11
ਦਾਊਦ ਅਤੇ ਬਥ-ਸ਼ਬਾ
1 ਜਦ ਸਾਲ ਦੇ ਅਰੰਭ ਦੇ ਦਿਨ ਆ ਗਏ, ਜਦੋਂ ਰਾਜੇ ਯੁੱਧ ਕਰਨ ਨੂੰ ਬਾਹਰ ਨਿੱਕਲਦੇ ਹਨ ਤਾਂ ਦਾਊਦ ਨੇ ਯੋਆਬ ਅਤੇ ਉਹ ਦੇ ਨਾਲ ਆਪਣੇ ਸੇਵਕਾਂ ਅਤੇ ਸਾਰੇ ਇਸਰਾਏਲ ਨੂੰ ਭੇਜਿਆ ਅਤੇ ਉਨ੍ਹਾਂ ਨੇ ਅੰਮੋਨੀਆਂ ਨੂੰ ਤਬਾਹ ਕਰ ਸੁੱਟਿਆ ਅਤੇ ਰੱਬਾਹ ਨੂੰ ਚਾਰੋਂ ਪਾਸਿਓਂ ਘੇਰ ਲਿਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ।
2 ਇੱਕ ਦਿਨ ਸ਼ਾਮ ਦੇ ਵੇਲੇ ਅਜਿਹਾ ਹੋਇਆ ਕਿ ਦਾਊਦ ਆਪਣੇ ਮੰਜੇ ਉੱਤੋਂ ਉੱਠ ਕੇ ਸ਼ਾਹੀ ਮਹਿਲ ਦੀ ਛੱਤ ਉੱਤੇ ਤੁਰਨ ਫਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਇਸਤਰੀ ਨੂੰ ਨਹਾਉਂਦੇ ਦੇਖਿਆ ਅਤੇ ਉਹ ਇਸਤਰੀ ਵੇਖਣ ਵਿੱਚ ਬਹੁਤ ਸੋਹਣੀ ਸੀ।
3 ਤਦ ਦਾਊਦ ਨੇ ਉਸ ਇਸਤਰੀ ਦਾ ਪਤਾ ਕਰਨ ਲਈ ਸੇਵਕਾਂ ਨੂੰ ਭੇਜਿਆ। ਉਨ੍ਹਾਂ ਨੇ ਆਖਿਆ, ਭਲਾ, ਉਹ ਅਲੀਆਮ ਦੀ ਧੀ ਬਥ-ਸ਼ਬਾ ਹਿੱਤੀ ਊਰਿੱਯਾਹ ਦੀ ਇਸਤਰੀ ਨਹੀਂ?
4 ਦਾਊਦ ਨੇ ਉਸ ਇਸਤਰੀ ਨੂੰ ਬੁਲਵਾ ਲਿਆ ਇਸ ਲਈ ਉਹ ਉਸ ਦੇ ਕੋਲ ਆਈ ਅਤੇ ਉਸ ਨੇ ਉਹ ਦੇ ਨਾਲ ਸੰਗ ਕੀਤਾ ਕਿਉਂ ਜੋ ਉਹ ਆਪਣੀ ਅਸ਼ੁੱਧਤਾਈ ਤੋਂ ਸ਼ੁੱਧ ਹੋਈ ਸੀ ਤਾਂ ਉਹ ਆਪਣੇ ਘਰ ਚੱਲੀ ਗਈ।
5 ਉਹ ਇਸਤਰੀ ਗਰਭਵਤੀ ਹੋ ਗਈ ਸੋ ਉਸ ਨੇ ਦਾਊਦ ਕੋਲ ਸੁਨੇਹਾ ਭੇਜਿਆ ਕਿ ਮੈਂ ਗਰਭਵਤੀ ਹਾਂ।
6 ਦਾਊਦ ਨੇ ਯੋਆਬ ਨੂੰ ਸੁਨੇਹਾ ਭੇਜਿਆ ਕਿ ਹਿੱਤੀ ਊਰਿੱਯਾਹ ਨੂੰ ਮੇਰੇ ਕੋਲ ਭੇਜ ਸੋ ਯੋਆਬ ਨੇ ਊਰਿੱਯਾਹ ਨੂੰ ਦਾਊਦ ਕੋਲ ਭੇਜਿਆ।
7 ਜਦ ਊਰਿੱਯਾਹ ਆਇਆ ਤਾਂ ਦਾਊਦ ਨੇ ਪੁੱਛਿਆ, ਉਸ ਤੋਂ ਯੋਆਬ ਦੇ ਵਿਖੇ, ਸੈਨਾਂ ਦੇ ਵਿਖੇ ਅਤੇ ਯੁੱਧ ਦੇ ਹਲਾਤ ਬਾਰੇ ਪੁੱਛਿਆ?
8 ਫਿਰ ਦਾਊਦ ਨੇ ਊਰਿੱਯਾਹ ਨੂੰ ਆਖਿਆ, ਜਾ ਆਪਣੇ ਘਰ ਪੈਰ ਧੋ। ਊਰਿੱਯਾਹ ਜਦ ਰਾਜੇ ਦੇ ਮਹਿਲ ਤੋਂ ਨਿੱਕਲਿਆ ਤਾਂ ਰਾਜੇ ਵੱਲੋਂ ਉਹ ਦੇ ਪਿੱਛੇ ਕੁਝ ਤੋਹਫ਼ੇ ਭੇਜੇ ਗਏ।
9 ਇਸ ਲਈ ਊਰਿੱਯਾਹ ਰਾਜਾ ਦੇ ਮਹਿਲ ਦੇ ਬੂਹੇ ਉੱਤੇ ਆਪਣੇ ਮਾਲਕ ਦੇ ਸੇਵਕਾਂ ਨਾਲ ਸੌਂ ਗਿਆ ਅਤੇ ਆਪਣੇ ਘਰ ਨਾ ਗਿਆ।
10 ਜਦ ਉਨ੍ਹਾਂ ਨੇ ਦਾਊਦ ਨੂੰ ਖ਼ਬਰ ਦਿੱਤੀ ਕਿ ਊਰਿੱਯਾਹ ਆਪਣੇ ਘਰ ਨਹੀਂ ਗਿਆ ਤਾਂ ਦਾਊਦ ਨੇ ਊਰਿੱਯਾਹ ਨੂੰ ਆਖਿਆ, ਭਲਾ, ਤੂੰ ਸਫ਼ਰ ਕਰ ਕੇ ਨਹੀਂ ਆਇਆ ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ?
11 ਤਦ ਊਰਿੱਯਾਹ ਨੇ ਦਾਊਦ ਨੂੰ ਆਖਿਆ, ਸੰਦੂਕ ਅਤੇ ਇਸਰਾਏਲ ਅਤੇ ਯਹੂਦਾਹ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਮੇਰਾ ਮਾਲਕ ਯੋਆਬ ਅਤੇ ਮੇਰੇ ਮਹਾਰਾਜ ਦੇ ਦਾਸ ਖੁੱਲ੍ਹੇ ਮੈਦਾਨ ਵਿੱਚ ਪਏ ਹੋਏ ਹਨ, ਫਿਰ ਮੈਂ ਕਿਵੇਂ ਆਪਣੇ ਘਰ ਵਿੱਚ ਜਾ ਕੇ ਖਾਵਾਂ-ਪੀਵਾਂ ਅਤੇ ਆਪਣੀ ਇਸਤਰੀ ਨਾਲ ਸੌਂ ਜਾਂਵਾਂ? ਤੇਰੀ ਜਾਨ ਅਤੇ ਤੇਰੇ ਪ੍ਰਾਣ ਦੀ ਸਹੁੰ ਮੈਂ ਅਜਿਹਾ ਕਦੀ ਨਾ ਕਰਾਂਗਾ!
12 ਫਿਰ ਦਾਊਦ ਨੇ ਊਰਿੱਯਾਹ ਨੂੰ ਆਖਿਆ, ਅੱਜ ਵੀ ਏਥੇ ਰਹਿ ਅਤੇ ਸਵੇਰੇ ਮੈਂ ਤੈਨੂੰ ਵਿਦਾ ਕਰਾਂਗਾ। ਸੋ ਊਰਿੱਯਾਹ ਉਸ ਦਿਨ ਅਤੇ ਦੂਜੇ ਦਿਨ ਵੀ ਯਰੂਸ਼ਲਮ ਵਿੱਚ ਹੀ ਠਹਿਰ ਗਿਆ।
13 ਤਦ ਦਾਊਦ ਨੇ ਉਹ ਨੂੰ ਸੱਦਿਆ ਤਾਂ ਉਹ ਨੇ ਉਸ ਦੇ ਅੱਗੇ ਖਾਧਾ ਅਤੇ ਪੀਤਾ ਅਤੇ ਉਸ ਨੇ ਉਹ ਨੂੰ ਮਤਵਾਲਾ ਕੀਤਾ ਅਤੇ ਉਹ ਸ਼ਾਮ ਨੂੰ ਬਾਹਰ ਜਾ ਕੇ ਆਪਣੇ ਮਾਲਕ ਦੇ ਸੇਵਕਾਂ ਦੇ ਨਾਲ ਮੰਜੇ ਉੱਤੇ ਸੁੱਤਾ ਰਿਹਾ, ਪਰ ਆਪਣੇ ਘਰ ਨਾ ਗਿਆ।
14 ਸਵੇਰ ਨੂੰ ਦਾਊਦ ਨੇ ਯੋਆਬ ਦੇ ਲਈ ਚਿੱਠੀ ਲਿਖੀ ਅਤੇ ਊਰਿੱਯਾਹ ਦੇ ਹੱਥੀਂ ਉਹ ਨੂੰ ਭੇਜੀ।
15 ਅਤੇ ਉਸ ਨੇ ਚਿੱਠੀ ਵਿੱਚ ਇਹ ਲਿਖਿਆ ਕਿ ਊਰਿੱਯਾਹ ਨੂੰ ਡਾਢੀ ਲੜਾਈ ਦੇ ਵੇਲੇ ਅੱਗੇ ਰੱਖਿਓ ਅਤੇ ਉਹ ਦੇ ਕੋਲੋਂ ਪਿੱਛੇ ਹੱਟ ਜਾਇਓ ਤਾਂ ਜੋ ਉਹ ਮਾਰਿਆ ਜਾਵੇ।
16 ਤਦ ਅਜਿਹਾ ਹੋਇਆ ਕਿ ਯੋਆਬ ਨੇ ਸ਼ਹਿਰ ਨੂੰ ਚੰਗੀ ਤਰ੍ਹਾਂ ਵੇਖਿਆ ਅਤੇ ਉਸ ਨੇ ਊਰਿੱਯਾਹ ਨੂੰ ਅਜਿਹੇ ਥਾਂ ਵਿੱਚ ਠਹਿਰਾ ਦਿੱਤਾ ਜਿੱਥੇ ਉਸ ਨੇ ਜਾਣਿਆ ਕਿ ਉੱਥੇ ਸੂਰਮੇ ਹਨ।
17 ਤਦ ਉਸ ਸ਼ਹਿਰ ਦੇ ਲੋਕ ਨਿੱਕਲੇ ਅਤੇ ਯੋਆਬ ਦੇ ਨਾਲ ਲੜਾਈ ਕੀਤੀ ਅਤੇ ਉੱਥੇ ਦਾਊਦ ਦੇ ਸੇਵਕਾਂ ਵਿੱਚੋਂ ਕਈ ਡਿੱਗ ਪਏ ਅਤੇ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ
18 ਤਦ ਯੋਆਬ ਨੇ ਸੁਨੇਹਾ ਦੇਣ ਵਾਲੇ ਭੇਜ ਕੇ ਲੜਾਈ ਦੀ ਸਾਰੀ ਖ਼ਬਰ ਦਾਊਦ ਨੂੰ ਦੱਸੀ।
19 ਉਸ ਨੂੰ ਇਸ ਤਰ੍ਹਾਂ ਸਮਝਾ ਕੇ ਆਖਿਆ, ਜਦ ਤੂੰ ਰਾਜਾ ਨੂੰ ਲੜਾਈ ਦੀ ਗੱਲ ਸੁਣਾ ਦੇਵੇਂ।
20 ਜੇਕਰ ਅਜਿਹਾ ਹੋਵੇ ਕਿ ਰਾਜੇ ਦਾ ਕ੍ਰੋਧ ਭੜਕੇ ਅਤੇ ਉਹ ਤੈਨੂੰ ਆਖੇ ਕਿ ਜਦ ਤੁਸੀਂ ਲੜਨ ਨੂੰ ਗਏ ਤਾਂ ਸ਼ਹਿਰ ਦੇ ਇਨ੍ਹਾਂ ਨੇੜੇ ਕਿਉਂ ਗਏ? ਭਲਾ ਤੁਸੀਂ ਨਹੀਂ ਜਾਣਦੇ ਸੀ ਜੋ ਉਹ ਕੰਧ ਉੱਤੋਂ ਦੀ ਤੀਰ ਚਲਾਉਣਗੇ?
21 ਯਰੂਬਸ਼ਥ ਦੇ ਪੁੱਤਰ ਅਬੀਮਲਕ ਨੂੰ ਕਿਸ ਨੇ ਮਾਰਿਆ? ਕੀ, ਇੱਕ ਇਸਤਰੀ ਨੇ ਚੱਕੀ ਦਾ ਉੱਪਰਲਾ ਹਿੱਸਾ ਉਹ ਦੇ ਉੱਤੇ ਕੱਢ ਕਿ ਮਾਰਿਆ ਜੋ ਉਹ ਤੇਬੇਸ ਵਿੱਚ ਮਰ ਗਿਆ? ਸੋ ਤੁਸੀਂ ਸ਼ਹਿਰ ਦੀ ਕੰਧ ਹੇਠ ਕਿਉਂ ਗਏ ਸੀ? ਤਦ ਆਖਿਓ, ਜੋ ਤੇਰਾ ਸੇਵਕ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ।
22 ਸੋ ਦੂਤ ਚਲਾ ਗਿਆ ਅਤੇ ਜੋ ਕੁਝ ਯੋਆਬ ਨੇ ਆਖਿਆ ਸੀ ਸੋ ਦਾਊਦ ਨੂੰ ਆਖ ਸੁਣਾਇਆ।
23 ਅਤੇ ਦੂਤ ਨੇ ਦਾਊਦ ਨੂੰ ਆਖਿਆ ਕਿ ਸੱਚ-ਮੁੱਚ ਲੋਕ ਸਾਡੇ ਉੱਤੇ ਭਾਰੀ ਪੈ ਗਏ ਅਤੇ ਉਹ ਮੈਦਾਨ ਵਿੱਚ ਸਾਡੇ ਕੋਲ ਆਏ ਸੋ ਅਸੀਂ ਉਨ੍ਹਾਂ ਨੂੰ ਫਾਟਕ ਤੱਕ ਮਾਰਦੇ ਗਏ।
24 ਤਦ ਤੀਰ-ਅੰਦਾਜ਼ਾਂ ਨੇ ਕੰਧ ਉੱਤੇ ਦੀ ਤੁਹਾਡੇ ਲੋਕਾਂ ਤੇ ਨਿਸ਼ਾਨਾ ਲਾਇਆ। ਰਾਜਾ ਦੇ ਕਈ ਸਿਪਾਹੀ ਮਰ ਗਏ ਅਤੇ ਤੁਹਾਡਾ ਸੇਵਕ ਹਿੱਤੀ ਊਰਿੱਯਾਹ ਵੀ ਮਰ ਗਿਆ।
25 ਸੋ ਦਾਊਦ ਨੇ ਦੂਤ ਨੂੰ ਆਖਿਆ, ਕਿ ਯੋਆਬ ਨੂੰ ਜਾ ਕੇ ਇਸ ਤਰ੍ਹਾਂ ਆਖ ਜੋ ਇਹ ਗੱਲ ਤੈਨੂੰ ਬੁਰੀ ਨਾ ਲੱਗੇ ਕਿਉਂ ਜੋ ਤਲਵਾਰ ਹਰੇਕ ਨੂੰ ਇੱਕੋ ਜਿਹਾ ਵੱਢਦੀ ਹੈ। ਤੂੰ ਸ਼ਹਿਰ ਦੇ ਵਿਰੁੱਧ ਦਲੇਰੀ ਨਾਲ ਲੜਾਈ ਕਰ ਅਤੇ ਉਹ ਨੂੰ ਢਾਹ ਦੇਹ। ਸੋ ਤੂੰ ਉਹ ਨੂੰ ਹੋਂਸਲਾ ਦੇਵੀਂ।
26 ਜਦ ਊਰਿੱਯਾਹ ਦੀ ਪਤਨੀ ਨੇ ਆਪਣੇ ਪਤੀ ਦੀ ਮੌਤ ਬਾਰੇ ਜਾਣਿਆ ਤਦ ਉਹ ਅਫ਼ਸੋਸ ਵਿੱਚ ਬੈਠੀ।
27 ਅਤੇ ਜਦ ਵਿਰਲਾਪ ਦੇ ਦਿਨ ਲੰਘ ਗਏ ਤਾਂ ਦਾਊਦ ਨੇ ਉਸ ਨੂੰ ਆਪਣੇ ਮਹਿਲ ਵਿੱਚ ਸੱਦਿਆ ਅਤੇ ਉਹ ਉਸ ਦੀ ਪਤਨੀ ਬਣੀ ਅਤੇ ਉਹ ਨੇ ਉਸ ਦੇ ਲਈ ਪੁੱਤਰ ਨੂੰ ਜਨਮ ਦਿੱਤਾ ਪਰ ਜੋ ਕੰਮ ਦਾਊਦ ਨੇ ਕੀਤਾ ਸੋ ਯਹੋਵਾਹ ਨੂੰ ਬੁਰਾ ਲੱਗਾ।