6
1 ਜਿਹੜੇ ਦਾਸ ਹਨ, ਉਹ ਆਪਣਿਆਂ ਮਾਲਕਾਂ ਨੂੰ ਪੂਰੇ ਆਦਰ ਦੇ ਯੋਗ ਸਮਝਣ ਤਾਂ ਜੋ ਪਰਮੇਸ਼ੁਰ ਦੇ ਨਾਮ ਅਤੇ ਸਿੱਖਿਆ ਦੀ ਨਿੰਦਿਆ ਨਾ ਹੋਵੇ।
2 ਅਤੇ ਜਿੰਨ੍ਹਾ ਦੇ ਮਾਲਕ ਵਿਸ਼ਵਾਸੀ ਹਨ ਉਹ ਉਨ੍ਹਾਂ ਨੂੰ ਭਾਈ ਹੋਣ ਕਰਕੇ ਤੁਛ ਨਾ ਜਾਣਨ ਪਰ ਉਨ੍ਹਾਂ ਦੀ ਹੋਰ ਵੀ ਸੇਵਾ ਕਰਨ, ਇਸ ਲਈ ਕਿ ਜਿਹੜੇ ਇਸ ਉਪਕਾਰ ਵਿੱਚ ਸਾਂਝੀ ਹਨ। ਉਹ ਨਿਹਚਾਵਾਨ ਅਤੇ ਪਿਆਰੇ ਹਨ। ਇੰਨ੍ਹਾਂ ਗੱਲਾਂ ਦੀ ਸਿੱਖਿਆ ਦੇ ਅਤੇ ਉਪਦੇਸ਼ ਕਰ।
ਝੂਠੀ ਸਿੱਖਿਆ ਅਤੇ ਧਨ ਦਾ ਲੋਭ
3 ਜੇ ਕੋਈ ਹੋਰ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀਆਂ ਖਰੀਆਂ ਗੱਲਾਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਦੇ ਅਨੁਸਾਰ ਹੈ, ਨਹੀਂ ਮੰਨਦਾ।
4 ਤਾਂ ਉਹ ਹੰਕਾਰਿਆ ਹੋਇਆ ਹੈ ਅਤੇ ਕੁਝ ਨਹੀਂ ਜਾਣਦਾ, ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਲੱਗੀ ਹੋਈ ਹੈ, ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਗੰਦੇ ਬੋਲ।
5 ਅਤੇ ਬੁਰੇ ਸ਼ੱਕ ਉਨ੍ਹਾਂ ਮਨੁੱਖਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ ਅਤੇ ਜਿਨ੍ਹਾਂ ਕੋਲੋਂ ਸਚਿਆਈ ਜਾਂਦੀ ਰਹੀ ਅਤੇ ਉਹ ਭਗਤੀ ਨੂੰ ਕਮਾਈ ਦਾ ਵਸੀਲਾ ਸਮਝਦੇ ਹਨ।
6 ਪਰ ਸੰਤੋਖ ਨਾਲ ਭਗਤੀ ਅਸਲ ਵਿੱਚ ਵੱਡੀ ਕਮਾਈ ਹੈ।
7 ਕਿਉਂ ਜੋ ਅਸੀਂ ਸੰਸਾਰ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਉਸ ਵਿੱਚੋਂ ਕੁਝ ਲੈ ਜਾ ਸਕਦੇ ਹਾਂ।
8 ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।
9 ਪਰ ਉਹ ਜਿਹੜੇ ਅਮੀਰ ਹੋਣਾ ਚਾਹੁੰਦੇ ਹਨ, ਸੋ ਪਰਤਾਵੇ, ਫ਼ਾਹੀ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ, ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।
10 ਕਿਉਂ ਜੋ ਪੈਸੇ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਵਿਸ਼ਵਾਸ ਦੇ ਰਾਹੋਂ ਭਟਕ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।
ਤਿਮੋਥਿਉਸ ਨੂੰ ਵਿਅਕਤੀਗਤ ਨਿਰਦੇਸ਼
11 ਪਰ ਤੂੰ ਹੇ ਪਰਮੇਸ਼ੁਰ ਦੇ ਬੰਦੇ, ਇੰਨ੍ਹਾਂ ਗੱਲਾਂ ਤੋਂ ਦੂਰ ਰਹਿ ਅਤੇ ਧਰਮ, ਭਗਤੀ, ਵਿਸ਼ਵਾਸ, ਪਿਆਰ, ਧੀਰਜ ਅਤੇ ਨਰਮਾਈ ਦੇ ਭਾਲ ਵਿੱਚ ਲੱਗਾ ਰਹਿ।
12 ਵਿਸ਼ਵਾਸ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ੍ਹੀ ਰੱਖ ਜਿਹ ਦੇ ਲਈ ਤੂੰ ਸੱਦਿਆ ਗਿਆ ਅਤੇ ਤੂੰ ਬਹੁਤਿਆਂ ਗਵਾਹਾਂ ਦੇ ਅੱਗੇ ਪੱਕਾ ਕਰਾਰ ਕੀਤਾ ਸੀ।
13 ਮੈਂ ਪਰਮੇਸ਼ੁਰ ਨੂੰ, ਜਿਹੜਾ ਸਭਨਾਂ ਨੂੰ ਜੀਵਨ ਬਖਸ਼ਦਾ ਹੈ ਅਤੇ ਮਸੀਹ ਯਿਸੂ ਨੂੰ ਜਿਸ ਨੇ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਪੱਕਾ ਕਰਾਰ ਕੀਤਾ ਸੀ ਗਵਾਹ ਮੰਨ ਕੇ ਤੈਨੂੰ ਬੇਨਤੀ ਕਰਦਾ ਹਾਂ।
14 ਕਿ ਤੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਤੱਕ ਆਪਣੇ ਫ਼ਰਜ ਨੂੰ ਬੇਦਾਗ ਅਤੇ ਬੇਦੋਸ਼ ਕਰਕੇ ਰੱਖ।
15 ਜਿਹ ਨੂੰ ਉਹ ਵੇਲੇ ਸਿਰ ਪ੍ਰਗਟ ਕਰੇਗਾ, ਜਿਹੜਾ ਧੰਨ ਅਤੇ ਸਰਬ ਸ਼ਕਤੀਮਾਨ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ।
16 ਅਮਰਤਾ ਇਕੱਲੇ ਉਸੇ ਦੀ ਹੈ ਅਤੇ ਉਹ ਅਣਪੁੱਜ ਜੋਤ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸਕਦਾ ਹੈ, ਉਸੇ ਦਾ ਆਦਰ ਅਤੇ ਪਰਾਕਰਮ ਸਦਾ ਹੀ ਹੋਵੇ। ਆਮੀਨ।
17 ਜਿਹੜੇ ਇਸ ਸੰਸਾਰ ਵਿੱਚ ਧਨਵਾਨ ਹਨ ਉਹਨਾਂ ਨੂੰ ਉਪਦੇਸ਼ ਦੇ ਕਿ ਹੰਕਾਰ ਨਾ ਕਰਨ ਅਤੇ ਬੇ ਠਿਕਾਣੇ ਧਨ ਉੱਤੇ ਨਹੀਂ, ਪਰ ਪਰਮੇਸ਼ੁਰ ਉੱਤੇ ਆਸ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਭਰਪੂਰੀ ਨਾਲ ਦਿੰਦਾ ਹੈ।
18 ਨਾਲੇ ਇਹ ਕਿ ਉਹ ਪਰਉਪਕਾਰੀ ਅਤੇ ਭਲੇ ਕੰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਅਤੇ ਵੰਡਣ ਨੂੰ ਤਿਆਰ ਹੋਣ।
19 ਅਤੇ ਅਗਾਹਾਂ ਲਈ ਇੱਕ ਚੰਗੀ ਨੀਂਹ ਧਰਨ ਤਾਂ ਜੋ ਉਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ।
20 ਹੇ ਤਿਮੋਥਿਉਸ, ਉਹ ਅਮਾਨਤ ਜੋ ਤੈਨੂੰ ਸੌਂਪੀ ਗਈ ਉਸ ਦੀ ਰਖਵਾਲੀ ਕਰ! ਜਿਹੜਾ ਝੂਠ ਵਿੱਚ ਗਿਆਨ ਅਖਵਾਉਂਦਾ ਹੈ ਉਹ ਦੀ ਗੰਦੀ ਬੁੜ-ਬੁੜ ਅਤੇ ਵਿਰੋਧਤਾਈ ਵੱਲੋਂ ਮੂੰਹ ਮੋੜ ਲੈ।
21 ਕਈ ਲੋਕ ਉਸ ਗਿਆਨ ਨੂੰ ਮੰਨ ਕੇ ਵਿਸ਼ਵਾਸ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ। ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ। ਆਮੀਨ।