ਉਪਦੇਸ਼ਕ ਦੀ ਪੋਥੀ
ਲੇਖਕ
ਉਪਦੇਸ਼ਕ ਦੀ ਪੁਸਤਕ ਸਿੱਧੇ ਤੌਰ ਆਪਣੇ ਲੇਖਕ ਦੀ ਪਛਾਣ ਨਹੀਂ ਦੱਸਦੀ। ਲੇਖਕ 1:1 ਵਿੱਚ ਆਪਣੀ ਪਛਾਣ ਇਬਰਾਨੀ ਭਾਸ਼ਾ ਦੇ ਸ਼ਬਦ ਕੋਹੇਲਥ ਕਰਕੇ ਦੱਸਦਾ ਹੈ, ਜਿਸਦਾ ਅਨੁਵਾਦ “ਪ੍ਰਚਾਰਕ” ਵਜੋਂ ਕੀਤਾ ਗਿਆ ਹੈ। ਪ੍ਰਚਾਰਕ ਫਿਰ ਆਪਣੇ ਆਪ ਨੂੰ “ਯਰੂਸ਼ਲਮ ਦਾ ਰਾਜਾ, ਦਾਊਦ ਦਾ ਪੁੱਤਰ” ਆਖ ਦੇ ਸੰਬੋਧਿਤ ਕਰਦਾ ਹੈ, ਜਿਸ ਨੇ “ਵੱਡਾ ਵਾਧਾ ਕੀਤਾ, ਸਗੋਂ ਉਹਨਾਂ ਸਾਰਿਆਂ ਨਾਲੋਂ ਜੋ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ, ਜ਼ਿਆਦਾ ਬੁੱਧ ਪਾਈ।” ਅਤੇ ਜਿਸ ਨੇ ਬਹੁਤ ਸਾਰੀਆਂ ਕਹਾਉਤਾਂ ਰਚੀਆਂ (ਉਪਦੇਸ਼ਕ 1:1, 16; 12:9)। ਸੁਲੇਮਾਨ, ਦਾਊਦ ਤੋਂ ਬਾਅਦ ਯਰੂਸ਼ਲਮ ਵਿੱਚ ਸਿੰਘਾਸਣ ਉੱਤੇ ਬਿਰਾਜਮਾਨ ਹੋਇਆ ਅਤੇ ਦਾਊਦ ਦੇ ਪੁੱਤਰਾਂ ਵਿੱਚੋਂ ਉਹ ਇਕੱਲਾ ਹੀ ਸੀ ਜਿਸ ਨੇ ਯਰੂਸ਼ਲਮ ਤੋਂ ਪੂਰੇ ਇਸਰਾਏਲ ਉੱਤੇ ਰਾਜ ਕੀਤਾ, “ਮੈਂ ਉਪਦੇਸ਼ਕ ਯਰੂਸ਼ਲਮ ਵਿੱਚ ਇਸਰਾਏਲ ਦਾ ਰਾਜਾ ਸੀ (1:12)। ਇਹ ਅਜਿਹੀਆਂ ਆਇਤਾਂ ਹਨ ਜੋ ਦਰਸਾਉਂਦੀਆਂ ਹਨ ਕਿ ਸੁਲੇਮਾਨ ਨੇ ਇਸ ਪੁਸਤਕ ਨੂੰ ਲਿਖਿਆ। ਪਾਠ ਵਿੱਚ ਕੁਝ ਸੁਰਾਗ ਅਜਿਹੇ ਵੀ ਹਨ ਜੋ ਇਹ ਸੁਝਾਅ ਦਿੰਦੇ ਹਨ ਕਿ ਸੁਲੇਮਾਨ ਦੀ ਮੌਤ ਤੋਂ ਬਾਅਦ ਸ਼ਾਇਦ ਕਿਸੇ ਹੋਰ ਵਿਅਕਤੀ ਤੇ ਇਹ ਪੁਸਤਕ ਲਿਖੀ, ਸ਼ਾਇਦ ਕਈ ਸੌ ਸਾਲਾਂ ਬਾਅਦ।”
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 940-931 ਈ. ਪੂ. ਦੇ ਵਿਚਕਾਰ ਲਿਖੀ ਗਈ।
ਉਪਦੇਸ਼ਕ ਦੀ ਪੁਸਤਕ ਸ਼ਾਇਦ ਸੁਲੇਮਾਨ ਦੇ ਰਾਜ ਦੇ ਆਖਰੀ ਸਮੇਂ ਦੇ ਦੌਰਾਨ ਲਿਖੀ ਗਈ, ਅਜਿਹਾ ਲੱਗਦਾ ਹੈ ਕਿ ਇਸ ਨੂੰ ਯਰੂਸ਼ਲਮ ਵਿੱਚ ਲਿਖਿਆ ਗਿਆ।
ਪ੍ਰਾਪਤ ਕਰਤਾ
ਉਪਦੇਸ਼ਕ ਦੀ ਪੁਸਤਕ ਪ੍ਰਾਚੀਨ ਇਸਰਾਏਲੀਆਂ ਲਈ ਅਤੇ ਬਾਅਦ ਵਿੱਚ ਆਉਣ ਵਾਲੇ ਬਾਈਬਲ ਦੇ ਸਾਰੇ ਪਾਠਕਾਂ ਲਈ ਲਿਖੀ ਗਈ ਸੀ।
ਉਦੇਸ਼
ਇਹ ਪੁਸਤਕ ਸਾਡੇ ਲਈ ਇੱਕ ਸਖ਼ਤ ਚੇਤਾਵਨੀ ਦੇ ਰੂਪ ਵਿੱਚ ਖੜ੍ਹੀ ਹੁੰਦੀ ਹੈ। ਬਿਨ੍ਹਾਂ ਕਿਸੇ ਉਦੇਸ਼ ਅਤੇ ਪਰਮੇਸ਼ੁਰ ਦੇ ਡਰ ਤੋਂ ਬਿਨ੍ਹਾਂ ਬਿਤਾਇਆ ਗਿਆ ਜੀਵਨ ਬੇਕਾਰ, ਵਿਅਰਥ ਅਤੇ ਹਵਾ ਦਾ ਪਿੱਛਾ ਕਰਨ ਵਰਗਾ ਹੈ। ਭਾਵੇਂ ਅਸੀਂ ਅਨੰਦ, ਧਨ-ਦੌਲਤ, ਰਚਨਾਤਮਕ ਗਤੀਵਿਧੀਆਂ, ਬੁੱਧੀ ਜਾਂ ਸਾਧਾਰਣ ਖੁਸ਼ੀਆਂ ਦਾ ਪਿੱਛਾ ਕਰੀਏ, ਪਰ ਜਦ ਅਸੀਂ ਜੀਵਨ ਦੇ ਅੰਤ ਦੇ ਨੇੜੇ ਆਵਾਂਗੇ ਤਾਂ ਸਾਨੂੰ ਇਹ ਪਤਾ ਲੱਗੇਗਾ ਕਿ ਅਸੀਂ ਆਪਣਾ ਜੀਵਨ ਵਿਅਰਥ ਵਿੱਚ ਹੀ ਬਿਤਾਇਆ ਹੈ। ਸਾਡੇ ਜੀਵਨ ਨੂੰ ਅਰਥ ਸਿਰਫ਼ ਪਰਮੇਸ਼ੁਰ ਉੱਤੇ ਕੇਂਦ੍ਰਿਤ ਇੱਕ ਜੀਵਨ ਬਿਤਾਉਣ ਦੇ ਦੁਆਰਾ ਹੀ ਮਿਲਦਾ ਹੈ।
ਵਿਸ਼ਾ-ਵਸਤੂ
ਪਰਮੇਸ਼ੁਰ ਤੋਂ ਇਲਾਵਾ ਸਭ ਕੁਝ ਵਿਅਰਥ ਹੈ।
ਰੂਪ-ਰੇਖਾ
1. ਭੂਮਿਕਾ — 1:1-11
2. ਜੀਵਨ ਦੇ ਵੱਖ-ਵੱਖ ਪਹਿਲੂਆਂ ਦੀ ਵਿਅਰਥਤਾ — 1:12-5:7
3. ਪਰਮੇਸ਼ੁਰ ਦਾ ਡਰ — 5:8-12:8
4. ਅੰਤਿਮ ਸਿੱਟਾ — 12:9-14
1
ਸਭ ਕੁਝ ਵਿਅਰਥ ਹੈ
ਲੁੱਕ ਯਰੂਸ਼ਲਮ ਦੇ ਰਾਜਾ, ਦਾਊਦ ਦੇ ਪੁੱਤਰ* ਸੁਲੇਮਾਨ ਉਪਦੇਸ਼ਕ ਦੇ ਬਚਨ। ਉਪਦੇਸ਼ਕ ਆਖਦਾ ਹੈ, ਵਿਅਰਥ ਹੀ ਵਿਅਰਥ, ਵਿਅਰਥ ਹੀ ਵਿਅਰਥ, ਸਭ ਕੁਝ ਵਿਅਰਥ ਹੈ! ਆਦਮੀ ਨੂੰ ਉਸ ਸਾਰੀ ਮਿਹਨਤ ਤੋਂ ਕੀ ਲਾਭ ਹੁੰਦਾ ਹੈ, ਜੋ ਉਹ ਸੂਰਜ ਦੇ ਹੇਠ ਜਗਤ ਵਿੱਚ ਕਰਦਾ ਹੈ? ਇੱਕ ਪੀੜ੍ਹੀ ਚਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਰਹਿੰਦੀ ਹੈ। ਸੂਰਜ ਚੜ੍ਹਦਾ ਹੈ ਅਤੇ ਸੂਰਜ ਲਹਿੰਦਾ ਹੈ ਅਤੇ ਆਪਣੇ ਉਸ ਸਥਾਨ ਵੱਲ ਤੇਜ਼ੀ ਨਾਲ ਜਾਂਦਾ ਹੈ, ਜਿੱਥੋਂ ਉਹ ਚੜ੍ਹਦਾ ਹੈ। ਪੌਣ ਦੱਖਣ ਵੱਲ ਚਲੀ ਜਾਂਦੀ ਹੈ, ਫੇਰ ਉੱਤਰ ਵੱਲ ਮੁੜ ਪੈਂਦੀ ਹੈ, ਇਹ ਸਦਾ ਘੁੰਮਦੀ ਫਿਰਦੀ ਹੈ ਅਤੇ ਆਪਣੇ ਚੱਕਰ ਅਨੁਸਾਰ ਮੁੜ ਜਾਂਦੀ ਹੈ। ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰਦਾ। ਉਹ ਓਸੇ ਸਥਾਨ ਨੂੰ ਮੁੜ ਜਾਂਦੀਆਂ ਹਨ, ਜਿੱਥੋਂ ਨਦੀਆਂ ਨਿੱਕਲਦੀਆਂ ਹਨ। ਇਹ ਸਾਰੀਆਂ ਗੱਲਾਂ ਥਕਾਉਣ ਵਾਲੀਆਂ ਹਨ, ਮਨੁੱਖ ਇਨ੍ਹਾਂ ਦਾ ਬਿਆਨ ਨਹੀਂ ਕਰ ਸਕਦਾ, ਅੱਖ ਵੇਖਣ ਨਾਲ ਨਹੀਂ ਰੱਜਦੀ ਅਤੇ ਕੰਨ ਸੁਣਨ ਨਾਲ ਨਹੀਂ ਭਰਦਾ। ਜੋ ਹੋਇਆ ਉਹੋ ਫੇਰ ਹੋਵੇਗਾ, ਜੋ ਕੀਤਾ ਗਿਆ ਹੈ ਉਹ ਫੇਰ ਕੀਤਾ ਜਾਵੇਗਾ ਅਤੇ ਸੂਰਜ ਦੇ ਹੇਠ ਕੋਈ ਗੱਲ ਨਵੀਂ ਨਹੀਂ ਹੈ। 10 ਕੀ ਕੋਈ ਅਜਿਹੀ ਗੱਲ ਹੈ ਜਿਸ ਨੂੰ ਅਸੀਂ ਆਖ ਸਕੀਏ, ਵੇਖੋ, ਇਹ ਨਵੀਂ ਹੈ? ਉਹ ਤਾਂ ਪੁਰਾਣਿਆਂ ਸਮਿਆਂ ਵਿੱਚ ਹੋਈ, ਜੋ ਸਾਡੇ ਨਾਲੋਂ ਪਹਿਲਾਂ ਸਨ। 11 ਪਹਿਲੀਆਂ ਗੱਲਾਂ ਦਾ ਕੁਝ ਚੇਤਾ ਨਹੀਂ ਅਤੇ ਆਉਣ ਵਾਲੀਆਂ ਗੱਲਾਂ ਦਾ ਉਹਨਾਂ ਤੋਂ ਬਾਅਦ ਆਉਣ ਵਾਲਿਆਂ ਨੂੰ ਕੋਈ ਚੇਤਾ ਨਾ ਰਹੇਗਾ।
ਉਪਦੇਸ਼ਕ ਦਾ ਅਨੁਭਵ
12 ਮੈਂ ਉਪਦੇਸ਼ਕ ਯਰੂਸ਼ਲਮ ਵਿੱਚ ਇਸਰਾਏਲ ਦਾ ਰਾਜਾ ਸੀ। 13 ਮੈਂ ਆਪਣਾ ਮਨ ਲਾਇਆ ਤਾਂ ਕਿ ਜੋ ਕੁਝ ਅਕਾਸ਼ ਦੇ ਹੇਠ ਹੁੰਦਾ ਹੈ, ਬੁੱਧ ਨਾਲ ਉਸ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ। ਪਰਮੇਸ਼ੁਰ ਨੇ ਮਨੁੱਖ ਦੇ ਵੰਸ਼ ਨੂੰ ਵੱਡਾ ਕਸ਼ਟ ਦਿੱਤਾ ਹੈ, ਜਿਸ ਦੇ ਵਿੱਚ ਉਹ ਲੱਗੇ ਰਹਿਣ। 14 ਮੈਂ ਉਹਨਾਂ ਸਾਰਿਆਂ ਕੰਮਾਂ ਨੂੰ ਵੇਖਿਆ ਹੈ ਜੋ ਅਕਾਸ਼ ਦੇ ਹੇਠ ਹੁੰਦੇ ਹਨ ਅਤੇ ਵੇਖੋ, ਸਾਰੇ ਦੇ ਸਾਰੇ ਕੰਮ ਹੀ ਵਿਅਰਥ ਅਤੇ ਹਵਾ ਦਾ ਫੱਕਣਾ ਹਵਾ ਦਾ ਪਿੱਛਾ ਕਰਨਾ ਹਨ! 15 ਜੋ ਟੇਢਾ ਹੈ, ਉਹ ਸਿੱਧਾ ਨਹੀਂ ਬਣ ਸਕਦਾ ਅਤੇ ਜਿਹੜਾ ਹੈ ਹੀ ਨਹੀਂ, ਉਹ ਦਾ ਲੇਖਾ ਨਹੀਂ ਹੋ ਸਕਦਾ।
16 ਮੈਂ ਆਪਣੇ ਮਨ ਨਾਲ ਇਹ ਗੱਲ ਕੀਤੀ ਭਈ ਵੇਖ, ਮੈਂ ਵੱਡਾ ਵਾਧਾ ਕੀਤਾ, ਸਗੋਂ ਉਹਨਾਂ ਸਾਰਿਆਂ ਨਾਲੋਂ ਜੋ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ, ਜ਼ਿਆਦਾ ਬੁੱਧ ਪਾਈ। ਹਾਂ, ਮੇਰੇ ਮਨ ਨੇ ਬਹੁਤ ਬੁੱਧ ਅਤੇ ਗਿਆਨ ਪ੍ਰਾਪਤ ਕੀਤਾ। 17 ਪਰ ਜਦ ਮੈਂ ਆਪਣੇ ਮਨ ਨੂੰ ਬੁੱਧ ਨੂੰ ਜਾਨਣ ਵਿੱਚ ਅਤੇ ਪਾਗਲਪੁਣੇ ਅਤੇ ਮੂਰਖਤਾਈ ਨੂੰ ਸਮਝਣ ਵਿੱਚ ਲਾਇਆ ਤਾਂ ਮੈਂ ਸਮਝਿਆ ਕਿ ਇਹ ਵੀ ਹਵਾ ਦਾ ਫੱਕਣਾ ਹੀ ਹੈ!
18 ਜ਼ਿਆਦਾ ਬੁੱਧ ਨਾਲ ਜ਼ਿਆਦਾ ਚਿੰਤਾ ਹੁੰਦੀ ਹੈ
ਅਤੇ ਜਿਹੜਾ ਗਿਆਨ ਵਧਾਉਂਦਾ ਹੈ, ਉਹ ਸਿਰ ਦਰਦੀ ਵਧਾਉਂਦਾ ਹੈ।

*1:1 ਸੁਲੇਮਾਨ

1:3 ਜਗਤ ਵਿੱਚ

1:14 ਹਵਾ ਦਾ ਪਿੱਛਾ ਕਰਨਾ