10
ਸੁਲੇਮਾਨ ਦੀਆਂ ਕਹਾਉਤਾਂ 
  1 ਸੁਲੇਮਾਨ ਦੀਆਂ ਕਹਾਉਤਾਂ,  
ਬੁੱਧਵਾਨ ਪੁੱਤਰ ਆਪਣੇ ਪਿਤਾ ਨੂੰ ਅਨੰਦ ਕਰਦਾ ਹੈ,  
ਪਰ ਮੂਰਖ ਪੁੱਤਰ ਮਾਂ ਦੇ ਲਈ ਦੁੱਖ ਦਾ ਕਾਰਨ ਹੈ।   
 2 ਬਦੀ ਨਾਲ ਇਕੱਠੇ ਕੀਤੇ ਖ਼ਜ਼ਾਨਿਆਂ ਤੋਂ ਕੁਝ ਲਾਭ ਨਹੀਂ ਹੁੰਦਾ,  
ਪਰ ਨੇਕੀ ਦੇ ਕੰਮ ਮੌਤ ਤੋਂ ਬਚਾ ਲੈਂਦੇ ਹਨ।   
 3 ਧਰਮੀ ਮਨੁੱਖ ਨੂੰ ਯਹੋਵਾਹ ਭੁੱਖਾ ਰਹਿਣ ਨਹੀਂ ਦਿੰਦਾ,  
ਪਰ ਦੁਸ਼ਟ ਦੀ ਲੋਚ ਉਹ ਪੂਰਾ ਹੋਣ ਨਹੀਂ ਦਿੰਦਾ।   
 4 ਆਲਸੀ ਹੱਥ ਕੰਗਾਲ ਕਰਦਾ ਹੈ,  
ਪਰ ਉੱਦਮੀ ਦਾ ਹੱਥ ਧਨੀ ਬਣਾ ਦਿੰਦਾ ਹੈ।   
 5 ਜਿਹੜਾ ਧੁੱਪ ਦੇ ਵੇਲੇ ਇਕੱਠਾ ਕਰਦਾ ਹੈ ਉਹ ਸਿਆਣਾ ਪੁੱਤਰ ਹੈ,  
ਪਰ ਜਿਹੜਾ ਵਾਢੀ ਦੇ ਵੇਲੇ ਸੁੱਤਾ ਰਹਿੰਦਾ ਹੈ,  
ਉਹ ਸ਼ਰਮਿੰਦਾ ਕਰਨ ਵਾਲਾ ਪੁੱਤਰ ਹੈ।   
 6 ਧਰਮੀ ਦੇ ਸਿਰ ਉੱਤੇ ਬਹੁਤ ਅਸੀਸਾਂ ਹੁੰਦੀਆਂ ਹਨ,  
ਪਰ ਜ਼ੁਲਮ ਦੁਸ਼ਟਾਂ ਦੇ ਮੂੰਹ ਨੂੰ ਢੱਕ ਲੈਂਦਾ ਹੈ।   
 7 ਧਰਮੀ ਦੀ ਯਾਦ ਮੁਬਾਰਕ ਹੈ,  
ਪਰ ਦੁਸ਼ਟਾਂ ਦਾ ਨਾਮ ਮਿਟ ਜਾਵੇਗਾ।   
 8 ਮਨ ਦਾ ਬੁੱਧਵਾਨ ਹੁਕਮ ਨੂੰ ਮੰਨਦਾ ਹੈ,  
ਪਰ ਬਕਵਾਸੀ ਮੂਰਖ ਡਿੱਗ ਪੈਂਦਾ ਹੈ।   
 9 ਸਿੱਧਾ ਤੁਰਨ ਵਾਲਾ ਬੇਫ਼ਿਕਰ ਤੁਰਦਾ ਹੈ,  
ਅਤੇ ਜਿਹੜਾ ਟੇਢੀ ਚਾਲ ਚਲਦਾ ਹੈ ਉਹ ਉਜਾਗਰ ਹੋ ਜਾਵੇਗਾ।   
 10 ਜਿਹੜਾ ਅੱਖਾਂ ਮਟਕਾਉਂਦਾ ਹੈ ਉਹ ਦੂਸਰਿਆਂ ਨੂੰ ਦੁੱਖ ਪਹੁੰਚਾਉਂਦਾ ਹੈ,  
ਅਤੇ ਬਕਵਾਸੀ ਮੂਰਖ ਨਾਸ ਹੋ ਜਾਂਦਾ ਹੈ।   
 11 ਧਰਮੀ ਦਾ ਮੂੰਹ ਜੀਵਨ ਦਾ ਚਸ਼ਮਾ ਹੈ,  
ਪਰ ਦੁਸ਼ਟਾਂ ਦੇ ਮੂੰਹ ਨੂੰ ਜ਼ੁਲਮ ਢੱਕ ਲੈਂਦਾ ਹੈ।   
 12 ਵੈਰ ਝਗੜੇ ਛੇੜਦਾ ਹੈ,  
ਪਰੰਤੂ ਪ੍ਰੇਮ ਸਾਰਿਆਂ ਅਪਰਾਧਾਂ ਨੂੰ ਢੱਕ ਲੈਂਦਾ ਹੈ।   
 13 ਸਮਝ ਵਾਲੇ ਦਿਆਂ ਬੁੱਲ੍ਹਾਂ ਉੱਤੇ ਬੁੱਧ ਲੱਭਦੀ ਹੈ,  
ਅਤੇ ਬੇਸਮਝ ਦੀ ਪਿੱਠ ਲਈ ਸੋਟੀ ਹੈ।   
 14 ਬੁੱਧਵਾਨ ਗਿਆਨ ਨੂੰ ਰੱਖ ਛੱਡਦੇ ਹਨ,  
ਪਰੰਤੂ ਮੂਰਖ ਦਾ ਮੂੰਹ ਵਿਨਾਸ਼ ਲਿਆਉਂਦਾ ਹੈ।   
 15 ਧਨੀ ਦਾ ਧਨ ਉਹ ਦਾ ਪੱਕਾ ਨਗਰ ਹੈ,  
ਪਰ ਕੰਗਾਲਾਂ ਦੀ ਕੰਗਾਲੀ ਉਹਨਾਂ ਦੇ ਵਿਨਾਸ਼ ਦਾ ਕਾਰਨ ਹੈ।   
 16 ਧਰਮੀ ਦੀ ਮਿਹਨਤ ਜੀਵਨ ਲਈ ਹੁੰਦੀ ਹੈ,  
ਪਰ ਦੁਸ਼ਟਾਂ ਦਾ ਨਫ਼ਾ ਪਾਪ ਲਈ ਹੈ।   
 17 ਜਿਹੜਾ ਸਿੱਖਿਆ ਨੂੰ ਮੰਨਦਾ ਹੈ ਉਹ ਤਾਂ ਜੀਵਨ ਦੇ ਰਾਹ ਉੱਤੇ ਹੈ,  
ਪਰ ਜਿਹੜਾ ਤਾੜਨਾ ਨੂੰ ਰੱਦ ਕਰਦਾ ਹੈ ਉਹ ਰਾਹ ਤੋਂ ਭੁੱਲਿਆ ਹੋਇਆ ਹੈ।   
 18 ਜਿਹੜਾ ਵੈਰ ਨੂੰ ਲੁਕੋ ਰੱਖਦਾ ਹੈ ਉਹ ਝੂਠਾ,  
ਅਤੇ ਜਿਹੜਾ ਨਿੰਦਿਆ ਕਰਦਾ ਹੈ ਉਹ ਮੂਰਖ ਹੈ।   
 19 ਜਿੱਥੇ ਬਹੁਤੀਆਂ ਗੱਲਾਂ ਹੁੰਦੀਆਂ ਹਨ, ਉੱਥੇ ਅਪਰਾਧ ਵੀ ਹੁੰਦਾ ਹੈ,  
ਪਰ ਜੋ ਆਪਣੇ ਮੂੰਹ ਨੂੰ ਰੋਕ ਰੱਖਦਾ ਹੈ ਉਹ ਬੁੱਧਵਾਨ ਹੈ।   
 20 ਧਰਮੀ ਦੇ ਬੋਲ ਖਰੀ ਚਾਂਦੀ ਹਨ,  
ਪਰ ਦੁਸ਼ਟ ਦਾ ਮਨ ਤੁੱਛ ਹੈ।   
 21 ਧਰਮੀ ਦੇ ਬੋਲ ਬਹੁਤਿਆਂ ਨੂੰ ਰਜਾਉਂਦੇ ਹਨ,  
ਪਰ ਮੂਰਖ ਬੇਸਮਝੀ ਦੇ ਕਾਰਨ ਮਰਦੇ ਹਨ।   
 22 ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ,  
ਅਤੇ ਉਸ ਦੇ ਨਾਲ ਉਹ ਦੁੱਖ ਨਹੀਂ ਮਿਲਾਉਂਦਾ।   
 23 ਮੂਰਖ ਲਈ ਤਾਂ ਪਾਪ ਕਰਨਾ ਹਾਸੇ ਦੀ ਗੱਲ ਹੈ,  
ਪਰ ਸਮਝ ਵਾਲੇ ਮਨੁੱਖ ਵਿੱਚ ਬੁੱਧ ਪਾਈ ਜਾਂਦੀ ਹੈ।   
 24 ਦੁਸ਼ਟ ਜਿਸ ਬਿਪਤਾ ਤੋਂ ਡਰਦਾ ਹੈ, ਉਹੋ ਉਸ ਉੱਤੇ ਆਣ ਪਵੇਗੀ,  
ਪਰ ਧਰਮੀ ਦੀ ਇੱਛਿਆ ਪੂਰੀ ਕੀਤੀ ਜਾਵੇਗੀ।   
 25 ਦੁਸ਼ਟ ਵਾਵਰੋਲੇ ਵਾਂਗੂੰ ਲੰਘ ਜਾਂਦਾ ਹੈ,  
ਪਰ ਧਰਮੀ ਦੀ ਨੀਂਹ ਅਟੱਲ ਹੈ।   
 26 ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖਾਂ ਲਈ ਧੂੰਆਂ ਹੈ,  
ਉਸੇ ਤਰ੍ਹਾਂ ਹੀ ਆਲਸੀ ਆਪਣੇ ਭੇਜਣ ਵਾਲਿਆਂ ਲਈ ਹੈ।   
 27 ਯਹੋਵਾਹ ਦਾ ਭੈਅ ਉਮਰ ਵਧਾਉਂਦਾ ਹੈ,  
ਪਰ ਦੁਸ਼ਟਾਂ ਦੀ ਉਮਰ ਥੋੜ੍ਹੀ ਹੋਵੇਗੀ।   
 28 ਧਰਮੀ ਦੀ ਆਸ ਉਸ ਦਾ ਅਨੰਦ ਹੈ,  
ਪਰ ਦੁਸ਼ਟ ਦੀ ਆਸ ਮਿਟ ਜਾਵੇਗੀ।   
 29 ਯਹੋਵਾਹ ਦਾ ਰਾਹ ਖ਼ਰਿਆਂ ਲਈ ਪੱਕਾ ਗੜ੍ਹ ਹੈ,  
ਪਰ ਕੁਕਰਮੀਆਂ ਲਈ ਵਿਨਾਸ਼ ਹੈ।   
 30 ਧਰਮੀ ਤਾਂ ਸਦਾ ਅਟੱਲ ਰਹਿਣਗੇ,  
ਪਰ ਦੁਸ਼ਟ ਧਰਤੀ ਉੱਤੇ ਨਾ ਵੱਸਣਗੇ।   
 31 ਧਰਮੀ ਦਾ ਮੂੰਹ ਬੁੱਧ ਦਾ ਫਲ ਦਿੰਦਾ ਹੈ,  
ਪਰ ਟੇਢੀ ਜੀਭ ਵੱਢੀ ਜਾਵੇਗੀ।   
 32 ਧਰਮੀ ਦੇ ਬੁੱਲ ਮਨ ਭਾਉਂਦੀ ਗੱਲ ਜਾਣਦੇ ਹਨ,  
ਪਰ ਦੁਸ਼ਟ ਦਾ ਮੂੰਹ ਪੁੱਠੀਆਂ ਗੱਲਾਂ ਬੋਲਦਾ ਹੈ।