6
ਚਾਰ ਰੱਥਾਂ ਦੇ ਨਾਲ ਸੰਬੰਧਿਤ ਦਰਸ਼ਣ
1 ਮੈਂ ਫਿਰ ਅੱਖਾਂ ਚੁੱਕ ਕੇ ਦੇਖਿਆ ਤਾਂ ਵੇਖੋ, ਦੋ ਪਹਾੜਾਂ ਦੇ ਵਿੱਚੋਂ ਚਾਰ ਰਥ ਬਾਹਰ ਨੂੰ ਨਿੱਕਲ ਰਹੇ ਸਨ ਅਤੇ ਉਹ ਪਰਬਤ ਪਿੱਤਲ ਦੇ ਪਰਬਤ ਸਨ।
2 ਪਹਿਲੇ ਰਥ ਦੇ ਘੋੜੇ ਲਾਲ, ਦੂਜੇ ਰਥ ਦੇ ਘੋੜੇ ਕਾਲੇ,
3 ਤੀਜੇ ਰਥ ਦੇ ਘੋੜੇ ਚਿੱਟੇ ਅਤੇ ਚੌਥੇ ਰਥ ਦੇ ਘੋੜੇ ਡੱਬੇ ਅਤੇ ਤੇਜ ਸਨ।
4 ਫੇਰ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ, ਉੱਤਰ ਦੇ ਕੇ ਕਿਹਾ ਕਿ ਹੇ ਸੁਆਮੀ, ਇਹ ਕੀ ਹਨ?
5 ਤਾਂ ਉਸ ਦੂਤ ਨੇ ਉੱਤਰ ਦੇ ਕੇ ਮੈਨੂੰ ਕਿਹਾ ਕਿ ਇਹ ਅਕਾਸ਼ ਦੀਆਂ ਚਾਰ ਆਤਮਾਵਾਂ ਹਨ ਜੋ ਨਿੱਕਲਦੀਆਂ ਹਨ, ਜਦ ਉਹ ਸਾਰੀ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜੀਆਂ ਹੋਣ।
6 ਜਿਹ ਦੇ ਵਿੱਚ ਕਾਲੇ ਘੋੜੇ ਹਨ ਉਹ ਉੱਤਰ ਦੇਸ ਨੂੰ ਨਿੱਕਲ ਕੇ ਜਾਂਦਾ ਹੈ, ਚਿੱਟੇ ਘੋੜਿਆਂ ਵਾਲਾ ਉਹ ਦੇ ਪਿੱਛੇ ਪੱਛਮ ਨੂੰ ਨਿੱਕਲ ਕੇ ਜਾਂਦਾ ਹੈ ਅਤੇ ਡੱਬੇ ਘੋੜਿਆਂ ਵਾਲਾ ਦੱਖਣ ਦੇਸ ਨੂੰ ਨਿੱਕਲ ਕੇ ਜਾਂਦਾ ਹੈ।
7 ਜਦ ਇਹ ਤੇਜ ਘੋੜੇ ਨਿੱਕਲੇ, ਤਾਂ ਉਹਨਾਂ ਨੇ ਧਰਤੀ ਉੱਤੇ ਘੁੰਮਣ ਦੇ ਲਈ ਜਾਣਾ ਚਾਹਿਆ। ਉਸ ਨੇ ਕਿਹਾ, ਚੱਲੋ ਅਤੇ ਧਰਤੀ ਵਿੱਚ ਘੁੰਮੋ, ਸੋ ਉਹਨਾਂ ਨੇ ਧਰਤੀ ਵਿੱਚ ਦੌਰਾ ਕੀਤਾ।
8 ਤਦ ਉਸ ਨੇ ਅਵਾਜ਼ ਮਾਰ ਕੇ ਮੈਨੂੰ ਕਿਹਾ, ਵੇਖ, ਜਿਹੜੇ ਉੱਤਰ ਦੇਸ ਨੂੰ ਜਾਂਦੇ ਹਨ, ਉਹਨਾਂ ਨੇ ਉੱਤਰ ਦੇਸ ਵਿੱਚ ਮੇਰੇ ਆਤਮਾ ਨੂੰ ਸ਼ਾਂਤ ਕੀਤਾ ਹੈ।
ਯਹੋਸ਼ੁਆ ਦਾ ਰਾਜ ਅਭਿਸ਼ੇਕ
9 ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
10 ਤੂੰ ਗੁਲਾਮਾਂ ਵਿੱਚੋਂ ਹਲਦਈ, ਤੋਬਿਆਹ ਅਤੇ ਯਦਾਯਾਹ ਨੂੰ ਲੈ ਅਤੇ ਤੂੰ ਅੱਜ ਦੇ ਹੀ ਦਿਨ ਆ ਕੇ ਸਫ਼ਨਯਾਹ ਦੇ ਪੁੱਤਰ ਯੋਸ਼ੀਯਾਹ ਦੇ ਘਰ ਜਾ, ਜਿੱਥੇ ਉਹ ਬਾਬਲ ਤੋਂ ਆਏ ਹਨ
11 ਅਤੇ ਚਾਂਦੀ ਸੋਨਾ ਦੇ ਨਜ਼ਰਾਨੇ ਲੈ ਕੇ ਤਾਜ ਬਣਾ ਅਤੇ ਪ੍ਰਧਾਨ ਜਾਜਕ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੇ ਸਿਰ ਉੱਤੇ ਰੱਖ
12 ਅਤੇ ਤੂੰ ਉਹ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਕਹਿੰਦਾ ਹੈ ਕਿ ਦੇਖੋ, ਇੱਕ ਪੁਰਖ ਜਿਹ ਦਾ ਨਾਮ ਸ਼ਾਖ ਹੈ, ਉਹ ਆਪਣੇ ਥਾਂ ਤੋਂ ਸ਼ਾਖਾਂ ਦੇਵੇਗਾ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ।
13 ਉਹੀ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ। ਉਹ ਸ਼ਾਨ ਵਾਲਾ ਹੋਵੇਗਾ ਅਤੇ ਉਹ ਆਪਣੇ ਸਿੰਘਾਸਣ ਉੱਤੇ ਬੈਠ ਕੇ ਹਕੂਮਤ ਕਰੇਗਾ। ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ ਅਤੇ ਦੋਹਾਂ ਦੇ ਵਿੱਚ ਸ਼ਾਂਤੀ ਦੀਆਂ ਯੋਜਨਾਵਾਂ ਹੋਣਗੀਆਂ।
14 ਉਹ ਤਾਜ ਹੇਲਮ ਲਈ, ਤੋਬਿਆਹ ਲਈ, ਯਦਾਯਾਹ ਲਈ ਅਤੇ ਸਫ਼ਨਯਾਹ ਦੇ ਪੁੱਤਰ ਹੇਨ ਲਈ ਯਹੋਵਾਹ ਦੀ ਹੈਕਲ ਵਿੱਚ ਯਾਦਗਿਰੀ ਲਈ ਹੋਵੇਗਾ।
15 ਤਾਂ ਦੂਰ-ਦੂਰ ਦੇ ਲੋਕ ਆਉਣਗੇ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਉਣਗੇ। ਤਦ ਤੁਸੀਂ ਜਾਣੋਗੇ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਦਿਲ ਲਾ ਕੇ ਸੁਣੋਗੇ ਤਾਂ ਇਹ ਹੋ ਜਾਵੇਗਾ।