31
ਰਾਜੇ ਨੂੰ ਸਲਾਹ 
  1 ਲਮੂਏਲ ਰਾਜਾ ਦੀਆਂ ਕਹਾਉਤਾਂ ਜਿਹੜੀਆਂ ਉਹ ਦੀ ਮਾਤਾ ਨੇ ਉਹ ਨੂੰ ਸਿਖਾਈਆਂ,   
 2 ਹੇ ਮੇਰੇ ਪੁੱਤਰ, ਹੈ ਮੇਰੇ ਨਿੱਜ ਪੁੱਤਰ,  
ਹੇ ਮੇਰੀਆਂ ਸੁੱਖਣਾਂ ਦੇ ਪੁੱਤਰ   
 3 ਆਪਣਾ ਬਲ ਪਰਾਈਆਂ ਔਰਤਾਂ ਨੂੰ ਨਾ ਦੇ,  
ਨਾ ਆਪਣਾ ਜੀਵਨ ਰਾਜਿਆਂ ਨੂੰ ਨਾਸ ਕਰਨ ਵਾਲੀਆਂ ਨੂੰ!   
 4 ਰਾਜਿਆਂ ਨੂੰ, ਹੇ ਲਮੂਏਲ,  
ਰਾਜਿਆਂ ਨੂੰ ਦਾਖ ਮਧੂ ਦਾ ਪੀਣਾ ਜੋਗ ਨਹੀਂ,  
ਅਤੇ ਨਾ ਰਾਜ ਪੁੱਤਰਾਂ ਨੂੰ ਆਖਣਾ, ਸ਼ਰਾਬ ਕਿੱਥੇ ਹੈ   
 5 ਅਜਿਹਾ ਨਾ ਹੋਵੇ ਕਿ ਉਹ ਪੀ ਕੇ ਬਿਧੀ ਨੂੰ ਭੁੱਲ ਜਾਣ,  
ਅਤੇ ਦੁਖਿਆਰਾਂ ਦਾ ਹੱਕ ਮਾਰਨ।   
 6 ਸ਼ਰਾਬ ਉਸ ਨੂੰ ਪਿਲਾਓ ਜੋ ਨਾਸ ਹੋਣਾ ਵਾਲਾ ਹੈ,  
ਅਤੇ ਮਧ ਉਸ ਨੂੰ ਜਿਹ ਦਾ ਮਨ ਉਦਾਸ ਹੈ,   
 7 ਤਾਂ ਜੋ ਉਹ ਪੀ ਕੇ ਆਪਣੀ ਤੰਗੀ ਨੂੰ ਭੁੱਲ ਜਾਵੇ,  
ਅਤੇ ਆਪਣੇ ਕਸ਼ਟ ਨੂੰ ਫੇਰ ਚੇਤੇ ਨਾ ਕਰੇ।   
 8 ਗੂੰਗਿਆਂ ਦੇ ਲਈ ਆਪਣਾ ਮੂੰਹ ਖੋਲ੍ਹ,  
ਅਤੇ ਉਹਨਾਂ ਸਭਨਾਂ ਦੇ ਹੱਕ ਲਈ,  
ਜਿਹੜੇ ਅਨਾਥ ਹਨ।   
 9 ਆਪਣਾ ਮੂੰਹ ਖੋਲ੍ਹ ਕੇ ਧਰਮ ਦਾ ਨਿਆਂ ਕਰ,  
ਅਤੇ ਮਸਕੀਨਾਂ ਤੇ ਕੰਗਾਲਾਂ ਦੇ ਹੱਕ ਲਈ ਲੜ।   
ਆਦਰਸ਼ ਪਤਨੀ 
  10 ਨੇਕ ਇਸਤਰੀ ਕਿਸਨੂੰ ਮਿਲਦੀ ਹੈ?  
ਕਿਉਂ ਜੋ ਉਹ ਦੀ ਕਦਰ ਹੀਰੇ ਮੋਤੀਆਂ ਨਾਲੋਂ ਬਹੁਤ ਵਧੇਰੇ ਹੈ।   
 11 ਉਹ ਦੇ ਪਤੀ ਦਾ ਮਨ ਉਹ ਦੇ ਉੱਤੇ ਭਰੋਸਾ ਰੱਖਦਾ ਹੈ,  
ਅਤੇ ਉਹ ਨੂੰ ਲਾਭ ਦੀ ਕੁਝ ਥੁੜ ਨਹੀਂ ਹੁੰਦੀ।   
 12 ਉਮਰ ਭਰ ਉਹ ਉਸ ਦੇ ਨਾਲ ਭਲਿਆਈ ਹੀ ਕਰੇਗੀ,  
ਬੁਰਿਆਈ ਨਹੀਂ।   
 13 ਉਹ ਉੱਨ ਅਤੇ ਕਤਾਨ ਭਾਲ ਕੇ,  
ਖੁਸ਼ੀ ਨਾਲ ਆਪਣੇ ਹੱਥੀਂ ਕੰਮ ਕਰਦੀ ਹੈ।   
 14 ਉਹ ਵਪਾਰੀਆਂ ਦੇ ਜਹਾਜ਼ਾਂ ਵਰਗੀ ਹੈ,  
ਉਹ ਆਪਣਾ ਭੋਜਨ ਦੂਰੋਂ ਮੰਗਵਾਉਂਦੀ ਹੈ।   
 15 ਰਾਤ ਰਹਿੰਦਿਆਂ ਉਹ ਉੱਠ ਕੇ ਆਪਣੇ ਟੱਬਰ ਲਈ ਭੋਜਨ ਤਿਆਰ ਕਰਦੀ,  
ਅਤੇ ਆਪਣੀਆਂ ਦਾਸੀਆਂ ਨੂੰ ਕੰਮ ਦਿੰਦੀ ਹੈ।   
 16 ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ,  
ਅਤੇ ਆਪਣੇ ਹੱਥਾਂ ਦੀ ਕਮਾਈ ਨਾਲ ਦਾਖ ਦੀ ਬਾੜੀ ਲਾਉਂਦੀ ਹੈ।   
 17 ਉਹ ਬਲ ਨਾਲ ਆਪਣਾ ਲੱਕ ਬੰਨ੍ਹਦੀ ਹੈ,  
ਅਤੇ ਆਪਣੀਆਂ ਬਾਹਾਂ ਨੂੰ ਤਗੜਿਆਂ ਕਰਦੀ ਹੈ।   
 18 ਉਹ ਪਰਖ ਲੈਂਦੀ ਹੈ ਭਈ ਮੇਰਾ ਵਪਾਰ ਚੰਗਾ ਹੈ,  
ਰਾਤ ਨੂੰ ਉਹ ਦਾ ਦੀਵਾ ਨਹੀਂ ਬੁੱਝਦਾ।   
 19 ਉਹ ਤੱਕਲੇ ਨੂੰ ਹੱਥ ਲਾਉਂਦੀ ਹੈ,  
ਅਤੇ ਉਹ ਦੇ ਹੱਥ ਚਰਖ਼ੇ ਨੂੰ ਫੜ੍ਹਦੇ ਹਨ।   
 20 ਉਹ ਮਸਕੀਨਾਂ ਲਈ ਮੁੱਠ ਖੋਲ੍ਹਦੀ ਹੈ,  
ਅਤੇ ਕੰਗਾਲਾਂ ਦੀ ਮਦਦ ਲਈ ਆਪਣਾ ਹੱਥ ਵਧਾਉਂਦੀ ਹੈ   
 21 ਉਹ ਨੂੰ ਆਪਣੇ ਟੱਬਰ ਦੇ ਲਈ ਬਰਫ਼ ਦਾ ਡਰ ਨਹੀਂ,  
ਕਿਉਂ ਜੋ ਉਹ ਦਾ ਸਾਰਾ ਟੱਬਰ ਕਿਰਮਚ ਪਾਉਂਦਾ ਹੈ।   
 22 ਉਹ ਆਪਣੇ ਲਈ ਸਿਰਹਾਣੇ ਬਣਾਉਂਦੀ ਹੈ,  
ਉਹ ਦੇ ਬਸਤਰ ਕਤਾਨੀ ਤੇ ਬੈਂਗਣੀ ਹਨ।   
 23 ਉਹ ਦਾ ਪਤੀ ਸਭਾ ਵਿੱਚ ਪ੍ਰਧਾਨਾਂ ਨਾਲ ਬੈਠਦਾ ਹੈ,  
ਤਦ ਉਸ ਦਾ ਆਦਰ ਹੁੰਦਾ ਹੈ।   
 24 ਉਹ ਮਲਮਲ ਦੇ ਬਸਤਰ ਬਣਾ ਕੇ ਵੇਚਦੀ ਹੈ,  
ਅਤੇ ਵਪਾਰੀਆਂ ਨੂੰ ਕਮਰਬੰਦ ਦਿੰਦੀ ਹੈ।   
 25 ਬਲ ਅਤੇ ਮਾਣ ਉਹ ਦਾ ਲਿਬਾਸ ਹੈ,  
ਅਤੇ ਆਉਣ ਵਾਲੇ ਦਿਨਾਂ ਉੱਤੇ ਹੱਸਦੀ ਹੈ।   
 26 ਉਹ ਬੁੱਧ ਨਾਲ ਆਪਣਾ ਮੁੱਖ ਖੋਲਦੀ ਹੈ,  
ਅਤੇ ਉਹ ਦੀ ਗੱਲਾਂ ਕਿਰਪਾ ਦੀ ਸਿੱਖਿਆ ਨਾਲ ਭਰੀਆਂ ਹੋਈਆਂ ਹਨ।   
 27 ਉਹ ਆਪਣੇ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ,  
ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।   
 28 ਉਹ ਦੇ ਬੱਚੇ ਉੱਠ ਕੇ ਉਹ ਨੂੰ ਧੰਨ ਆਖਦੇ ਹਨ,  
ਅਤੇ ਉਹ ਦਾ ਪਤੀ ਵੀ, ਅਤੇ ਉਹ ਉਸ ਦੀ ਵਡਿਆਈ ਕਰਦਾ ਹੈ,   
 29 ਭਈ ਬਥੇਰੀਆਂ ਨਾਰੀਆਂ ਨੇ ਉੱਤਮਤਾਈ ਵਿਖਾਈ ਹੈ,  
ਪਰ ਤੂੰ ਉਹਨਾਂ ਸਭਨਾਂ ਨਾਲੋਂ ਉੱਤਮ ਹੈਂ।   
 30 ਸ਼ੋਭਾ ਝੂਠ ਛਲ ਹੈ ਅਤੇ ਸੁਹੱਪਣ ਵਿਅਰਥ ਹੈ,  
ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈਅ ਮੰਨਦੀ ਹੈ,  
ਉਹ ਦੀ ਵਡਿਆਈ ਕੀਤੀ ਜਾਵੇਗੀ।   
 31 ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ,  
ਅਤੇ ਉਹ ਦੇ ਕੰਮਾਂ ਅਨੁਸਾਰ ਸਭਾ ਵਿੱਚ ਉਹ ਦੀ ਵਡਿਆਈ ਹੋਵੇ!