿਆਂ ਵਿੱਚੋਂ ਤਿੰਨ ਸਿੰਙ ਮੁੱਢੋਂ ਪੁੱਟੇ ਗਏ ਅਤੇ ਕੀ ਵੇਖਦਾ ਹਾਂ ਕਿ ਉਸ ਸਿੰਙ ਵਿੱਚ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਅਤੇ ਇੱਕ ਮੂੰਹ ਸੀ ਜੋ ਵੱਡੀਆਂ-ਵੱਡੀਆਂ ਗੱਲਾਂ ਬੋਲ ਰਿਹਾ ਸੀ।
ਸਦੀਪਕ ਕਾਲ ਤੱਕ ਰਹਿਣ ਵਾਲੇ ਦਾ ਦਰਸ਼ਣ
9 ਮੈਂ ਐਥੋਂ ਤੱਕ ਵੇਖਦਾ ਰਿਹਾ ਕਿ, ਸਿੰਘਾਸਣ ਰੱਖੇ ਗਏ, ਅਤੇ ਅੱਤ ਪ੍ਰਾਚੀਨ ਬੈਠ ਗਿਆ। ਉਹ ਦਾ ਬਸਤਰ ਬਰਫ਼ ਵਰਗਾ ਚਿੱਟਾ ਸੀ, ਅਤੇ ਉਹ ਦੇ ਸਿਰ ਦੇ ਵਾਲ਼ ਉੱਨ ਵਾਂਗਰ ਸੁਥਰੇ, ਉਹ ਦਾ ਸਿੰਘਾਸਣ ਅੱਗ ਦੀ ਲਾਟ ਵਰਗਾ ਸੀ, ਅਤੇ ਉਹ ਦੇ ਪਹੀਏ ਬਲਦੀ ਅੱਗ ਵਰਗੇ ਸਨ।
10 ਇੱਕ ਅੱਗ ਵਾਲੀ ਨਦੀ ਨਿੱਕਲੀ, ਜੋ ਉਹ ਦੇ ਅੱਗੋਂ ਦੀ ਵਗਦੀ ਸੀ। ਹਜ਼ਾਰਾਂ ਹੀ ਹਜ਼ਾਰ ਉਹ ਦੀ ਸੇਵਾ ਕਰਦੇ ਸਨ, ਅਤੇ ਲੱਖਾਂ ਉਹ ਦੇ ਸਾਹਮਣੇ ਖੜੇ ਸਨ! ਨਿਆਂ ਹੁੰਦਾ ਸੀ ਅਤੇ ਪੋਥੀਆਂ ਖੁੱਲੀਆਂ ਹੋਈਆਂ ਸਨ।
11 ਮੈਂ ਉਸ ਵੇਲੇ ਉਸ ਸਿੰਙ ਦੀ ਅਵਾਜ਼ ਦੇ ਕਾਰਨ ਜੋ ਵੱਡੀਆਂ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਡਿੱਠਾ, ਹਾਂ, ਮੈਂ ਐਥੋਂ ਤੱਕ ਵੇਖਦਾ ਰਿਹਾ ਕਿ ਉਹ ਦਰਿੰਦਾ ਮਾਰਿਆ ਗਿਆ ਅਤੇ ਉਹ ਦਾ ਸਰੀਰ ਨਾਸ ਹੋ ਗਿਆ ਅਤੇ ਬਲਦੇ ਭਾਂਬੜ ਵਿੱਚ ਸੁੱਟਿਆ ਗਿਆ।
12 ਬਾਕੀ ਦਰਿੰਦਿਆਂ ਦਾ ਰਾਜ ਵੀ ਉਹਨਾਂ ਤੋਂ ਲਿਆ ਗਿਆ ਪਰ ਇੱਕ ਵੇਲੇ ਅਤੇ ਇੱਕ ਸਮੇਂ ਤੋੜੀਂ ਉਹਨਾਂ ਨੂੰ ਜਿੰਦ ਦਿੱਤੀ ਗਈ।
13 ਮੈਂ ਰਾਤ ਦੇ ਇਸ ਦਰਸ਼ਣ ਵਿੱਚ ਦੇਖਿਆ ਅਤੇ ਵੇਖੋ, ਇੱਕ ਜਣਾ ਮਨੁੱਖ ਦੇ ਪੁੱਤਰ ਵਰਗਾ ਅਕਾਸ਼ ਦੇ ਬੱਦਲਾਂ ਸਣੇ ਆਇਆ, ਅਤੇ ਅੱਤ ਪ੍ਰਾਚੀਨ ਤੱਕ ਪਹੁੰਚਿਆ, ਅਤੇ ਉਹ ਉਸ ਨੂੰ ਉਹ ਦੇ ਅੱਗੇ ਲਿਆਏ।
14 ਪਾਤਸ਼ਾਹੀ ਅਤੇ ਪਰਤਾਪ ਅਤੇ ਰਾਜ ਉਹ ਨੂੰ ਦਿੱਤਾ ਗਿਆ, ਜੋ ਸੱਭੇ ਕੌਮਾਂ ਅਤੇ ਲੋਕ ਅਤੇ ਬੋਲੀਆਂ ਉਹ ਦੀ ਸੇਵਾ ਕਰਨ। ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।
ਪਸ਼ੂਆਂ ਦਾ ਅਰਥ
15 ਮੈਂ ਦਾਨੀਏਲ ਆਪਣੇ ਆਤਮਾ ਵਿੱਚ ਉਦਾਸ ਹੋਇਆ ਅਤੇ ਮੇਰੇ ਇਸ ਦਰਸ਼ਣ ਨੇ ਮੈਨੂੰ ਘਬਰਾ ਦਿੱਤਾ।
16 ਅਤੇ ਜਿਹੜੇ ਨੇੜੇ ਖੜ੍ਹੇ ਸਨ ਮੈਂ ਉਹਨਾਂ ਵਿੱਚੋਂ ਇੱਕ ਜਣੇ ਕੋਲ ਗਿਆ ਅਤੇ ਉਹ ਨੂੰ ਇਹਨਾਂ ਸਾਰੀਆਂ ਗੱਲਾਂ ਦੀ ਅਸਲੀਅਤ ਪੁੱਛੀ। ਉਸ ਨੇ ਮੈਨੂੰ ਦੱਸਿਆ ਅਤੇ ਇਹਨਾਂ ਗੱਲਾਂ ਦਾ ਅਰਥ ਮੈਨੂੰ ਸਮਝਾਇਆ।
17 ਇਹ ਚਾਰ ਵੱਡੇ ਦਰਿੰਦੇ ਚਾਰ ਰਾਜੇ ਹਨ ਜੋ ਧਰਤੀ ਉੱਤੇ ਉੱਠਣਗੇ।
18 ਪਰ ਅੱਤ ਮਹਾਨ ਦੇ ਸੰਤ ਰਾਜ ਲੈ ਲੈਣਗੇ ਅਤੇ ਜੁੱਗਾਂ ਤੱਕ, ਹਾਂ, ਜੁੱਗੋ-ਜੁੱਗ ਤੱਕ ਉਸ ਰਾਜ ਦੇ ਮਾਲਕ ਹੋਣਗੇ।
19 ਤਦ ਮੈਂ ਚਾਹਿਆ ਕਿ ਚੌਥੇ ਦਰਿੰਦੇ ਦੀ ਵਾਰਤਾ ਵੀ ਜਾਣਾ ਜਿਹੜਾ ਉਹਨਾਂ ਸਭਨਾਂ ਨਾਲੋਂ ਵੱਖਰਾ ਸੀ, ਜੋ ਡਾਢਾ ਡਰਾਉਣਾ ਸੀ ਜਿਹ ਦੇ ਦੰਦ ਲੋਹੇ ਦੇ ਅਤੇ ਨਹੁੰ ਪਿੱਤਲ ਦੇ, ਜੋ ਨਿਗਲਦਾ ਅਤੇ ਟੋਟੇ-ਟੋਟੇ ਕਰਦਾ ਅਤੇ ਆਪਣੇ ਪੈਰਾਂ ਹੇਠ ਲਿਤਾੜਦਾ ਸੀ।
20 ਅਤੇ ਦਸਾਂ ਸਿੰਗਾਂ ਦੀ, ਜੋ ਉਹ ਦੇ ਸਿਰ ਉੱਤੇ ਸਨ ਅਤੇ ਉਸ ਇੱਕ ਦੀ ਜੋ ਨਿੱਕਲਿਆ ਅਤੇ ਜਿਹ ਦੇ ਅੱਗੇ ਤਿੰਨ ਡਿੱਗ ਪਏ ਸਨ, ਹਾਂ, ਉਸ ਸਿੰਙ ਦੀ ਜਿਹ ਦੀਆਂ ਅੱਖਾਂ ਸਨ ਅਤੇ ਇੱਕ ਮੂੰਹ ਜੋ ਵੱਡੇ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਅਤੇ ਉਸ ਦੇ ਸਾਥੀਆਂ ਨਾਲੋਂ ਵੱਧ ਡਰਾਉਣਾ ਸੀ।
21 ਮੈਂ ਦੇਖਿਆ ਕਿ ਉਹੋ ਸਿੰਙ ਸੰਤਾਂ ਨਾਲ ਲੜਦਾ ਸੀ ਅਤੇ ਉਹਨਾਂ ਉੱਤੇ ਜਿੱਤ ਪਾ ਲੈਂਦਾ ਸੀ।
22 ਜਦ ਤੱਕ ਅੱਤ ਪ੍ਰਾਚੀਨ ਨਾ ਆਇਆ ਅਤੇ ਅੱਤ ਮਹਾਨ ਦੇ ਸੰਤਾਂ ਦਾ ਨਿਆਂ ਨਾ ਦਿੱਤਾ ਗਿਆ ਅਤੇ ਵੇਲਾ ਨਾ ਆ ਪਹੁੰਚਿਆ ਕਿ ਸੰਤ ਰਾਜ ਵਾਲੇ ਹੋਣ।
23 ਉਹ ਇਉਂ ਬੋਲਿਆ ਕਿ ਚੌਥਾ ਦਰਿੰਦਾ ਚੌਥਾ ਰਾਜਾ ਹੈ ਜੋ ਧਰਤੀ ਵਿੱਚ ਹੋਵੇਗਾ। ਉਹ ਸਭਨਾਂ ਰਾਜਾਂ ਨਾਲੋਂ ਵੱਖਰਾ ਹੋਵੇਗਾ ਅਤੇ ਸਾਰੀ ਪ੍ਰਿਥਵੀ ਨੂੰ ਨਿਗਲ ਜਾਵੇਗਾ ਅਤੇ ਉਹ ਨੂੰ ਲਤਾੜੇਗਾ ਅਤੇ ਉਹ ਨੂੰ ਟੋਟੇ-ਟੋਟੇ ਕਰੇਗਾ।
24 ਉਹ ਦਸ ਸਿੰਙ ਜੋ ਹਨ ਸੋ ਦਸ ਰਾਜੇ ਹਨ ਜੋ ਉਸ ਰਾਜ ਦੇ ਵਿੱਚ ਉੱਠਣਗੇ ਅਤੇ ਉਹਨਾਂ ਦੇ ਪਿੱਛੋਂ ਇੱਕ ਹੋਰ ਉੱਠੇਗਾ ਅਤੇ ਉਹ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ। ਉਹ ਤਿੰਨਾਂ ਰਾਜਿਆਂ ਉੱਤੇ ਜਿੱਤ ਪਾ ਲਵੇਗਾ।
25 ਉਹ ਅੱਤ ਮਹਾਨ ਪਰਮੇਸ਼ੁਰ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਅਤੇ ਅੱਤ ਮਹਾਨ ਦੇ ਸੰਤਾਂ ਨੂੰ ਦੁੱਖ ਦੇਵੇਗਾ ਅਤੇ ਚਾਹੇਗਾ ਕਿ ਨਿਯੁਕਤ ਸਮਿਆਂ ਅਤੇ ਬਿਵਸਥਾ ਨੂੰ ਬਦਲ ਦੇਵੇ ਅਤੇ ਉਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਐਥੋਂ ਤੱਕ ਇੱਕ ਸਮਾਂ ਅਤੇ ਸਮੇਂ ਅਤੇ ਅੱਧਾ ਸਮਾਂ ਲੰਘ ਜਾਵੇਗਾ ਤਕਰੀਬਨ ਸਾਢੇ ਤਿੰਨ ਸਾਲ।
26 ਫਿਰ ਨਿਆਂ ਸਭਾ ਬੈਠੇਗੀ ਅਤੇ ਉਸ ਦਾ ਰਾਜ ਉਸ ਤੋਂ ਲੈ ਲਵੇਗੀ ਇਸ ਲਈ ਜੋ ਅਖ਼ੀਰ ਤੱਕ ਉਸ ਦਾ ਨਾਸ ਕਰ ਸੁੱਟਣ।
27 ਸਾਰੇ ਅਕਾਸ਼ ਦੇ ਹੇਠਲੇ ਸਭਨਾਂ ਦੇਸਾਂ ਦੇ ਰਾਜਾਂ ਦਾ ਪਰਤਾਪ ਅਤੇ ਪਾਤਸ਼ਾਹੀ ਅਤੇ ਰਾਜ ਅੱਤ ਮਹਾਨ ਪਰਮੇਸ਼ੁਰ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ। ਉਹਦਾ ਰਾਜ ਇੱਕ ਸਦਾ ਦਾ ਰਾਜ ਹੈ ਅਤੇ ਸਾਰੀਆਂ ਪਾਤਸ਼ਾਹੀਆਂ ਉਹ ਦੀ ਉਪਾਸਨਾ ਕਰਨਗੀਆਂ ਅਤੇ ਆਗਿਆਕਾਰ ਹੋਣਗੀਆਂ।
28 ਉਹ ਗੱਲ ਐਥੇ ਮੁੱਕ ਗਈ। ਮੈਂ ਜੋ ਦਾਨੀਏਲ ਹਾਂ, ਮੇਰੀਆਂ ਚਿੰਤਾ ਨੇ ਮੈਨੂੰ ਡਾਢਾ ਘਬਰਾ ਦਿੱਤਾ ਅਤੇ ਮੇਰੇ ਮੂੰਹ ਦਾ ਰੰਗ ਬਦਲ ਗਿਆ ਪਰ ਮੈਂ ਇਹ ਗੱਲਾਂ ਆਪਣੇ ਮਨ ਵਿੱਚ ਰੱਖੀਆਂ।