9
ਸ਼ਬਾ ਦੀ ਰਾਣੀ ਦਾ ਆਉਣਾ
1 ਰਾਜਾ 10:1-13
1 ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਧੁੰਮ ਸੁਣੀ ਤਾਂ ਉਹ ਬੁਝਾਰਤਾਂ ਵਿੱਚ ਪਰਖਣ ਲਈ ਵੱਡੇ ਭਾਰੇ ਕਾਫ਼ਲੇ ਅਤੇ ਊਠਾਂ ਦੇ ਨਾਲ ਜਿਨ੍ਹਾਂ ਉੱਤੇ ਮਸਾਲਾ ਅਤੇ ਢੇਰ ਸਾਰਾ ਸੋਨਾ ਅਤੇ ਬਹੁਮੁੱਲੇ ਪੱਥਰ ਸਨ ਯਰੂਸ਼ਲਮ ਵਿੱਚ ਆਈ ਅਤੇ ਸੁਲੇਮਾਨ ਦੇ ਕੋਲ ਆਣ ਕੇ ਜੋ ਕੁਝ ਉਹ ਦੇ ਮਨ ਵਿੱਚ ਸੀ ਉਸ ਨਾਲ ਗੱਲ ਕੀਤੀ
2 ਸੁਲੇਮਾਨ ਨੇ ਉਹ ਦੇ ਸਾਰੇ ਸਵਾਲਾਂ ਦਾ ਉੱਤਰ ਉਹ ਨੂੰ ਦਿੱਤਾ ਅਤੇ ਸੁਲੇਮਾਨ ਕੋਲੋਂ ਕੋਈ ਗੱਲ ਗੁੱਝੀ ਨਾ ਸੀ ਜੋ ਉਹ ਉਸ ਨੂੰ ਨਾ ਦੱਸ ਸਕਿਆ
3 ਜਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਸਾਰੀ ਬੁੱਧ ਅਤੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਵੇਖਿਆ,
4 ਅਤੇ ਉਸ ਦੇ ਮੇਜ਼ ਦੇ ਉੱਤੇ ਦਾ ਖਾਣਾ, ਉਸ ਦੇ ਕਰਮਚਾਰੀਆਂ ਦੇ ਬੈਠਣ ਦਾ ਤਰੀਕਾ, ਉਸ ਦੇ ਸੇਵਕਾਂ ਦੀ ਆਗਿਆਕਾਰੀ, ਅਤੇ ਉਨ੍ਹਾਂ ਦਾ ਪਹਿਰਾਵਾ, ਉਸ ਦੇ ਪਿਲਾਉਣ ਵਾਲੇ ਅਤੇ ਉਨ੍ਹਾਂ ਦਾ ਪਹਿਰਾਵਾ ਅਤੇ ਉਸ ਦੀਆਂ ਹੋਮ ਦੀਆਂ ਬਲੀਆਂ ਜਿਹੜੀਆਂ ਉਹ ਯਹੋਵਾਹ ਦੇ ਭਵਨ ਵਿੱਚ ਚੜ੍ਹਾਉਂਦਾ ਸੀ ਵੇਖਿਆ, ਤਾਂ ਉਹ ਦੇ ਹੋਸ਼ ਉੱਡ ਗਏ
5 ਉਹ ਨੇ ਪਾਤਸ਼ਾਹ ਨੂੰ ਆਖਿਆ ਕਿ ਉਹ ਸੱਚੀ ਖ਼ਬਰ ਸੀ ਜੋ ਮੈਂ ਤੇਰੇ ਕੰਮਾਂ ਅਤੇ ਤੇਰੀ ਬੁੱਧੀ ਦੇ ਵਿਖੇ ਆਪਣੇ ਦੇਸ ਵਿੱਚ ਸੁਣੀ ਸੀ
6 ਤਾਂ ਵੀ ਜਦ ਤੱਕ ਮੈਂ ਆ ਕੇ ਆਪਣੀਆਂ ਅੱਖਾਂ ਨਾਲ ਨਾ ਵੇਖਿਆ ਤਦ ਤੱਕ ਮੈਂ ਉਨ੍ਹਾਂ ਗੱਲਾਂ ਦੀ ਪਰਤੀਤ ਨਾ ਕੀਤੀ ਅਤੇ ਵੇਖ, ਜਿੰਨੀ ਤੇਰੀ ਬੁੱਧੀ ਹੈ ਉਸ ਦਾ ਅੱਧਾ ਵੀ ਮੈਨੂੰ ਨਹੀਂ ਦੱਸਿਆ ਗਿਆ। ਤੂੰ ਉਸ ਧੁੰਮ ਤੋਂ ਵੱਧ ਹੈ ਜੋ ਮੈਂ ਸੁਣੀ ਸੀ
7 ਧੰਨ ਹਨ ਤੇਰੇ ਮਨੁੱਖ ਅਤੇ ਧੰਨ ਹਨ ਤੇਰੇ ਇਹ ਸੇਵਕ ਜੋ ਸਦਾ ਤੇਰੇ ਸਨਮੁਖ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ!
8 ਯਹੋਵਾਹ ਤੇਰਾ ਪਰਮੇਸ਼ੁਰ ਮੁਬਾਰਕ ਹੋਵੇ ਜੋ ਤੇਰੇ ਉੱਤੇ ਦਿਆਲੂ ਹੈ ਕਿ ਤੈਨੂੰ ਆਪਣੀ ਰਾਜ ਗੱਦੀ ਉੱਤੇ ਬਿਠਾਇਆ ਹੈ ਤਾਂ ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਵੱਲੋਂ ਪਾਤਸ਼ਾਹ ਹੋਵੇਂ ਕਿਉਂ ਜੋ ਤੇਰੇ ਪਰਮੇਸ਼ੁਰ ਨੂੰ ਇਸਰਾਏਲ ਨਾਲ ਪਿਆਰ ਸੀ ਕਿ ਉਨ੍ਹਾਂ ਨੂੰ ਸਦਾ ਲਈ ਕਾਇਮ ਰੱਖੇ ਇਸੇ ਲਈ ਉਸ ਨੇ ਤੈਨੂੰ ਉਨ੍ਹਾਂ ਦਾ ਪਾਤਸ਼ਾਹ ਬਣਾਇਆ ਤਾਂ ਜੋ ਤੂੰ ਧਰਮ ਅਤੇ ਨਿਆਂ ਕਰੇਂ
9 ਉਹ ਨੇ ਇੱਕ ਸੌ ਵੀਹ ਬੋਰੇ ਸੋਨਾ ਅਤੇ ਢੇਰ ਸਾਰਾ ਮਸਾਲਾ ਅਤੇ ਬਹੁਮੁੱਲੇ ਪੱਥਰ ਪਾਤਸ਼ਾਹ ਨੂੰ ਦਿੱਤੇ ਅਤੇ ਜੋ ਮਸਾਲਾ ਸ਼ਬਾ ਦੀ ਰਾਣੀ ਨੇ ਸੁਲੇਮਾਨ ਪਾਤਸ਼ਾਹ ਨੂੰ ਦਿੱਤਾ ਉਹੋ ਜਿਹਾ ਫੇਰ ਕਦੀ ਨਾ ਮਿਲਿਆ
10 ਅਤੇ ਹੀਰਾਮ ਦੇ ਨੌਕਰ ਅਤੇ ਸੁਲੇਮਾਨ ਦੇ ਨੌਕਰ ਜੋ ਓਫੀਰ ਤੋਂ ਸੋਨਾ ਲਿਆਉਂਦੇ ਸਨ ਉਹ ਚੰਦਨ ਦੀ ਲੱਕੜੀ ਅਤੇ ਬਹੁਮੁੱਲੇ ਪੱਥਰ ਵੀ ਲਿਆਉਂਦੇ ਸਨ
11 ਤਾਂ ਪਾਤਸ਼ਾਹ ਨੇ ਚੰਦਨ ਦੀ ਲੱਕੜੀ ਤੋਂ ਯਹੋਵਾਹ ਦੇ ਭਵਨ ਲਈ ਅਤੇ ਸ਼ਾਹੀ ਮਹਿਲ ਲਈ ਪੌੜੀਆਂ ਬਣਾਈਆਂ ਅਤੇ ਰਾਗੀਆਂ ਲਈ ਬਰਬਤਾਂ ਤੇ ਰਬਾਬ ਬਣਾਏ ਅਤੇ ਇਹੋ ਜਿਹੀਆਂ ਚੀਜ਼ਾਂ ਪਹਿਲਾਂ ਕਦੀ ਵੀ ਯਹੂਦਾਹ ਦੇ ਦੇਸ ਵਿੱਚ ਨਹੀਂ ਵੇਖੀਆਂ ਗਈਆਂ ਸਨ
12 ਅਤੇ ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੂੰ ਜੋ ਕੁਝ ਉਹ ਨੇ ਚਾਹਿਆ ਅਤੇ ਮੰਗਿਆ ਉਸ ਤੋਂ ਵੱਧ ਜੋ ਉਹ ਪਾਤਸ਼ਾਹ ਲਈ ਲਿਆਈ ਸੀ ਦਿੱਤਾ, ਸੋ ਉਹ ਆਪਣੇ ਸੇਵਕਾਂ ਸਮੇਤ ਆਪਣੇ ਦੇਸ ਨੂੰ ਮੁੜ ਗਈ।
ਰਾਜਾ ਸੁਲੇਮਾਨ ਦੀ ਭੜਕ
13 ਜਿੰਨਾਂ ਸੋਨਾ ਸੁਲੇਮਾਨ ਦੇ ਕੋਲ ਇੱਕ ਸਾਲ ਵਿੱਚ ਆਉਂਦਾ ਸੀ ਉਸ ਦਾ ਭਾਰ ਇੱਕ ਹਜ਼ਾਰ ਮਣ ਦੇ ਲੱਗਭਗ ਸੀ
14 ਇਹ ਉਸ ਤੋਂ ਅੱਡ ਸੀ ਜੋ ਵਪਾਰੀ ਤੇ ਸੌਦਾਗਰ ਲਿਆਉਂਦੇ ਸਨ ਨਾਲੇ ਅਰਬ ਦੇ ਸਾਰੇ ਰਾਜੇ ਅਤੇ ਦੇਸ ਦੇ ਹਾਕਮ ਸੁਲੇਮਾਨ ਦੇ ਕੋਲ ਸੋਨਾ ਅਤੇ ਚਾਂਦੀ ਲਿਆਉਂਦੇ ਸਨ
15 ਸੁਲੇਮਾਨ ਪਾਤਸ਼ਾਹ ਨੇ ਕੁੱਟੇ ਹੋਏ ਸੋਨੇ ਦੀਆਂ ਦੋ ਸੌ ਵੱਡੀਆਂ ਢਾਲਾਂ ਬਣਵਾਈਆਂ ਅਤੇ ਸਾਢੇ ਸੱਤ ਸੇਰ ਸੋਨਾ ਇੱਕ-ਇੱਕ ਢਾਲ਼ ਨੂੰ ਲੱਗਾ ਹੋਇਆ ਸੀ
16 ਅਤੇ ਉਸ ਨੇ ਕੁੱਟੇ ਹੋਏ ਸੋਨੇ ਦੀਆਂ ਤਿੰਨ ਸੌ ਢਾਲਾਂ ਹੋਰ ਬਣਾਈਆਂ ਇੱਕ-ਇੱਕ ਢਾਲ਼ ਨੂੰ ਪੌਣੇ ਚਾਰ ਸੇਰ ਸੋਨਾ ਲੱਗਾ ਹੋਇਆ ਸੀ ਅਤੇ ਪਾਤਸ਼ਾਹ ਨੇ ਉਨ੍ਹਾਂ ਨੂੰ ਲਬਾਨੋਨੀ ਬਣ ਦੇ ਮਹਿਲ ਵਿੱਚ ਰੱਖਿਆ
17 ਇਸ ਤੋਂ ਬਿਨ੍ਹਾਂ ਪਾਤਸ਼ਾਹ ਨੇ ਹਾਥੀ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਵਾਇਆ ਅਤੇ ਉਹ ਦੇ ਉੱਤੇ ਕੁੰਦਨ ਸੋਨਾ ਮੜ੍ਹਵਾਇਆ
18 ਅਤੇ ਉਸ ਸਿੰਘਾਸਣ ਲਈ ਛੇ ਪੌਡਿਆਂ ਦੀ ਪੌੜੀ ਅਤੇ ਸੋਨੇ ਦਾ ਇੱਕ ਪਾਏਦਾਨ ਸੀ ਇਹ ਸਾਰੇ ਸਿੰਘਾਸਣ ਨਾਲ ਜੁੜੇ ਹੋਏ ਸਨ ਅਤੇ ਬੈਠਣ ਦੀ ਥਾਂ ਦੇ ਦੋਹੀਂ ਪਾਸੀਂ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਬੱਬਰ ਸ਼ੇਰ ਖੜ੍ਹੇ ਸਨ
19 ਅਤੇ ਉਨ੍ਹਾਂ ਛੇਆਂ ਪੌੜੀਆਂ ਦੇ ਉੱਤੇ ਦੋਵੇਂ ਪਾਸੀਂ ਬਾਰਾਂ ਸ਼ੇਰ ਖੜ੍ਹੇ ਸਨ। ਕਿਸੇ ਪਾਤਸ਼ਾਹੀ ਵਿੱਚ ਕਦੇ ਇਹੋ ਜਿਹਾ ਸਿੰਘਾਸਣ ਨਹੀਂ ਬਣਿਆ ਸੀ
20 ਅਤੇ ਸੁਲੇਮਾਨ ਪਾਤਸ਼ਾਹ ਦੇ ਸਾਰੇ ਪੀਣ ਦੇ ਭਾਂਡੇ ਸੋਨੇ ਦੇ ਸਨ ਅਤੇ ਲਬਾਨੋਨੀ ਬਣ ਦੇ ਮਹਿਲ ਦੇ ਸਾਰੇ ਭਾਂਡੇ ਵੀ ਖਾਲ਼ਸ ਸੋਨੇ ਦੇ ਸਨ। ਸੁਲੇਮਾਨ ਦੇ ਦਿਨਾਂ ਵਿੱਚ ਚਾਂਦੀ ਨੂੰ ਕੋਈ ਪੁੱਛਦਾ ਵੀ ਨਹੀਂ ਸੀ
21 ਕਿਉਂ ਜੋ ਪਾਤਸ਼ਾਹ ਦੇ ਕੋਲ ਜਹਾਜ਼ ਸਨ ਜੋ ਹੀਰਾਮ ਦੇ ਨੌਕਰਾਂ ਦੇ ਨਾਲ ਤਰਸ਼ੀਸ਼ ਨੂੰ ਜਾਂਦੇ ਸਨ। ਤਰਸ਼ੀਸ਼ ਦੇ ਇਹ ਜਹਾਜ਼ ਤਿੰਨੀਂ ਵਰਹੀਂ ਇੱਕ ਵਾਰ ਸੋਨਾ, ਚਾਂਦੀ, ਹਾਥੀ ਦੰਦ, ਬਾਂਦਰ ਅਤੇ ਮੋਰ ਲੱਦ ਕੇ ਲਿਆਉਂਦੇ ਹੁੰਦੇ ਸਨ
22 ਸੋ ਸੁਲੇਮਾਨ ਪਾਤਸ਼ਾਹ ਧਨ ਅਤੇ ਬੁੱਧ ਵਿੱਚ ਧਰਤੀ ਦੇ ਸਾਰਿਆਂ ਰਾਜਿਆਂ ਨਾਲੋਂ ਵੱਧ ਗਿਆ
23 ਅਤੇ ਧਰਤੀ ਉੱਤੇ ਦੇ ਸਾਰੇ ਪਾਤਸ਼ਾਹ ਸੁਲੇਮਾਨ ਦੇ ਦਰਸ਼ਣ ਦੇ ਚਾਹਵੰਦ ਸਨ ਤਾਂ ਜੋ ਉਹ ਉਸ ਦੀ ਬੁੱਧੀ ਨੂੰ ਜਿਹੜੀ ਪਰਮੇਸ਼ੁਰ ਨੇ ਉਹ ਦੇ ਮਨ ਵਿੱਚ ਪਾਈ ਸੀ ਸੁਣਨ
24 ਅਤੇ ਉਹ ਆਪੋ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ, ਬਸਤਰ, ਸ਼ਸਤਰ, ਮਸਾਲੇ, ਘੋੜੇ, ਅਤੇ ਖੱਚਰਾਂ ਨੂੰ ਸਾਲ ਦੇ ਸਾਲ ਲਿਆਉਂਦੇ ਹੁੰਦੇ ਸਨ
25 ਅਤੇ ਸੁਲੇਮਾਨ ਦੇ ਕੋਲ ਘੋੜਿਆਂ ਅਤੇ ਰਥਾਂ ਲਈ ਚਾਰ ਹਜ਼ਾਰ ਤਬੇਲੇ ਅਤੇ ਬਾਰਾਂ ਹਜ਼ਾਰ ਸਵਾਰ ਸਨ ਜਿਨ੍ਹਾਂ ਨੂੰ ਉਸ ਨੇ ਰਥਾਂ ਦੇ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਪਾਤਸ਼ਾਹ ਦੇ ਕੋਲ ਰੱਖਿਆ
26 ਅਤੇ ਉਹ ਦਰਿਆ ਤੋਂ ਫ਼ਲਿਸਤੀਆਂ ਦੇ ਦੇਸ ਸਗੋਂ ਮਿਸਰ ਦੀ ਹੱਦ ਤੱਕ ਸਾਰੇ ਪਾਤਸ਼ਾਹਾਂ ਉੱਤੇ ਰਾਜ ਕਰਦਾ ਸੀ
27 ਅਤੇ ਪਾਤਸ਼ਾਹ ਨੇ ਯਰੂਸ਼ਲਮ ਵਿੱਚ ਚਾਂਦੀ ਨੂੰ ਪੱਥਰ ਵਾਂਗੂੰ ਅਤੇ ਦਿਆਰ ਨੂੰ ਗੁੱਲਰ ਦੇ ਉਨ੍ਹਾਂ ਦਰਖ਼ਤਾਂ ਦੇ ਵਾਂਗੂੰ ਕਰ ਦਿੱਤਾ ਜੋ ਬੇਟ ਵਿੱਚ ਬਹੁਤ ਹੁੰਦੇ ਹਨ
28 ਅਤੇ ਉਹ ਮਿਸਰ ਤੋਂ ਅਤੇ ਸਾਰੇ ਦੇਸਾਂ ਤੋਂ ਸੁਲੇਮਾਨ ਲਈ ਘੋੜੇ ਲਿਆਇਆ ਕਰਦੇ ਸਨ।
ਰਾਜਾ ਸੁਲੇਮਾਨ ਦੀ ਮੌਤ
1 ਰਾਜਾ 11:41-43
29 ਅਤੇ ਸੁਲੇਮਾਨ ਦੇ ਬਾਕੀ ਕੰਮ ਜੋ ਮੁੱਢ ਤੋਂ ਅੰਤ ਤੱਕ ਕੀਤੇ ਉਹ ਨਾਥਾਨ ਨਬੀ ਦੀਆਂ ਗੱਲਾਂ ਵਿੱਚ ਅਤੇ ਸ਼ੀਲੋਨੀ ਅਹੀਯਾਹ ਦੇ ਅਗੰਮ ਵਾਕਾਂ ਵਿੱਚ ਅਤੇ ਯੱਦੇ ਗੈਬ ਬੀਨ ਦੀਆਂ ਦਰਿਸ਼ਟਾਂ ਵਿੱਚ ਜੋ ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਵਿਖੇ ਵੇਖੀਆਂ ਸਨ ਲਿਖੇ ਹੋਏ ਨਹੀਂ ਹਨ?
30 ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਤੇ ਚਾਲ੍ਹੀ ਸਾਲ ਰਾਜ ਕੀਤਾ
31 ਤਾਂ ਸੁਲੇਮਾਨ ਆਪਣੇ ਪੁਰਖਿਆਂ ਦੇ ਨਾਲ ਸੌਂ ਗਿਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਰਹਬੁਆਮ ਉਸ ਦੇ ਥਾਂ ਰਾਜ ਕਰਨ ਲੱਗਾ।