26
ਦਾਊਦ ਦੁਬਾਰਾ ਫਿਰ ਸ਼ਾਊਲ ਉੱਤੇ ਹੱਥ ਨਹੀਂ ਉਠਾਉਂਦਾ
1 ਜ਼ੀਫੀ ਲੋਕ ਗਿਬਆਹ ਨੂੰ ਸ਼ਾਊਲ ਕੋਲ ਆਣ ਕੇ ਬੋਲੇ, ਕੀ, ਦਾਊਦ ਹਕੀਲਾਹ ਦੇ ਪਰਬਤ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਲੁਕਿਆ ਨਹੀਂ ਰਹਿੰਦਾ?
2 ਸੋ ਸ਼ਾਊਲ ਉੱਠਿਆ ਅਤੇ ਤਿੰਨ ਹਜ਼ਾਰ ਚੁਣਵੇਂ ਇਸਰਾਏਲੀ ਜੁਆਨ ਆਪਣੇ ਨਾਲ ਲੈ ਕੇ ਜ਼ੀਫ ਦੀ ਉਜਾੜ ਵਿੱਚ ਦਾਊਦ ਨੂੰ ਭਾਲਣ ਉਤਰਿਆ।
3 ਸ਼ਾਊਲ ਨੇ ਹਕੀਲਾਹ ਦੇ ਪਰਬਤ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਰਾਹ ਉੱਤੇ ਡੇਰੇ ਲਾਏ ਪਰ ਦਾਊਦ ਉਜਾੜ ਦੇ ਵਿੱਚ ਠਹਿਰਿਆ ਸੋ ਉਸ ਨੇ ਵੇਖਿਆ ਜੋ ਸ਼ਾਊਲ ਮੇਰੇ ਮਗਰੇ ਮਗਰ ਉਜਾੜ ਵਿੱਚ ਤੁਰਿਆ ਆਉਂਦਾ ਹੈ।
4 ਤਾਂ ਦਾਊਦ ਨੇ ਭੇਤੀਆਂ ਨੂੰ ਭੇਜਿਆ ਅਤੇ ਜਾਣਿਆ ਜੋ ਸ਼ਾਊਲ ਸੱਚ-ਮੁੱਚ ਆਇਆ ਹੈ।
5 ਤਦ ਦਾਊਦ ਉੱਠ ਕੇ ਸ਼ਾਊਲ ਦੇ ਡੇਰਿਆਂ ਕੋਲ ਆਇਆ, ਦਾਊਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮਾ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤਰ ਅਬਨੇਰ ਵੀ ਜੋ ਉਹ ਦਾ ਸੈਨਾਪਤੀ ਸੀ ਵੇਖਿਆ ਅਤੇ ਸ਼ਾਊਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਲੋਕਾਂ ਨੇ ਉਹ ਦੇ ਆਲੇ-ਦੁਆਲੇ ਡੇਰੇ ਲਾਏ ਹੋਏ ਸਨ।
6 ਤਦ ਦਾਊਦ ਨੇ ਹਿੱਤੀ ਅਹੀਮਲਕ ਅਤੇ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਜੋ ਯੋਆਬ ਦਾ ਭਰਾ ਸੀ ਆਖਿਆ, ਸ਼ਾਊਲ ਦੇ ਡੇਰਿਆਂ ਵੱਲ ਮੇਰੇ ਨਾਲ ਕੌਣ ਉਤਰੇਗਾ? ਅਬੀਸ਼ਈ ਬੋਲਿਆ, ਤੁਹਾਡੇ ਨਾਲ ਮੈਂ ਉਤਰਾਂਗਾ।
7 ਸੋ ਦਾਊਦ ਅਤੇ ਅਬੀਸ਼ਈ ਰਾਤ ਨੂੰ ਉਨ੍ਹਾਂ ਲੋਕਾਂ ਵਿੱਚ ਜਾ ਪਏ ਅਤੇ ਵੇਖੋ, ਉਸ ਵੇਲੇ ਸ਼ਾਊਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਉਹ ਦੀ ਬਰਛੀ ਉਹ ਦੀ ਸਿਰਹਾਣੇ ਧਰਤੀ ਵਿੱਚ ਗੱਡੀ ਹੋਈ ਸੀ ਅਤੇ ਅਬਨੇਰ ਅਤੇ ਸਿਪਾਹੀ ਉਹ ਦੇ ਉਦਾਲੇ ਪਏ ਹੋਏ ਸਨ।
8 ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਕਰ ਦਿੱਤਾ। ਜੇ ਹੁਣ ਆਗਿਆ ਕਰੋ ਤਾਂ ਮੈਂ ਉਹ ਨੂੰ ਬਰਛੀ ਦਾ ਇੱਕੋ ਵਾਰ ਮਾਰ ਕੇ ਧਰਤੀ ਨਾਲ ਵਿੰਨ੍ਹਾਂ ਅਤੇ ਮੈਂ ਉਹ ਨੂੰ ਦੂਜੀ ਵਾਰ ਨਾ ਮਾਰਾਂਗਾ!
9 ਪਰ ਦਾਊਦ ਨੇ ਅਬੀਸ਼ਈ ਨੂੰ ਆਖਿਆ, ਉਹ ਨੂੰ ਨਾ ਮਾਰ ਕਿਉਂ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ?
10 ਦਾਊਦ ਨੇ ਇਹ ਵੀ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ, ਜਾਂ ਤਾਂ ਉਹ ਨੂੰ ਯਹੋਵਾਹ ਆਪ ਮਾਰੇਗਾ ਉਹ ਦੇ ਮਰਨ ਦਾ ਦਿਨ ਆਵੇਗਾ ਜਾਂ ਉਹ ਲੜਾਈ ਵਿੱਚ ਜਾ ਕੇ ਮਾਰਿਆ ਜਾਵੇਗਾ।
11 ਪਰ ਯਹੋਵਾਹ ਨਾ ਕਰੇ ਜੋ ਮੈਂ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਹੱਥ ਚਲਾਵਾਂ ਪਰ ਤੂੰ ਉਸ ਦੇ ਸਿਰਹਾਣੇ ਇਹ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਚੁੱਕ ਲੈ ਅਤੇ ਅਸੀਂ ਤੁਰ ਪਈਏ।
12 ਸੋ ਦਾਊਦ ਨੇ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਸ਼ਾਊਲ ਦੇ ਸਿਰਹਾਣੇ ਤੋਂ ਲੈ ਲਿਆ ਅਤੇ ਉਹ ਤੁਰ ਗਏ ਅਤੇ ਕਿਸੇ ਮਨੁੱਖ ਨੇ ਵੀ ਇਹ ਨਾ ਵੇਖਿਆ ਅਤੇ ਨਾ ਹੀ ਜਾਣਿਆ ਅਤੇ ਕੋਈ ਨਾ ਜਾਗਿਆ ਕਿਉਂ ਜੋ ਉਹ ਸਭ ਸੁੱਤੇ ਪਏ ਸਨ ਇਸ ਕਰਕੇ ਜੋ ਯਹੋਵਾਹ ਵੱਲੋਂ ਉਨ੍ਹਾਂ ਉੱਤੇ ਘੂਕ ਨੀਂਦ ਆਈ ਹੋਈ ਸੀ।
13 ਫੇਰ ਦਾਊਦ ਪਰਲੇ ਪਾਸੇ ਲੰਘ ਕੇ ਦੂਰ ਇੱਕ ਪਰਬਤ ਦੀ ਟੀਸੀ ਉੱਤੇ ਜਾ ਖੜ੍ਹਾ ਹੋਇਆ ਅਤੇ ਉਨ੍ਹਾਂ ਦੇ ਵਿੱਚਕਾਰ ਵੱਡੀ ਵਿੱਥ ਸੀ
14 ਦਾਊਦ ਨੇ ਲੋਕਾਂ ਵੱਲ ਅਤੇ ਨੇਰ ਦੇ ਪੁੱਤਰ ਅਬਨੇਰ ਵੱਲ ਹਾਕਾਂ ਮਾਰ ਕੇ ਆਖਿਆ, ਹੇ ਅਬੀਨੇਰ ਉੱਤਰ ਨਹੀਂ ਦਿੰਦਾ? ਤਦ ਅਬਨੇਰ ਨੇ ਉੱਤਰ ਦੇ ਕੇ ਆਖਿਆ, ਤੂੰ ਕੌਣ ਹੈਂ ਜੋ ਰਾਜਾ ਨੂੰ ਹਾਕਾਂ ਮਾਰਦਾ ਹੈਂ?
15 ਤਦ ਦਾਊਦ ਨੇ ਅਬਨੇਰ ਨੂੰ ਆਖਿਆ, ਭਲਾ, ਤੂੰ ਵੱਡਾ ਸੂਰਮਾ ਨਹੀਂ ਅਤੇ ਇਸਰਾਏਲ ਵਿੱਚ ਤੇਰੇ ਸਮਾਨ ਕੌਣ ਹੈ? ਫੇਰ ਕੀ ਹੋਇਆ ਜੋ ਤੂੰ ਆਪਣੇ ਸੁਆਮੀ ਰਾਜਾ ਦੀ ਰਾਖੀ ਨਹੀਂ ਕੀਤੀ? ਕਿਉਂ ਜੋ ਲੋਕਾਂ ਵਿੱਚੋਂ ਇੱਕ ਜਣਾ ਤੇਰੇ ਮਾਲਕ ਰਾਜਾ ਦੇ ਮਾਰਨ ਨੂੰ ਵੜ ਗਿਆ ਸੀ
16 ਸੋ ਇਹ ਕੰਮ ਤਾਂ ਤੂੰ ਕੁਝ ਚੰਗਾ ਨਹੀਂ ਕੀਤਾ। ਜਿਉਂਦੇ ਯਹੋਵਾਹ ਦੀ ਸਹੁੰ, ਤੁਸੀਂ ਵੱਢੇ ਜਾਣ ਦੇ ਯੋਗ ਹੋ ਕਿਉਂ ਜੋ ਤੁਸੀਂ ਆਪਣੇ ਮਾਲਕ ਦੀ ਜੋ ਯਹੋਵਾਹ ਦਾ ਅਭਿਸ਼ੇਕ ਹੋਇਆ ਹੈ ਰਾਖੀ ਨਹੀਂ ਕੀਤੀ ਅਤੇ ਹੁਣ ਵੇਖੋ, ਰਾਜਾ ਦੀ ਬਰਛੀ ਅਤੇ ਪਾਣੀ ਦੀ ਗੜਵੀ ਜੋ ਉਹ ਦੇ ਸਿਰਹਾਣੇ ਕੋਲ ਸੀ ਕਿੱਥੇ ਹੈ?
17 ਤਦ ਸ਼ਾਊਲ ਨੇ ਦਾਊਦ ਦੀ ਅਵਾਜ਼ ਪਹਿਚਾਣ ਕੇ ਆਖਿਆ, ਹੇ ਮੇਰੇ ਪੁੱਤਰ ਦਾਊਦ, ਇਹ ਤੇਰੀ ਅਵਾਜ਼ ਹੈ? ਦਾਊਦ ਬੋਲਿਆ ਜੀ, ਮੇਰੇ ਮਹਾਰਾਜ ਅਤੇ ਰਾਜਾ, ਇਹ ਮੇਰੀ ਹੀ ਅਵਾਜ਼ ਹੈ
18 ਤਾਂ ਉਸ ਨੇ ਆਖਿਆ, ਮੇਰਾ ਮਹਾਰਾਜ ਆਪਣੇ ਸੇਵਕ ਦੇ ਪਿਛੇ ਇਸ ਤਰ੍ਹਾਂ ਕਾਹਨੂੰ ਲੱਗਾ ਹੋਇਆ ਹੈ? ਮੈਂ ਕੀ ਕੀਤਾ ਹੈ ਅਤੇ ਮੇਰੇ ਹੱਥ ਵਿੱਚ ਕੀ ਖੋਟ ਹੈ?
19 ਸੋ ਹੁਣ ਹੇ ਮਹਾਰਾਜ ਰਾਜਾ, ਆਪਣੇ ਸੇਵਕ ਦੀ ਸੁਣ। ਜੇ ਕਦੀ ਯਹੋਵਾਹ ਨੇ ਮੇਰੇ ਵਿਰੁੱਧ ਤੈਨੂੰ ਉਕਸਾਇਆ ਹੋਵੇ ਤਾਂ ਉਹ ਭੇਟ ਮੰਨ ਲਵੇ ਅਤੇ ਜੇ ਕਦੀ ਮਨੁੱਖਾਂ ਨੇ ਅਜਿਹਾ ਕੀਤਾ ਹੋਵੇ ਤਾਂ ਯਹੋਵਾਹ ਦੇ ਅੱਗੋਂ ਉਨ੍ਹਾਂ ਉੱਤੇ ਸਰਾਪ ਹੋਵੇ ਕਿਉਂ ਜੋ ਅੱਜ ਉਨ੍ਹਾਂ ਨੇ ਯਹੋਵਾਹ ਦੀ ਦਿੱਤੀ ਹੋਈ ਮਿਲਖ਼ ਵਿੱਚ ਰਹਿਣ ਤੋਂ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਆਖਦੇ ਹਨ, ਜਾ, ਹੋਰਨਾਂ ਦੇਵਤਿਆਂ ਦੀ ਪੂਜਾ ਕਰ
20 ਸੋ ਹੁਣ ਯਹੋਵਾਹ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ ਕਿਉਂ ਜੋ ਇਸਰਾਏਲ ਦਾ ਰਾਜਾ ਇੱਕ ਪਿੱਸੂ ਲੱਭਣ ਨੂੰ ਨਿੱਕਲਿਆ ਹੈ ਜਿਵੇਂ ਕੋਈ ਪਹਾੜਾਂ ਉੱਤੇ ਤਿੱਤਰ ਦਾ ਸ਼ਿਕਾਰ ਖੇਡਦਾ ਹੈ।
21 ਤਦ ਸ਼ਾਊਲ ਨੇ ਆਖਿਆ, ਮੈਂ ਪਾਪ ਕੀਤਾ, ਹੇ ਮੇਰੇ ਪੁੱਤਰ ਦਾਊਦ, ਮੁੜ ਆ ਕਿਉਂ ਜੋ ਮੈਂ ਤੈਨੂੰ ਫੇਰ ਨਾ ਦੁਖਾਵਾਂਗਾ, ਅੱਜ ਜੋ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਕੀਮਤੀ ਹੋਈ। ਵੇਖ, ਮੈਂ ਮੂਰਖ ਬਣਿਆ ਅਤੇ ਵੱਡੀ ਭੁੱਲ ਕੀਤੀ!
22 ਦਾਊਦ ਨੇ ਉੱਤਰ ਦੇ ਕੇ ਆਖਿਆ, ਵੇਖ, ਰਾਜਾ ਦੀ ਬਰਛੀ ਹੈ ਸੋ ਜੁਆਨਾਂ ਵਿੱਚੋਂ ਕੋਈ ਆਣ ਕੇ ਉਹ ਨੂੰ ਲੈ ਜਾਵੇ
23 ਅਤੇ ਯਹੋਵਾਹ ਸਾਰੇ ਮਨੁੱਖਾਂ ਨੂੰ ਆਪੋ-ਆਪਣੀ ਨੀਤ ਅਤੇ ਭਲਮਾਣਸੀ ਦੇ ਅਨੁਸਾਰ ਫਲ ਦੇਵੇ ਕਿਉਂ ਜੋ ਯਹੋਵਾਹ ਨੇ ਤੈਨੂੰ ਅੱਜ ਮੇਰੇ ਹੱਥ ਵਿੱਚ ਸੌਂਪ ਦਿੱਤਾ ਪਰ ਮੈਂ ਨਹੀਂ ਚਾਹਿਆ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਹੱਥ ਚਲਾਵਾਂ
24 ਵੇਖ, ਜਿਵੇਂ ਤੇਰੀ ਜਾਨ ਮੇਰੀਆਂ ਅੱਖੀਆਂ ਵਿੱਚ ਅੱਜ ਦੁਰਲੱਭ ਦਿੱਸੀ ਹੈ ਤੇਹੀ ਹੀ ਮੇਰੀ ਜਿੰਦ ਯਹੋਵਾਹ ਦੀ ਨਿਗਾਹ ਵਿੱਚ ਕੀਮਤ ਹੋਵੇ ਅਤੇ ਉਹ ਮੈਨੂੰ ਸਾਰਿਆਂ ਦੁੱਖਾਂ ਵਿੱਚੋਂ ਛੁਟਕਾਰਾ ਦੇਵੇ
25 ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਮੁਬਾਰਕ ਹੈ ਤੂੰ, ਹੇ ਮੇਰੇ ਪੁੱਤਰ ਦਾਊਦ ਤੂੰ ਵੱਡੇ-ਵੱਡੇ ਕੰਮ ਕਰੇਂਗਾ ਅਤੇ ਤੂੰ ਭਾਗਵਾਨ ਵੀ ਹੋਵੇਂਗਾ। ਸੋ ਦਾਊਦ ਆਪਣੇ ਰਾਹ ਤੁਰ ਗਿਆ ਅਤੇ ਸ਼ਾਊਲ ਆਪਣੇ ਥਾਂ ਨੂੰ ਮੁੜ ਗਿਆ।