ਤਿਮੋਥਿਉਸ ਨੂੰ ਦੂਜੀ ਪੱਤ੍ਰੀ
ਲੇਖਕ
ਪਹਿਲੀ ਵਾਰੀ ਰੋਮ ਦੀ ਕੈਦ ਤੋਂ ਛੁੱਟਣ ਦੇ ਬਾਅਦ ਅਤੇ ਆਪਣੀ ਚੌਥੀ ਮਿਸ਼ਨਰੀ ਯਾਤਰਾ ਦੇ ਦੌਰਾਨ ਜਦੋਂ ਉਸ ਨੇ 1 ਤਿਮੋਥਿਉਸ ਨੂੰ ਲਿਖਿਆ ਸੀ, ਉਸ ਤੋਂ ਬਾਅਦ ਉਸ ਨੂੰ ਫਿਰ ਬਾਦਸ਼ਾਹ ਨੀਰੋ ਦੁਆਰਾ ਕੈਦ ਕਰ ਲਿਆ ਗਿਆ। ਇਸ ਸਮੇਂ ਦੌਰਾਨ ਉਸ ਨੇ 2 ਤਿਮੋਥਿਉਸ ਨੂੰ ਲਿਖਿਆ। ਆਪਣੀ ਪਹਿਲੀ ਕੈਦ ਦੇ ਉਲਟ, ਜਦੋਂ ਉਹ ਇੱਕ ‘ਕਿਰਾਏ ਦੇ ਘਰ’ (ਰਸੂਲ 28:30) ਵਿੱਚ ਰਹਿੰਦਾ ਸੀ, ਹੁਣ ਉਸ ਨੂੰ ਇੱਕ ਆਮ ਅਪਰਾਧੀ ਦੀ ਤਰ੍ਹਾਂ ਇੱਕ ਠੰਡੇ ਤਹਿਖ਼ਾਨੇ ਵਿੱਚ ਜ਼ੰਜੀਰਾਂ ਵਿੱਚ ਬੰਨ੍ਹ ਕੇ ਰੱਖਿਆ ਗਿਆ ਸੀ (1:16; 2:9)। ਪੌਲੁਸ ਜਾਣਦਾ ਸੀ ਕਿ ਉਸ ਦਾ ਕੰਮ ਪੂਰਾ ਹੋ ਗਿਆ ਸੀ ਅਤੇ ਉਸ ਦੇ ਜੀਵਨ ਦਾ ਅੰਤ ਹੋਣ ਵਾਲਾ ਸੀ (4:6-8)।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੱਤ੍ਰੀ ਲਗਭਗ 66-67 ਈ. ਦੇ ਵਿਚਕਾਰ ਲਿਖੀ ਗਈ।
ਪੌਲੁਸ ਦੂਸਰੀ ਵਾਰੀ ਰੋਮ ਦੀ ਵਿੱਚ ਕੈਦ ਸੀ ਅਤੇ ਉਸ ਨੇ ਆਪਣੀ ਸ਼ਹੀਦੀ ਦੀ ਉਡੀਕ ਕਰਦੇ ਹੋਏ ਇਸ ਪੱਤਰ ਨੂੰ ਲਿਖਿਆ।
ਪ੍ਰਾਪਤ ਕਰਤਾ
2 ਤਿਮੋਥਿਉਸ ਦੀ ਪੱਤ੍ਰੀ ਦਾ ਮੁੱਖ ਪਾਠਕ ਤਿਮੋਥਿਉਸ ਸੀ, ਪਰ ਨਿਸ਼ਚਿਤ ਤੌਰ ਤੇ ਉਸ ਨੇ ਕਲੀਸਿਯਾ ਨਾਲ ਵੀ ਇਸ ਸਿੱਖਿਆ ਨੂੰ ਸਾਂਝਾ ਕੀਤਾ।
ਉਦੇਸ਼
ਜੋ ਕੰਮ ਪੌਲੁਸ ਨੇ ਤਿਮੋਥਿਉਸ ਸੌਂਪਿਆ ਸੀ, ਉਸ ਕੰਮ ਨੂੰ ਦਲੇਰੀ (1:3-14), ਲਗਨ (2:1-26) ਅਤੇ ਧੀਰਜ (3: 14-17; 4:1-8) ਨਾਲ ਜ਼ਾਰੀ ਰੱਖਣ ਲਈ, ਆਖ਼ਰੀ ਵਾਰੀ ਉਤਸ਼ਾਹ ਅਤੇ ਪ੍ਰੇਰਨਾ ਦੇਣ ਲਈ ਪੌਲੁਸ ਨੇ ਇਹ ਪੱਤ੍ਰੀ ਲਿਖੀ।
ਵਿਸ਼ਾ-ਵਸਤੂ
ਵਫ਼ਾਦਾਰੀ ਨਾਲ ਸੇਵਕਾਈ ਕਰਨ ਦੇ ਪ੍ਰਤੀ ਜ਼ਿੰਮੇਵਾਰੀ
ਰੂਪ-ਰੇਖਾ
1. ਸੇਵਕਾਈ ਦੇ ਲਈ ਪ੍ਰੇਰਨਾ — 1:1-18
2. ਸੇਵਕਾਈ ਦੇ ਲਈ ਨਮੂਨਾ — 2:1-26
3. ਝੂਠੀ ਸਿੱਖਿਆ ਦੇ ਵਿਰੁੱਧ ਚੇਤਾਵਨੀ — 3:1-17
4. ਉਤਸ਼ਾਹ ਦੇ ਸ਼ਬਦ ਅਤੇ ਆਸ਼ੀਰਵਾਦ — 4:1-22
1
ਨਮਸਕਾਰ
1 ਪੌਲੁਸ, ਜੋ ਉਸ ਜੀਵਨ ਦੇ ਵਾਅਦੇ ਦੇ ਅਨੁਸਾਰ ਜਿਹੜਾ ਮਸੀਹ ਯਿਸੂ ਵਿੱਚ ਹੈ, ਪਰਮੇਸ਼ੁਰ ਦੀ ਮਰਜ਼ੀ ਤੋਂ ਮਸੀਹ ਯਿਸੂ ਦਾ ਰਸੂਲ ਹਾਂ।
2 ਪਿਆਰੇ ਪੁੱਤਰ ਤਿਮੋਥਿਉਸ ਨੂੰ ਪਿਤਾ ਪਰਮੇਸ਼ੁਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ, ਦਯਾ, ਅਤੇ ਸ਼ਾਂਤੀ ਮਿਲਦੀ ਰਹੇ।
ਧੰਨਵਾਦ ਅਤੇ ਹੌਂਸਲਾ ਅਫ਼ਜਾਈ
3 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਜਿਸ ਦੀ ਸੇਵਾ ਮੈਂ ਆਪਣੇ ਪੁਰਖਿਆਂ ਦੀ ਤਰ੍ਹਾਂ ਸ਼ੁੱਧ ਵਿਵੇਕ ਨਾਲ ਕਰਦਾ ਹਾਂ! ਜਦ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਦਿਨ ਰਾਤ ਤੈਨੂੰ ਚੇਤੇ ਕਰਦਾ ਹਾਂ।
4 ਅਤੇ ਤੇਰਿਆਂ ਹੰਝੂਆਂ ਨੂੰ ਚੇਤੇ ਕਰ ਕੇ ਤੈਨੂੰ ਵੇਖਣ ਨੂੰ ਲੋਚਦਾ ਹਾਂ ਕਿ ਅਨੰਦ ਨਾਲ ਭਰ ਜਾਂਵਾਂ।
5 ਮੈਨੂੰ ਤੇਰੀ ਖਰੀ ਵਿਸ਼ਵਾਸ ਚੇਤੇ ਆਉਂਦੀ ਹੈ, ਜਿਹੜੀ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਤੇਰੀ ਮਾਤਾ ਯੂਨੀਕਾ ਵਿੱਚ ਸੀ ਅਤੇ ਮੈਨੂੰ ਭਰੋਸਾ ਹੈ ਜੋ ਉਹ ਤੇਰੇ ਵਿੱਚ ਵੀ ਹੈ।
6 ਇਸ ਕਾਰਨ ਮੈਂ ਤੈਨੂੰ ਚਿਤਾਰਦਾ ਹਾਂ ਕਿ ਤੂੰ ਪਰਮੇਸ਼ੁਰ ਦੀ ਉਸ ਦਾਤ ਨੂੰ ਚਮਕਾ, ਜੋ ਮੇਰੇ ਹੱਥ ਰੱਖਣ ਦੁਆਰਾ ਤੈਨੂੰ ਮਿਲੀ।
7 ਕਿਉਂ ਜੋ ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ, ਸਗੋਂ ਸਮਰੱਥਾ, ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਹੈ।
8 ਇਸ ਲਈ ਤੂੰ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾਵੀਂ, ਨਾ ਮੇਰੇ ਤੋਂ, ਜੋ ਉਹ ਦਾ ਬੰਧੂਆ ਹਾਂ, ਸਗੋਂ ਪਰਮੇਸ਼ੁਰ ਦੀ ਸਮਰੱਥਾ ਦੇ ਅਨੁਸਾਰ ਖੁਸ਼ਖਬਰੀ ਲਈ ਦੁੱਖਾਂ ਵਿੱਚ ਮੇਰੇ ਨਾਲ ਸਾਂਝੀ ਹੋਵੀਂ।
9 ਜਿਸ ਨੇ ਸਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਸੱਦਿਆ, ਸਾਡਿਆਂ ਕੰਮਾਂ ਦੇ ਅਨੁਸਾਰ ਨਹੀਂ ਸਗੋਂ ਆਪਣੀ ਮਰਜ਼ੀ ਅਤੇ ਉਸ ਕਿਰਪਾ ਦੇ ਅਨੁਸਾਰ ਜਿਹੜੀ ਮਸੀਹ ਯਿਸੂ ਵਿੱਚ ਸਦੀਪਕ ਸਮਿਆਂ ਤੋਂ ਸਾਡੇ ਉੱਤੇ ਕੀਤੀ ਗਈ।
10 ਪਰ ਹੁਣ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪਰਕਾਸ਼ ਹੋਣ ਤੋਂ ਪਰਗਟ ਹੋਈ, ਜਦੋਂ ਉਸ ਨੇ ਮੌਤ ਦਾ ਨਾਸ ਕਰ ਦਿੱਤਾ ਅਤੇ ਖੁਸ਼ਖਬਰੀ ਦੇ ਰਾਹੀਂ ਜੀਵਨ ਅਤੇ ਅਮਰਤਾ ਉੱਤੇ ਪਰਕਾਸ਼ ਕੀਤਾ।
11 ਜਿਸ ਦੇ ਲਈ ਮੈਂ ਪਰਚਾਰਕ, ਰਸੂਲ ਅਤੇ ਉਪਦੇਸ਼ਕ ਨਿਯੁਕਤ ਕੀਤਾ ਗਿਆ ਸੀ।
12 ਅਤੇ ਇਸੇ ਕਰਕੇ ਮੈਂ ਇਹ ਦੁੱਖ ਵੀ ਝੱਲਦਾ ਹਾਂ, ਪਰ ਮੈਂ ਸ਼ਰਮਾਉਦਾ ਨਹੀਂ, ਕਿਉਂ ਜੋ ਮੈਂ ਉਹ ਨੂੰ ਜਾਣਦਾ ਹਾਂ ਜਿਹ ਦੇ ਉੱਤੇ ਮੈਂ ਭਰੋਸਾ ਕੀਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਖਵਾਲੀ ਕਰ ਸਕਦਾ ਹੈ।
13 ਤੂੰ ਉਹਨਾਂ ਖਰੀਆਂ ਗੱਲਾਂ ਨੂੰ ਜਿਹੜੀਆਂ ਤੂੰ ਮੇਰੇ ਕੋਲੋਂ ਸੁਣੀਆਂ ਉਸ ਵਿਸ਼ਵਾਸ ਅਤੇ ਪਿਆਰ ਨਾਲ ਜੋ ਮਸੀਹ ਯਿਸੂ ਵਿੱਚ ਹੈ ਫੜੀ ਰੱਖੀਂ।
14 ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ ਉਸ ਭਲੀ ਅਮਾਨਤ ਦੀ ਰਖਵਾਲੀ ਕਰ।
15 ਤੂੰ ਇਹ ਜਾਣਦਾ ਹੈਂ ਕਿ ਸਭ ਜਿਹੜੇ ਅਸਿਯਾ ਵਿੱਚ ਹਨ ਜਿੰਨ੍ਹਾ ਵਿੱਚੋਂ ਫ਼ੁਗਿਲੁਸ ਅਤੇ ਹਰਮੁਗਨੇਸ ਮੇਰੇ ਤੋਂ ਬੇਮੁੱਖ ਹੋ ਗਏ।
16 ਪ੍ਰਭੂ ਉਨੇਸਿਫ਼ੁਰੁਸ ਦੇ ਘਰਾਣੇ ਉੱਤੇ ਦਯਾ ਕਰੇ ਕਿਉਂ ਜੋ ਉਹ ਨੇ ਬਹੁਤ ਵਾਰੀ ਮੈਨੂੰ ਤਾਜ਼ਾ ਦਮ ਕੀਤਾ ਅਤੇ ਮੇਰੇ ਸੰਗਲਾਂ ਤੋਂ ਨਾ ਸ਼ਰਮਾਇਆ।
17 ਸਗੋਂ ਜਦ ਉਹ ਰੋਮ ਨੂੰ ਆਇਆ ਤਾਂ ਉਹ ਨੇ ਮੈਨੂੰ ਵੱਡੀ ਕੋਸ਼ਿਸ਼ ਨਾਲ ਭਾਲਿਆ ਅਤੇ ਲੱਭ ਲਿਆ।
18 ਪ੍ਰਭੂ ਉਹ ਨੂੰ ਇਹ ਦਾਤ ਕਰੇ ਕਿ ਉਸ ਦਿਨ ਪ੍ਰਭੂ ਵੱਲੋਂ ਉਸ ਉੱਤੇ ਦਯਾ ਹੋਵੇ ਅਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਹੈ ਜੋ ਅਫ਼ਸੁਸ ਵਿੱਚ ਕਿਵੇਂ ਉਸ ਨੇ ਮੇਰੀ ਸੇਵਾ ਕੀਤੀ।