10
1 ਹੇ ਭਰਾਵੋ, ਮੇਰੇ ਮਨ ਦੀ ਇੱਛਾ ਅਤੇ ਮੇਰੀ ਬੇਨਤੀ ਪਰਮੇਸ਼ੁਰ ਦੇ ਅੱਗੇ ਉਹਨਾਂ ਦੀ ਮੁਕਤੀ ਲਈ ਹੈ।
2 ਮੈਂ ਉਹਨਾਂ ਦੀ ਗਵਾਹੀ ਵੀ ਭਰਦਾ ਹਾਂ ਕਿ ਉਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ, ਪਰ ਸਮਝ ਨਾਲ ਨਹੀਂ।
3 ਕਿਉਂ ਜੋ ਪਰਮੇਸ਼ੁਰ ਦੀ ਧਾਰਮਿਕਤਾ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਾਰਮਿਕਤਾ ਨੂੰ ਦ੍ਰਿੜ੍ਹ ਕਰਨ ਦਾ ਜਤਨ ਕਰਕੇ ਉਹ ਪਰਮੇਸ਼ੁਰ ਦੀ ਧਾਰਮਿਕਤਾ ਦੇ ਅਧੀਨ ਨਾ ਹੋਏ।
4 ਕਿਉਂ ਜੋ ਧਾਰਮਿਕਤਾ ਲਈ ਮਸੀਹ ਹਰੇਕ ਵਿਸ਼ਵਾਸ ਕਰਨ ਵਾਲੇ ਦੇ ਲਈ ਬਿਵਸਥਾ ਦਾ ਅੰਤ ਹੈ।
ਸਾਰਿਆਂ ਦੇ ਲਈ ਮੁਕਤੀ
5 ਮੂਸਾ ਲਿਖਦਾ ਹੈ, ਕਿ ਜਿਹੜਾ ਮਨੁੱਖ ਉਸ ਬਿਵਸਥਾ ਅਨੁਸਾਰ ਧਾਰਮਿਕਤਾ ਨੂੰ ਪੂਰਾ ਕਰਦਾ ਹੈ, ਉਹ ਉਸੇ ਧਾਰਮਿਕਤਾ ਨਾਲ ਜੀਉਂਦਾ ਰਹੇਗਾ।
6 ਪਰ ਉਹ ਧਾਰਮਿਕਤਾ ਜੋ ਵਿਸ਼ਵਾਸ ਤੋਂ ਹੈ ਇਸ ਤਰ੍ਹਾਂ ਕਹਿੰਦਾ ਹੈ, ਜੋ ਆਪਣੇ ਮਨ ਵਿੱਚ ਇਹ ਨਾ ਆਖ ਕਿ ਅਕਾਸ਼ ਉੱਤੇ ਕੌਣ ਚੜ੍ਹੇਗਾ ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈ?
7 ਜਾਂ ਪਤਾਲ ਵਿੱਚ ਕੌਣ ਉਤਰੇਗਾ ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉੱਠਾ ਲਿਆਉਣ ਲਈ?
8 ਪਰ ਕੀ ਆਖਦਾ ਹੈ? ਬਚਨ ਤੇਰੇ ਕੋਲ ਅਤੇ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ, ਇਹ ਤਾਂ ਉਸ ਵਿਸ਼ਵਾਸ ਦਾ ਬਚਨ ਹੈ, ਜਿਹ ਦਾ ਅਸੀਂ ਪਰਚਾਰ ਕਰਦੇ ਹਾਂ।
9 ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਦਿਲ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ, ਤਾਂ ਤੂੰ ਜ਼ਰੂਰ ਬਚਾਇਆ ਜਾਵੇਂਗਾ।
10 ਧਾਰਮਿਕਤਾ ਦੇ ਲਈ ਤਾਂ ਦਿਲ ਨਾਲ ਵਿਸ਼ਵਾਸ ਕੀਤਾ ਜਾਂਦਾ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕੀਤਾ ਜਾਂਦਾ ਹੈ।
11 ਪਵਿੱਤਰ ਗ੍ਰੰਥ ਇਸ ਤਰ੍ਹਾਂ ਕਹਿੰਦਾ ਹੈ, ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ, ਉਹ ਸ਼ਰਮਿੰਦਾ ਨਾ ਹੋਵੇਗਾ।
12 ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਫ਼ਰਕ ਨਹੀਂ ਹੈ, ਇਸ ਲਈ ਜੋ ਉਹੀ ਪ੍ਰਭੂ ਸਭ ਦਾ ਪ੍ਰਭੂ ਹੈ ਅਤੇ ਉਨ੍ਹਾਂ ਸਾਰਿਆਂ ਲਈ ਜਿਹੜੇ ਉਹਦਾ ਨਾਮ ਲੈਂਦੇ ਹਨ ਵੱਡਾ ਦਾਤਾ ਹੈ।
13 ਕਿਉਂ ਜੋ ਹਰੇਕ ਜੋ ਪ੍ਰਭੂ ਦਾ ਨਾਮ ਲੈ ਕੇ ਪੁਕਾਰੇਗਾ, ਉਹ ਬਚਾਇਆ ਜਾਵੇਗਾ।
14 ਪਰ ਜਿਸ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ, ਉਹ ਉਸਦਾ ਨਾਮ ਕਿਵੇਂ ਲੈਣ? ਅਤੇ ਜਿਸ ਦੀ ਖ਼ਬਰ ਸੁਣੀ ਹੀ ਨਹੀਂ, ਉਸ ਉੱਤੇ ਵਿਸ਼ਵਾਸ ਕਿਵੇਂ ਕਰਨ? ਅਤੇ ਪ੍ਰਚਾਰਕ ਤੋਂ ਬਿਨ੍ਹਾਂ ਕਿਵੇਂ ਸੁਣਨ?
15 ਅਤੇ ਜੇ ਭੇਜੇ ਨਾ ਜਾਣ ਤਾਂ ਕਿਵੇਂ ਪਰਚਾਰ ਕਰਨ? ਜਿਵੇਂ ਲਿਖਿਆ ਹੋਇਆ ਹੈ, ਕਿ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ, ਉਹਨਾਂ ਦੇ ਪੈਰ ਕਿੰਨੇ ਸੋਹਣੇ ਹਨ!
16 ਪਰ ਸਭ ਨੇ ਇਸ ਖੁਸ਼ਖਬਰੀ ਨੂੰ ਨਹੀਂ ਮੰਨਿਆ ਕਿਉਂ ਜੋ ਯਸਾਯਾਹ ਕਹਿੰਦਾ ਹੈ, ਹੇ ਪ੍ਰਭੂ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ?
17 ਸੋ ਵਿਸ਼ਵਾਸ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ।
18 ਪਰ ਮੈਂ ਆਖਦਾ ਹਾਂ, ਭਲਾ, ਉਨ੍ਹਾਂ ਨੇ ਨਹੀਂ ਸੀ ਸੁਣਿਆ? ਬੇਸ਼ਕ! ਉਨ੍ਹਾਂ ਦੀ ਅਵਾਜ਼ ਸਾਰੀ ਧਰਤੀ ਵਿੱਚ ਗਈ, ਅਤੇ ਸੰਸਾਰ ਦੀਆਂ ਹੱਦਾਂ ਤੱਕ ਉਨ੍ਹਾਂ ਦੇ ਬੋਲ।
19 ਪਰ ਮੈਂ ਕਹਿੰਦਾ ਹਾਂ, ਕੀ ਇਸਰਾਏਲ ਨਹੀਂ ਸੀ ਜਾਣਦਾ? ਪਹਿਲਾਂ ਤਾਂ ਮੂਸਾ ਕਹਿੰਦਾ ਹੈ, ਮੈਂ ਉਹਨਾਂ ਤੋਂ ਜੋ ਕੌਮ ਨਹੀਂ ਹੈ, ਤੁਹਾਨੂੰ ਈਰਖਾ ਕਰਾਵਾਂਗਾ, ਮੈਂ ਇੱਕ ਮੂਰਖ ਕੌਮ ਦੇ ਦੁਆਰਾ ਤੁਹਾਨੂੰ ਗੁੱਸਾ ਦੁਆਵਾਂਗਾ।
20 ਫੇਰ ਯਸਾਯਾਹ ਵੱਡੀ ਦਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ, ਉਹਨਾਂ ਨੇ ਮੈਨੂੰ ਪਾ ਲਿਆ, ਅਤੇ ਜਿਨ੍ਹਾਂ ਨੇ ਮੈਨੂੰ ਨਾ ਪੁੱਛਿਆ, ਮੈਂ ਉਹਨਾਂ ਉੱਤੇ ਪਰਗਟ ਹੋਇਆ।
21 ਪਰ ਇਸਰਾਏਲ ਦੇ ਬਾਰੇ ਉਹ ਕਹਿੰਦਾ ਹੈ, ਮੈਂ ਇੱਕ ਅਣ-ਆਗਿਆਕਾਰੀ ਅਤੇ ਵਿਵਾਦ ਕਰਨ ਵਾਲੀ ਪਰਜਾ ਵੱਲ ਸਾਰਾ ਦਿਨ ਆਪਣੇ ਹੱਥ ਪਸਾਰੇ ਰਿਹਾ।