4
ਝੂਠੇ ਗੁਰੂ
1 ਪਰ ਆਤਮਾ ਸਪੱਸ਼ਟ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਮਨ ਲਾ ਕੇ, ਵਿਸ਼ਵਾਸ ਤੋਂ ਮੁੜ ਜਾਣਗੇ।
2 ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ, ਜਿੰਨ੍ਹਾ ਦਾ ਆਪਣਾ ਹੀ ਵਿਵੇਕ ਗਰਮ ਲੋਹੇ ਨਾਲ ਦਾਗਿਆ ਹੋਇਆ ਹੈ।
3 ਜਿਹੜੇ ਵਿਆਹ ਕਰਨ ਤੋਂ ਰੋਕਦੇ, ਜੋ ਪਰਮੇਸ਼ੁਰ ਦੇ ਉਤਪਤ ਕੀਤੇ ਭੋਜਨਾਂ ਨੂੰ ਖਾਣ ਤੋਂ ਮਨਾ ਕਰਦੇ ਹਨ, ਪਰ ਵਿਸ਼ਵਾਸ ਕਰਨ ਵਾਲੇ ਅਤੇ ਸਚਿਆਈ ਦੇ ਜਾਣਨ ਵਾਲੇ ਧੰਨਵਾਦ ਸਹਿਤ ਸਵੀਕਾਰ ਕਰਨ।
4 ਕਿਉਂ ਜੋ ਪਰਮੇਸ਼ੁਰ ਦੀ ਰਚੀ ਹੋਈ ਹਰੇਕ ਰਚਨਾ ਚੰਗੀ ਹੈ, ਅਤੇ ਕੋਈ ਵੀ ਤਿਆਗਣ ਦੇ ਯੋਗ ਨਹੀਂ ਜੇ ਉਹ ਧੰਨਵਾਦ ਸਹਿਤ ਸਵੀਕਾਰ ਕੀਤੀ ਜਾਵੇ।
5 ਇਸ ਲਈ ਜੋ ਉਹ ਪਰਮੇਸ਼ੁਰ ਦੇ ਬਚਨ ਅਤੇ ਪ੍ਰਾਰਥਨਾ ਨਾਲ ਪਵਿੱਤਰ ਹੋ ਜਾਂਦੀ ਹੈ।
ਮਸੀਹ ਯਿਸੂ ਦਾ ਚੰਗਾ ਸੇਵਕ
6 ਜੇ ਤੂੰ ਭਾਈਆਂ ਨੂੰ ਇਹ ਗੱਲਾਂ ਸਿਖਾਵੇਂ, ਤਾਂ ਤੂੰ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਂਗਾ, ਵਿਸ਼ਵਾਸ ਦੀਆਂ ਗੱਲਾਂ ਅਤੇ ਉਹ ਖਰੀ ਸਿੱਖਿਆ ਜਿਸ ਨੂੰ ਤੂੰ ਮੰਨਦਾ ਆਇਆ ਹੈ, ਉਸ ਵਿੱਚ ਬਣਿਆ ਰਹਿ।
7 ਪਰ ਗੰਦੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ, ਅਤੇ ਭਗਤੀ ਲਈ ਆਪ ਸਾਧਨਾ ਕਰ।
8 ਕਿਉਂ ਜੋ ਸਰੀਰਕ ਕਿਰਿਆ ਤੋਂ ਥੋੜਾ ਲਾਭ ਹੈ, ਪਰ ਭਗਤੀ ਸਭਨਾਂ ਗੱਲਾਂ ਲਈ ਲਾਹੇਵੰਦ ਹੈ, ਕਿਉਂ ਜੋ ਹੁਣ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਸ ਦੇ ਨਾਲ ਹੈ।
9 ਇਹ ਬਚਨ ਸੱਚ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ।
10 ਇਸੇ ਲਈ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ, ਕਿਉਂ ਜੋ ਅਸੀਂ ਜਿਉਂਦੇ ਪਰਮੇਸ਼ੁਰ ਉੱਤੇ ਆਸ ਰੱਖੀ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ, ਪਰ ਖ਼ਾਸ ਕਰਕੇ ਵਿਸ਼ਵਾਸੀਆਂ ਦਾ ਮੁਕਤੀਦਾਤਾ ਹੈ।
11 ਇਹਨਾਂ ਗੱਲਾਂ ਦੀ ਆਗਿਆ ਦੇ ਅਤੇ ਸਿਖਾ।
12 ਕੋਈ ਤੇਰੀ ਜੁਆਨੀ ਨੂੰ ਤੁਛ ਨਾ ਜਾਣੇ ਸਗੋਂ ਤੂੰ ਵਿਸ਼ਵਾਸ ਕਰਨ ਵਾਲਿਆਂ ਲਈ ਬਚਨ, ਚਾਲ ਚਲਨ, ਪਿਆਰ, ਆਤਮਾ, ਵਿਸ਼ਵਾਸ ਅਤੇ ਪਵਿੱਤਰਤਾਈ ਵਿੱਚ ਆਦਰਸ਼ ਬਣੀ।
13 ਜਦ ਤੱਕ ਮੈਂ ਨਾ ਆਵਾਂ, ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ।
14 ਤੂੰ ਉਸ ਵਰਦਾਨ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ, ਜਿਹੜੀ ਅਗੰਮ ਵਾਕ ਦੇ ਰਾਹੀਂ ਬਜ਼ੁਰਗਾਂ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ।
15 ਇੰਨ੍ਹਾਂ ਗੱਲਾਂ ਵੱਲ ਧਿਆਨ ਦੇ, ਇਹਨਾਂ ਵਿੱਚ ਲੱਗਿਆ ਰਹਿ ਤਾਂ ਕਿ ਤੇਰੀ ਤਰੱਕੀ ਸਭਨਾਂ ਉੱਤੇ ਪ੍ਰਗਟ ਹੋਵੇ।
16 ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਇੰਨ੍ਹਾਂ ਗੱਲਾਂ ਉੱਤੇ ਬਣਿਆ ਰਹਿ, ਕਿਉਂ ਜੋ ਤੂੰ ਇਸ ਤਰ੍ਹਾਂ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।