9
ਬੁੱਧੀਮਾਨੀ ਅਤੇ ਮੂਰਖਤਾ
1 ਬੁੱਧ ਨੇ ਆਪਣਾ ਘਰ ਬਣਾਇਆ ਹੈ,
ਉਹ ਨੇ ਆਪਣੇ ਸੱਤ ਥੰਮ੍ਹ ਘੜ੍ਹ ਲਏ ਹਨ।
2 ਉਹ ਨੇ ਰਾਤ ਦੇ ਭੋਜਨ ਦੇ ਲਈ ਆਪਣੇ ਪਸ਼ੂਆਂ ਨੂੰ ਕੱਟ ਕੇ ਤਿਆਰ ਕੀਤਾ, ਉਹ ਨੇ ਆਪਣੀ ਮੈ ਰਲਾ ਲਈ,
ਉਹ ਨੇ ਆਪਣੀ ਮੇਜ਼ ਵੀ ਸਜਾ ਲਈ ਹੈ।
3 ਉਹ ਨੇ ਆਪਣੀਆਂ ਦਾਸੀਆਂ ਕੋਲ ਸੱਦਾ ਭੇਜਿਆ ਹੈ,
ਉਹ ਨਗਰ ਦੇ ਉੱਚਿਆਂ ਥਾਵਾਂ ਤੋਂ ਪੁਕਾਰਦੀ ਹੈ,
4 ਜੋ ਕੋਈ ਭੋਲਾ ਹੈ ਉਹ ਉਰੇ ਜਾਵੇ!
ਅਤੇ ਜਿਹੜਾ ਨਿਰਬੁੱਧ ਹੈ ਉਸ ਨੂੰ ਉਹ ਇਹ ਆਖਦੀ ਹੈ,
5 ਆਓ, ਮੇਰੀ ਰੋਟੀ ਵਿੱਚੋਂ ਖਾਓ,
ਤੇ ਮੇਰੀ ਰਲਾਈ ਹੋਈ ਮੈ ਵਿੱਚੋਂ ਪੀਓ!
6 ਭੋਲਿਆਂ ਦੀ ਸੰਗਤ ਨੂੰ ਛੱਡੋ ਤੇ ਜੀਉਂਦੇ ਰਹੋ,
ਅਤੇ ਸਮਝ ਦੇ ਰਾਹ ਉੱਤੇ ਸਿੱਧੇ ਤੁਰੋ!
7 ਮਖ਼ੌਲੀਏ ਨੂੰ ਤਾੜਨ ਵਾਲਾ ਆਪਣੀ ਹੀ ਬੇਇੱਜ਼ਤੀ ਕਰਾਉਂਦਾ ਹੈ,
ਅਤੇ ਦੁਸ਼ਟ ਨੂੰ ਡਾਂਟਣ ਵਾਲੇ ਨੂੰ ਧੱਬਾ ਲੱਗਦਾ ਹੈ।
8 ਮਖ਼ੌਲੀਏ ਨੂੰ ਨਾ ਤਾੜ ਕਿਤੇ ਉਹ ਤੇਰਾ ਵੈਰੀ ਨਾ ਬਣ ਜਾਏ,
ਬੁੱਧਵਾਨ ਨੂੰ ਤਾੜ ਤਾਂ ਉਹ ਤੇਰੇ ਨਾਲ ਪ੍ਰੇਮ ਰੱਖੇਗਾ।
9 ਬੁੱਧਵਾਨ ਨੂੰ ਸਿੱਖਿਆ ਦੇ, ਉਹ ਹੋਰ ਵੀ ਬੁੱਧਵਾਨ ਹੋਵੇਗਾ,
ਧਰਮੀ ਨੂੰ ਸਿਖਾ, ਉਹ ਵਿਦਿਆ ਵਿੱਚ ਵੱਧ ਜਾਵੇਗਾ।
10 ਯਹੋਵਾਹ ਦਾ ਭੈਅ ਮੰਨਣਾ ਬੁੱਧ ਦਾ ਮੁੱਢ ਹੈ,
ਅਤੇ ਅੱਤ ਪਵਿੱਤਰ ਦਾ ਗਿਆਨ ਹੀ ਸਮਝ ਹੈ।
11 ਮੇਰੇ ਰਾਹੀਂ ਤੇਰੀ ਉਮਰ ਵਧੇਗੀ,
ਅਤੇ ਤੇਰੇ ਜੀਵਨ ਦੇ ਸਾਲ ਢੇਰ ਸਾਰੇ ਹੋਣਗੇ।
12 ਜੇ ਤੂੰ ਬੁੱਧਵਾਨ ਹੈ ਤਾਂ ਤੂੰ ਹੀ ਉਸਦਾ ਲਾਭ ਪਾਵੇਂਗਾ,
ਪਰ ਜੇ ਤੂੰ ਠੱਠਾ ਕਰਨ ਵਾਲਾ ਹੈਂ ਤਾਂ ਤੂੰ ਇਕੱਲਾ ਹੀ ਉਸਦਾ ਦੰਡ ਭੋਗੇਂਗਾ।
13 ਮੂਰਖ ਔਰਤ ਬੜਬੋਲੀ ਹੈ, ਉਹ ਭੋਲੀ ਹੈ
ਅਤੇ ਕੁਝ ਜਾਣਦੀ ਹੀ ਨਹੀਂ।
14 ਉਹ ਆਪਣੇ ਘਰ ਦੇ ਬੂਹੇ ਕੋਲ,
ਅਤੇ ਨਗਰ ਦੇ ਉੱਚੇ ਸਥਾਨਾਂ ਉੱਤੇ ਬਹਿੰਦੀ ਹੈ,
15 ਤਾਂ ਜੋ ਰਾਹੀਆਂ ਨੂੰ ਸੱਦੇ, ਜਿਹੜੇ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ,
16 ਜਿਹੜਾ ਭੋਲਾ ਹੈ, ਉਹ ਐਥੇ ਆਵੇ!
ਅਤੇ ਜੋ ਨਿਰਬੁੱਧ ਹੈ ਉਸ ਨੂੰ ਆਖਦੀ ਹੈ,
17 ਚੋਰੀ ਦਾ ਪਾਣੀ ਮਿੱਠਾ, ਅਤੇ ਲੁਕਮੀ ਰੋਟੀ ਸੁਆਦਲੀ ਹੈ!
18 ਪਰ ਉਸ ਰਾਹੀ ਨੂੰ ਪਤਾ ਨਹੀਂ ਕਿ ਮਰੇ ਹੋਏ ਉੱਥੇ ਪਏ ਹਨ,
ਅਤੇ ਉਸ ਔਰਤ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ!