5
ਰਊਬੇਨ ਦੀ ਵੰਸ਼ਾਵਲੀ
1 ਇਸਰਾਏਲ ਦੇ ਪਹਿਲੌਠੇ ਰਊਬੇਨ ਦੇ ਪੁੱਤਰ (ਉਹ ਪਹਿਲੌਠਾ ਸੀ ਪਰ ਇਸ ਲਈ ਜੋ ਉਸ ਨੇ ਆਪਣੇ ਪਿਤਾ ਦੇ ਬਿਸਤਰ ਨੂੰ ਭਰਿਸ਼ਟ ਕੀਤਾ ਸੀ, ਉਸ ਦੇ ਪਹਿਲੌਠੇ ਹੋਣ ਦਾ ਹੱਕ ਇਸਰਾਏਲ ਦੇ ਪੁੱਤਰ ਯੂਸੁਫ਼ ਦੇ ਪੁੱਤਰਾਂ ਨੂੰ ਦਿੱਤਾ ਗਿਆ ਅਤੇ ਉਹ ਕੁਲ ਪੱਤ੍ਰੀ ਵਿੱਚ ਪਹਿਲੌਠਾ ਕਰਕੇ ਨਹੀਂ ਗਿਣਿਆ ਜਾਂਦਾ)
2 ਯਹੂਦਾਹ ਆਪਣੇ ਭਰਾਵਾਂ ਨਾਲੋਂ ਬਲਵਾਨ ਸੀ ਅਤੇ ਉਸ ਤੋਂ ਪ੍ਰਧਾਨ ਨਿੱਕਲਿਆ ਪਰ ਪਹਿਲੌਠਾ ਹੋਣ ਦਾ ਹੱਕ ਯੂਸੁਫ਼ ਦਾ ਸੀ
3 ਇਸਰਾਏਲ ਦੇ ਪਹਿਲੌਠੇ ਰਊਬੇਨ ਦੇ ਪੁੱਤਰ, ਹਨੋਕ ਤੇ ਪੱਲੂ, ਹਸਰੋਨ ਤੇ ਕਰਮੀ
4 ਯੋਏਲ ਦੇ ਪੁੱਤਰ, ਸ਼ਮਅਯਾਹ ਉਹ ਦਾ ਪੁੱਤਰ, ਗੋਗ ਉਹ ਦਾ ਪੁੱਤਰ ਸ਼ਿਮਈ ਉਹ ਦਾ ਪੁੱਤਰ
5 ਮੀਕਾਹ ਉਹ ਦਾ ਪੁੱਤਰ, ਰਆਯਾਹ ਉਹ ਦਾ ਪੁੱਤਰ, ਬਆਲ ਉਹ ਦਾ ਪੁੱਤਰ
6 ਬਏਰਾਹ ਉਹ ਦਾ ਪੁੱਤਰ, ਜਿਸ ਨੂੰ ਅੱਸ਼ੂਰ ਦਾ ਰਾਜਾ ਤਿਲਗਥ ਪਿਲਨਅਸਰ ਬੰਧੂਆ ਬਣਾ ਕੇ ਲੈ ਗਿਆ। ਉਹ ਰਊਬੇਨੀਆਂ ਦਾ ਸਰਦਾਰ ਸੀ
7 ਉਹ ਦੇ ਭਰਾ ਉਨ੍ਹਾਂ ਦੀਆਂ ਕੁਲਾਂ ਅਨੁਸਾਰ ਜਦ ਉਨ੍ਹਾਂ ਦੀਆਂ ਪੀੜ੍ਹੀਆਂ ਦੀ ਕੁਲ ਪੱਤ੍ਰੀ ਬਣੀ ਇਹ ਸਨ, ਮੁਖੀ, ਯਈਏਲ ਤੇ ਜ਼ਕਰਯਾਹ
8 ਅਤੇ ਬਲਾ ਆਜ਼ਾਜ਼ ਦਾ ਪੁੱਤਰ, ਸ਼ਮਆ ਦਾ ਪੁੱਤਰ, ਯੋਏਲ ਦਾ ਪੁੱਤਰ ਜਿਹੜਾ ਅਰੋਏਰ ਵਿੱਚ ਨਬੋ ਤੇ ਬਆਲ-ਮਓਨ ਤੱਕ ਵੱਸਦਾ ਸੀ
9 ਅਤੇ ਉਹ ਚੜਦੇ ਪਾਸੇ ਫ਼ਰਾਤ ਦਰਿਆ ਤੋਂ ਉਜਾੜ ਦੇ ਰਸਤੇ ਤੱਕ ਵੱਸਦਾ ਸੀ ਕਿਉਂ ਜੋ ਉਨ੍ਹਾਂ ਦੇ ਪਸ਼ੂ ਗਿਲਆਦ ਦੇ ਦੇਸ ਵਿੱਚ ਵਧ ਗਏ ਸਨ
10 ਅਤੇ ਸ਼ਾਊਲ ਦੇ ਦਿਨਾਂ ਵਿੱਚ ਉਨ੍ਹਾਂ ਨੇ ਹਗਰੀਆਂ ਨਾਲ ਯੁੱਧ ਕੀਤਾ ਜਿਹੜੇ ਉਨ੍ਹਾਂ ਦੇ ਹੱਥੋਂ ਮਾਰੇ ਗਏ ਅਤੇ ਓਹ ਗਿਲਆਦ ਦੇ ਸਾਰੇ ਚੜਦੇ ਵੱਲ ਆਪਣੇ ਤੰਬੂਆਂ ਵਿੱਚ ਵੱਸੇ।
ਗਾਦ ਦੀ ਵੰਸ਼ਾਵਲੀ
11 ਗਾਦੀ ਉਨ੍ਹਾਂ ਦੇ ਸਾਹਮਣੇ ਬਾਸ਼ਾਨ ਦੇ ਦੇਸ ਵਿੱਚ ਸਲਕਾਹ ਤੱਕ ਵੱਸੇ
12 ਯੋਏਲ ਮੁਖੀ ਸੀ, ਫੇਰ ਦੂਜਾ ਸ਼ਫਾਮ ਅਤੇ ਯਅਨਈ ਤੇ ਸ਼ਾਫਾਟ ਬਾਸ਼ਾਨ ਵਿੱਚ
13 ਅਤੇ ਉਨ੍ਹਾਂ ਦੇ ਪੁਰਖਾਂ ਦੇ ਘਰਾਣੇ ਦੇ ਸੱਤ ਭਰਾ, ਮੀਕਾਏਲ ਤੇ ਮਸ਼ੁੱਲਾਮ ਤੇ ਸ਼ਬਾ ਤੇ ਯੋਰਈ ਤੇ ਯਅਕਾਨ ਤੇ ਜ਼ੀਆ ਤੇ ਏਬਰ ਸਨ
14 ਇਹ ਅਬੀਹੈਲ ਦੇ ਪੁੱਤਰ, ਹੂਰੀ ਦੇ ਪੁੱਤਰ, ਯਾਰੋਅਹ ਦਾ ਪੁੱਤਰ, ਗਿਲਆਦ ਦਾ ਪੁੱਤਰ, ਮੀਕਾਏਲ ਦਾ ਪੁੱਤਰ, ਯਸ਼ੀਸ਼ਈ ਦਾ ਪੁੱਤਰ, ਯਹਦੋ ਦਾ ਪੁੱਤਰ, ਬੂਜ਼ ਦਾ ਪੁੱਤਰ
15 ਅਬਦੀਏਲ ਦਾ ਪੁੱਤਰ ਅਹੀ, ਗੂਨੀ ਦਾ ਪੁੱਤਰ ਉਨ੍ਹਾਂ ਦੇ ਪੁਰਖਾਂ ਦੇ ਘਰਾਣਿਆਂ ਦਾ ਮੁਖੀ
16 ਅਤੇ ਓਹ ਗਿਲਆਦ ਵਿੱਚ ਬਾਸ਼ਾਨ ਵਿੱਚ ਅਤੇ ਉਸ ਦੇ ਪਿੰਡਾਂ ਵਿੱਚ ਤੇ ਸ਼ਾਰੋਨ ਦੀਆਂ ਸਾਰੀਆਂ ਚਾਰਗਾਹਾਂ ਵਿੱਚ ਉਨ੍ਹਾਂ ਦੀਆਂ ਹੱਦਾਂ ਤੱਕ ਵੱਸਦੇ ਸਨ
17 ਯਹੂਦਾਹ ਦੇ ਪਾਤਸ਼ਾਹ ਯੋਥਾਮ ਦੇ ਦਿਨਾਂ ਵਿੱਚ ਅਤੇ ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ ਦਿਨਾਂ ਵਿੱਚ ਇਹ ਸਾਰੀਆਂ ਕੁਲਪੱਤ੍ਰੀਆਂ ਲਿਖੀਆਂ ਗਈਆਂ।
ਪੂਰਬ ਦੇ ਵਿੱਚ ਰਹਿਣ ਵਾਲੇ ਗੋਤਾਂ ਦੀਆਂ ਸੈਨਾਵਾਂ
18 ਰਊਬੇਨੀ ਤੇ ਗਾਦੀ ਤੇ ਮਨੱਸ਼ਹ ਦੇ ਅੱਧੇ ਗੋਤ ਦੇ ਸੂਰਮੇ ਜਿਹੜੇ ਢਾਲ਼ ਤੇ ਤਲਵਾਰ ਉਠਾਉਣ ਵਾਲੇ, ਤੀਰ-ਅੰਦਾਜ਼ ਅਤੇ ਲੜਾਈ ਵਿੱਚ ਸਿਆਣੇ ਸਨ, ਉਹ ਚੁਤਾਲੀ ਹਜ਼ਾਰ ਸੱਤ ਸੌ ਸੱਠ ਯੋਧੇ ਸਨ
19 ਅਤੇ ਇਹ ਹਗਰੀਆਂ, ਯਟੂਰ ਤੇ ਨਾਫ਼ੀਸ਼ ਤੇ ਨੋਦਾਬ ਨਾਲ ਲੜੇ
20 ਅਤੇ ਉਨ੍ਹਾਂ ਦਾ ਵਿਰੋਧ ਕਰਨ ਵਿੱਚ ਇਨ੍ਹਾਂ ਨੂੰ ਸਹਾਇਤਾ ਮਿਲੀ ਅਤੇ ਹਗਰੀ ਅਤੇ ਸਭ ਜਿਹੜੇ ਉਨ੍ਹਾਂ ਨਾਲ ਸਨ ਉਨ੍ਹਾਂ ਦੇ ਹਵਾਲੇ ਕੀਤੇ ਗਏ ਕਿਉਂ ਜੋ ਉਨ੍ਹਾਂ ਨੇ ਲੜਾਈ ਵਿੱਚ ਪਰਮੇਸ਼ੁਰ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਦੀ ਬੇਨਤੀ ਪਰਵਾਨ ਹੋਈ, ਇਸ ਲਈ ਜੋ ਉਨ੍ਹਾਂ ਨੇ ਉਹ ਦੇ ਉੱਤੇ ਭਰੋਸਾ ਰੱਖਿਆ
21 ਅਤੇ ਓਹ ਉਨ੍ਹਾਂ ਦੇ ਪਸ਼ੂ ਲੈ ਗਏ, ਉਨ੍ਹਾਂ ਦੇ ਊਠ ਪੰਜਾਹ ਹਜ਼ਾਰ, ਅਤੇ ਭੇਡਾਂ ਢਾਈ ਲੱਖ, ਅਤੇ ਗਧੇ ਦੋ ਹਜ਼ਾਰ, ਅਤੇ ਇੱਕ ਲੱਖ ਮਨੁੱਖ
22 ਸੋ ਬਹੁਤ ਸਾਰੇ ਲੋਕ ਵੱਢੇ ਗਏ ਕਿਉਂ ਜੋ ਇਹ ਯੁੱਧ ਪਰਮੇਸ਼ੁਰ ਦੀ ਵੱਲੋਂ ਸੀ ਅਤੇ ਉਹ ਗ਼ੁਲਾਮ ਹੋਣ ਦੇ ਸਮੇਂ ਤੱਕ ਉਨ੍ਹਾਂ ਦੇ ਥਾਂ ਵਿੱਚ ਵੱਸਦੇ ਰਹੇ ਸਨ।
ਪੂਰਬ ਦੇ ਵਿੱਚ ਵੱਸੇ ਮਨਸ਼ੱਹ ਦੇ ਲੋਕ
23 ਮਨੱਸ਼ੀਆਂ ਦੇ ਅੱਧੇ ਗੋਤ ਦੇ ਲੋਕ ਉਸ ਦੀ ਧਰਤੀ ਵਿੱਚ ਵੱਸੇ। ਓਹ ਬਾਸ਼ਾਨ ਤੋਂ ਬਆਲ-ਹਰਮੋਨ ਤੇ ਸਨੀਰ ਤੇ ਹਰਮੋਨ ਪਰਬਤ ਤੱਕ ਵਧਦੇ ਗਏ
24 ਇਹ ਉਨ੍ਹਾਂ ਦੇ ਪੁਰਖਾਂ ਦੇ ਘਰਾਣਿਆਂ ਦੇ ਮੁਖੀਏ ਸਨ, ਅਰਥਾਤ ਏਫਰ ਤੇ ਯਿਸ਼ਈ ਤੇ ਅਲੀਏਲ ਤੇ ਅਜ਼ਰੀਏਲ ਤੇ ਯਿਰਮਿਯਾਹ ਤੇ ਹੋਦਵਯਾਹ ਤੇ ਯਹਦੀਏਲ ਜਿਹੜੇ ਸੂਰਬੀਰ ਯੋਧੇ, ਨਾਮੀ, ਤੇ ਆਪਣੇ ਪੁਰਖਾਂ ਦੇ ਘਰਾਣਿਆਂ ਦੇ ਮੁਖੀਏ ਸਨ।
ਪੂਰਬ ਵਿੱਚ ਵੱਸੇ ਗੋਤਾਂ ਦਾ ਗ਼ੁਲਾਮੀ ਦੇ ਵਿੱਚ ਜਾਣਾ
25 ਅਤੇ ਉਨ੍ਹਾਂ ਨੇ ਆਪਣੇ ਵੱਡ-ਵਡੇਰਿਆਂ ਦੇ ਪਰਮੇਸ਼ੁਰ ਦਾ ਅਪਰਾਧ ਕੀਤਾ ਅਤੇ ਉਸ ਦੇਸ ਦੇ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਚਲ ਕੇ ਵਿਭਚਾਰੀ ਹੋ ਗਏ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਅੱਗੇ ਨਸ਼ਟ ਕੀਤਾ
26 ਅਤੇ ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜਾ ਪੂਲ ਦੇ ਮਨ ਨੂੰ ਅਤੇ ਅਸ਼ੂਰ ਦੇ ਰਾਜਾ ਤਿਲਗਥ ਪਿਲਨਅਸਰ ਦੇ ਮਨ ਨੂੰ ਉਕਸਾਇਆ, ਅਤੇ ਉਹ ਉਹਨਾਂ ਨੂੰ ਅਰਥਾਤ ਰਊਬੇਨੀਆਂ ਨੂੰ, ਗਾਦੀਆਂ ਨੂੰ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਦੇਸ ਵਿੱਚੋਂ ਕੱਢ ਕੇ ਲੈ ਗਏ, ਅਤੇ ਉਨ੍ਹਾਂ ਨੂੰ ਹਲਹ, ਹਾਬੋਰ, ਹਾਰਾ ਅਤੇ ਗੋਜ਼ਾਨ ਦੀ ਨਦੀ ਨੂੰ ਲੈ ਆਇਆ। ਉਹ ਅੱਜ ਤੱਕ ਉੱਥੇ ਹੀ ਵੱਸਦੇ ਹਨ।